ਭਾਰਤ-ਪਾਕ ਯੁੱਧ ਦੀ ਸੰਭਾਵਨਾ ਦੇ ਚੱਲਦੇ ਸੰਗਤਾਂ ਦੀ ਤਾਦਾਦ ਘਟੀ – ਰਵਿੰਦਰ ਸਿੰਘ ਮੋਦੀ

ਹਜ਼ੂਰ ਸਾਹਿਬ, 11 ਅਕਤੂਬਰ (ਪੰਜਾਬ ਪੋਸਟ ਬਿਊਰੋ)- ਤਖ਼ਤ ਸੱਚਖੰਡ ਸ਼੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿੱਖੇ ਦੁਸਹਿਰਾ ਹੱਲਾ ਮਹੱਲਾ ਸ਼ਰਧਾ ਨਾਲ ਮਨਾਇਆ ਗਿਆ। ਤਖ਼ਤ ਸਾਹਿਬ ਦੀ ਮਾਰਯਾਦਾ ਅਨੁਸਾਰ ਸਵੇਰੇ ਤੜਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਮੁਖਵਾਕ ਹੋਇਆ ਅਤੇ ਬਾਅਦ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਜੀ ਦਾ ਵੀ ਮੁਖਵਾਕ ਹੋਇਆ। ਇਸ ਵੇਲੇ ਦੁਸਹਿਰਾ ਮਹਲੇ ਦੀ ਅਰਦਾਸ ਵੀ ਕੀਤੀ ਗਈ ਅਤੇ ਸਰਬਤ ਦੇ ਭਲੇ ਦੇ ਕਾਮਨਾ ਕੀਤੀ ਗਈ। ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨੇ ਇਸ ਵੇਲੇ ਸੰਗਤਾਂ ਨੂੰ ਸ਼ੁਭ ਕਾਮਨਾਵਾ ਜਾਰੀ ਕੀਤੀਆਂ।ਮੀਤ ਜਥੇਦਾਰ ਸੰਤ ਬਾਬਾ ਜੋਤਇੰਦਰ ਸਿੰਘ, ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸ਼ੀਤਲ, ਧੂਪੀਆ ਭਾਈ ਰਾਮ ਸਿੰਘ ਵੀ ਮੂਜੂਦ ਸਨ।
ਦੁਸਹਿਰਾ ਸਮਾਗਮਾਂ ਦਾ ਵੇਰਵਾ ਦਿੰਦਿਆਂ ਰਵਿੰਦਰ ਸਿੰਘ ਮੋਦੀ ਨੇ ਦੱਸਿਆ ਕਿ ਸ਼ਾਮੀ 4.00 ਵਜੇ ਤਖ਼ਤ ਸਾਹਿਬ ਤੋਂ ਹੱਲਾ ਮਹੱਲਾ ਨਗਰ ਕੀਰਤਨ ਯਾਤਰਾ ਸ਼ੁਰੂ ਹੋਈ।ਯਾਤਰਾ ਵਿਚ ਨਿਸ਼ਾਨ ਸਾਹਿਬ, ਗੁਰੂ ਮਹਾਰਾਜ ਜੀ ਦੇ ਘੋੜੇ, ਕੀਰਤਨੀ ਜੱਥੇ, ਭਜਨ ਮੰਡਲ, ਨਿਹੰਗ ਸਿੰਘਾਂ ਦੇ ਦਲ ਅਤੇ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਵੀ ਸ਼ਾਮਿਲ ਹੋਏ। ਸ਼ਾਮ 5.30 ਹੱਲਾ ਪ੍ਰੋਗਰਾਮ ਕੀਤਾ ਗਿਆ। ਦੁਸਹਿਰੇ ਦੇ ਮੌਕੇ ਵੱਖ ਵੱਖ ਸਥਾਨਾਂ ‘ਤੇ ਲੰਗਰ ਲਗਾਏ ਗਏ। ਭਾਈ ਲਾਲੋ ਜੀ ਲੰਗਰ ਤੇ ਬਾਬਾ ਗੁਰਚਰਨ ਸਿੰਘ ਭੈਰੋ ਮਾਜਰਾਵਾਲੇ (ਰੋਪੜ) ਵਲੋਂ 14 ਕਿਸਮ ਦੀਆਂ ਮਿਠਾਈਆਂ ਦਾ ਲੰਗਰ ਲਾਇਆ ਗਿਆ।
ਰਵਿੰਦਰ ਮੋਦੀ ਨੇ ਕਿਹਾ ਕਿ ਇਸ ਬਾਰ ਭਾਰਤ-ਪਾਕਿ ਯੁੱਧ ਦੀ ਸੰਭਾਵਨਾ ਦੇ ਚੱਲਦੇ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ। ਜਿਥੇ ਹਰ ਸਾਲ ਦੋ ਤੋਂ ਤਿੰਨ ਲੱਖ ਦੀ ਗਿਣਤੀ ਵਿਚ ਸੰਗਤਾਂ ਦੁਸਹਿਰਾ ਮਨਾਉਣ ਵਾਸਤੇ ਪੁੱਜਦੀਆਂ ਸਨ, ਉਥੇ ਇਸ ਵਾਰ ਯਾਤਰੀਆਂ ਦੀ ਗਿਣਤੀ 1 ਲੱਖ ਦੇ ਆਸਪਾਸ ਹੀ ਸੀ ।ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵੀ ਸੰਗਤਾਂ ਦੀ ਕਮੀ ਦਾ ਕਾਰਣ ਰਹੀ।
Punjab Post Daily Online Newspaper & Print Media