
ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਮੰਡੀ ਅਰਨੀਵਾਲਾ ਅਧੀਨ ਪੈਂਦੇ ਪਿੰਡ ਇਸਲਾਮਵਾਲਾ ‘ਚ ੪ ਸਾਲ ਪਹਿਲਾਂ ਵਿਆਹੀ ਇਕ ੨੭ ਸਾਲਾਂ ਵਿਆਹੁਤਾ ਦੀ ਦਾਜ ਕਾਰਨ ਭੇਦ ਭਰੀ ਹਾਲਤ ‘ਚ ਬਿਜਲੀ ਦਾ ਕਰੰਟ ਲੱਗ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਜੱਟ ਸਿੱਖ ਵਾਸੀ ਜੋਧਪੁਰ ਥਾਣਾ ਸਦਰ ਅਬੋਹਰ ਵੱਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਰਾ ਗੁਰਸੇਵਕ ਸਿੰਘ ਨੇ ਪੁਲਿਸ ਕੋਲ ਬਿਆਨ ਦਿੰਦਿਆਂ ਕਿਹਾ ਕਿ ਉਸ ਦੀ ਭੈਣ ਜਸ਼ਨਦੀਪ ਕੌਰ ਦਾ ਵਿਆਹ ਕਰੀਬ 4 ਸਾਲ ਪਹਿਲਾਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਤੋਂ ਨੇੜਲੇ ਪਿੰਡ ਇਸਲਾਮਵਾਲਾ ਦੇ ਵਸਨੀਕ ਸੰਦੀਪ ਸਿੰਘ ਪੁੱਤਰ ਬਲਤੇਜ ਸਿੰਘ ਨਾਲ ਹੋਇਆ ਸੀ ਤੇ ਉਨ੍ਹਾਂ ਦੀ ਇੱਛਾ ਮੁਤਾਬਿਕ ਅਸੀਂ ਆਪਣੀ ਹੈਸੀਅਤ ਤੋਂ ਵੱਧ 18 ਲੱਖ ਰੁਪਏ ਵਿਆਹ ਉੱਪਰ ਖ਼ਰਚ ਕੀਤੇ ਸਨ। ਲੜਕੀ ਦੇ ਭਰਾ ਅਨੁਸਾਰ ਸ਼ਾਦੀ ਤੋਂ ਕੇਵਲ 2 ਮਹੀਨੇ ਬਾਅਦ ਹੀ ਉਸ ਦੀ ਭੈਣ ਨੂੰ ਦਾਜ ਘੱਟ ਲਿਆਉਣ ਪਿੱਛੇ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਨ ਲੱਗ ਪਿਆ ਸੀ ਜਿਸ ਦੇ ਚੱਲਦਿਆਂ ਜਸ਼ਨਦੀਪ ਨੂੰ ਕਈ ਕਈ ਮਹੀਨੇ ਆਪਣੇ ਪੇਕੇ ਪਿੰਡ ਜੋਧਪੁਰ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਲੜਕੀ ਦੇ ਭਰਾ ਨੇ ਇਹ ਵੀ ਦੱਸਿਆ ਕਿ ਅਜੇ ਸਿਰਫ਼ ਇਕ ਮਹੀਨਾ ਪਹਿਲਾਂ ਹੀ ਮਾਹਣੀ ਖੇੜਾ (ਮਲੋਟ) ਦੇ ਸਰਪੰਚ ਅਮ੍ਰਿਤਪਾਲ ਸਿੰਘ ਵੱਲੋਂ ਕਰਵਾਏ ਸਮਝੌਤੇ ਬਾਅਦ ਜਸ਼ਨਦੀਪ ਫਿਰ ਪਿੰਡ ਇਸਲਾਮਵਾਲਾ ਸਹੁਰੇ ਘਰ ਆ ਗਈ। ਮ੍ਰਿਤਕਾਂ ਦੇ ਭਰਾਂ ਨੇ ਕਿਹਾ ਕਿ ਜਸ਼ਨ ਦੇ ਸਹੁਰਿਆਂ ਨੇ ਮੇਰੀ ਭੈਣ ਨੂੰ ਬਿਜਲੀ ਦਾ ਕਰੰਟ ਲੱਗਾ ਕੇ ਮਾਰਨ ਦੀ ਸਾਜ਼ਿਸ਼ ਉਸ ਵੇਲੇ ਰਚੀ ਜਦੋਂ ਮੇਰਾ ਪਿਤਾ ਸੁਖਦੇਵ ਸਿੰਘ ਪਰਿਵਾਰਕ ਮੈਂਬਰਾਂ ਨਾਲ ਦਿਲ ਦਾ ਮਰੀਜ਼ ਹੋਣ ਕਰਕੇ ਇਲਾਜ ਲਈ ਚੰਡੀਗੜ੍ਹ ਪੀ.ਜੀ.ਆਈ. ਗਿਆ ਹੋਇਆ ਸੀ। ਉੱਧਰ ਜਸ਼ਨ ਦੇ ਸਹੁਰੇ ਪਿੰਡੋਂ ਉਸ ਦੇ ਚਾਚੇ ਦੇ ਲੜਕੇ ਨੂੰ ਫ਼ੋਨ ‘ਤੇ ਸੂਚਨਾ ਦਿੱਤੀ ਗਈ ਕਿ ਜਸ਼ਨਦੀਪ ਦੀ ਬਾਥਰੂਮ ਵਿਚ ਵਾਸ਼ਿੰਗ ਮਸ਼ੀਨ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਦ ਅਸੀਂ ਮੌਕੇ ‘ਤੇ ਪੁੱਜੇ ਤਾਂ ਸਹੁਰਾ ਪਰਿਵਾਰ ਉਨਾਂ ਦੀ ਭੈਣ ਦੇ ਸੰਸਕਾਰ ਦੀ ਤਿਆਰੀ ਕਰ ਰਿਹਾ ਸੀ। ਅਸੀਂ ਘਟਨਾ ਦੀ ਸੂਚਨਾ ਪੁਲਿਸ ਥਾਣਾ ਅਰਨੀਵਾਲਾ ਨੂੰ ਦਿੱਤੀ। ਤੁਰੰਤ ਥਾਣਾ ਅਰਨੀਵਾਲਾ ਦੇ ਐੱਸ.ਐੱਚ.ਓ ਮੁਖਤਿਆਰ ਸਿੰਘ ਗਿੱਲ, ਐਡੀਸ਼ਨਲ ਐਸ.ਐੱਚ.ਓ ਸਰਬਜੀਤ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਪੁਲਿਸ ਨੇ ਆਪਣੀ ਮੁੱਢਲੀ ਜਾਂਚ ਪੜਤਾਲ ਕਰਨ ਉਪਰੰਤ ਮ੍ਰਿਤਕਾ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾਂ ‘ਤੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉੱਧਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਫ਼ਾਜ਼ਿਲਕਾ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਜਸ਼ਨਦੀਪ ਦੀ ਲਾਸ਼ ਮਾਪਿਆਂ ਨੂੰ ਅੰਤਿਮ ਸੰਸਕਾਰ ਲਈ ਸਾਪ ਦਿੱਤੀ ਜਾਵੇਗੀ। ਇਸ ਮੌਕੇ ਮ੍ਰਿਤਕਾਂ ਦੇ ਸਹੁਰੇ ਬਲਤੇਜ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਨੂੰ ਨਾਜਾਇਜ ਫਸਾਇਆ ਗਿਆ ਹੈ। ਸਹੁਰੇ ਪਰਿਵਾਰ ਦੇ 3 ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 304 ਅਤੇ 34 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media