Monday, February 23, 2026

ਮਜੀਠੀਆ ਵਲੋਂ ਕੱਥੂਨੰਗਲ, ਲੁੱਧੜ, ਤਲਵੰਡੀ ਦਸੌਧਾ ਸਿੰਘ ਤੇ ਚਵਿੰਡਾ ਦੇਵੀ ਵਿਖੇ ਸੇਵਾ ਕੇਂਦਰਾਂ ਦਾ ਉਦਘਾਟਨ

ppn2611201625
ਕੱਥੂਨੰਗਲ, 26 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਪੰਜਾਬ ਵਿੱਚ ‘ਆਪ’ ਦੀ ਹੋ ਚੁੱਕੀ ਪਤਲੀ ਹਾਲਤ ਕਾਰਨ ਬੌਖਲਾਹਟ ਵਿੱਚ ਹੈ। ਅਸੂਲਾਂ ਖ਼ਾਤਰ ਪਾਰਟੀ ਖੜੀ ਕਰਨ ਦੀ ਗਲ ਕਰਨ ਵਾਲਾ ਅੱਜ ਸੱਤਾ ਲਈ ਇਨ੍ਹਾਂ ਤਰਲੋਮੱਛੀ ਹੋਇਆ ਫਿਰ ਰਿਹਾ ਹੈ ਅਤੇ ਅਸੂਲਾਂ ਦੀ ਬਲੀ ਦੇ ਦੇਣ ਕਾਰਨ ਅੱਜ ਇਸ ਦੀ ਪਾਰਟੀ ਗੈਰ ਸਿਧਾਂਤਿਕ ਅਤੇ ਬੇਈਮਾਨਾਂ ਦੀ ਜੁੰਡਲੀ ਬਣ ਕੇ ਰਹਿ ਗਈ ਹੈ।
ਮਜੀਠੀਆ ਅੱਜ ਕੱਥੂਨੰਗਲ, ਲੁਧੜ, ਤਲਵੰਡੀ ਦਸੌਧਾ ਸਿੰਘ ਅਤੇ ਚਵਿੰਡਾ ਦੇਵੀ ਵਿਖੇ ਸੇਵਾ ਕੇਂਦਰਾਂ ਦਾ ਉਦਘਾਟਨ ਕਰਨ ਆਏ ਸਨ, ਨੇ ਕਿਹਾ ਕਿ ਕੇਜਰੀਵਾਲ ਦੀ ਬੌਖਲਾਹਟ ਦਾ ਨਤੀਜਾ ਹੈ ਕਿ ਪਾਰਟੀ ਸੰਵਿਧਾਨ ਅਨੁਸਾਰ ਜੋ ਕਿਸੇ ਨਾਲ ਗੱਠਜੋੜ ਨਾ ਕਰਨ ਲਈ ਪਾਬੰਦ ਹੈ ਉਹ ਅੱਜ ਅਸੂਲਾਂ ਨੂੰ ਛਿੱਕੇ ਟੰਕ ਕੇ ਦੂਜਿਆਂ ਨਾਲ ਅਲਾਇੰਸ ਕਰ ਰਿਹਾ ਹੈ।ਫੌਜੀ ਪਰਿਵਾਰਾਂ ਦਾ ਸਨਮਾਨ ਸਤਿਕਾਰ ਕਰਨ ਦਾ ਢੰਡੋਰਾ ਭਿੱਟਣ ਵਾਲਾ ਅੱਜ ਫੌਜੀਆਂ ‘ਤੇ ਅਟੈਕ ਕਰਨ ਵਾਲਿਆਂ ਨਾਲ ਹੱਥ ਮਿਲਾ ਰਿਹਾ ਹੈ।ਮਜੀਠੀਆ ਨੇ ਕੇਜਰੀਵਾਲ ‘ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਜੋ ਪੈਸੇ ਲੈ ਕੇ ਟਿਕਟਾਂ ਵੇਚ ਰਿਹਾ ਹੋਵੇ ਉਸ ਤੋਂ ਲੋਕਾਂ ਦੀ ਭਲਾਈ ਲਈ ਕੀ ਆਸ ਰੱਖੀ ਜਾ ਸਕਦੀ ਹੈ। ਕੇਜਰੀਵਾਲ ਵੱਲੋਂ ਜਾਰੀ ਦਲਿਤ ਮੈਨੀਫੈਸਟੋ ਨੂੰ ਇੱਕ ਛਲਾਵਾ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗਲ ਕਰਨ ਵਾਲੇ ਨੇ ਅੱਜ ਤਕ ਦਿੱਲੀ ਕੈਬਨਿਟ ਵਿੱਚ ਕਿਸੇ ਸਿੱਖ ਨੂੰ ਮੰਤਰੀ ਨਹੀਂ ਲਿਆ।
ਸਿੱਧੂ ਦੰਪਤੀ ਬਾਰੇ ਪੁੱਛੇ ਜਾਣ ‘ਤੇ ਮਜੀਠੀਆ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਤਾ ਨਹੀਂ ਕੀ ਮਜਬੂਰੀ ਆਣ ਪਈ ਕਿ ਸਿੱਧੂ ਜਿਸ ਨੇ ਕਿ ਕਾਂਗਰਸ ਨੂੰ ਪੁਰਾਣੀ ਰੁੱਤ ਦੀ ਸੰਗਿਆ ਦਿੱਤੀ, ਅੱਜ ਉਹੀ ਗਾਂਧੀ ਪਰਿਵਾਰ ਦਾ ਦਰਬਾਨ ਬਣਨ ਲਈ ਉਤਾਵਲਾ ਹੋ ਰਿਹਾ ਹੈ ਅਤੇ ਕਾਂਗਰਸ ਨਾਲ ਹੀ ਜਾ ਰਲਿਆ।ਉਹਨਾਂ ਕਿਹਾ ਕਿ ਅੱਜ ਸਿੱਧੂ ਦੀ ਸੌਦੇਬਾਜ਼ੀ ਸਿਰੇ ਚੜ ਗਈ ਤਾਂ ਪੱਪੂ ਅੱਜ ਰਾਜਾ ਹੋ ਗਿਆ, ਕਲ ਕਿਸੇ ਹੋਰ ਨਾਲ ਸੌਦਾ ਸਿਰੇ ਚੜ ਗਿਆ ਤਾਂ ਉਹ ਪੱਪੂ ਵੀ ਉਸ ਨੂੰ ਰਾਜਾ ਹੀ ਨਜ਼ਰ ਆਵੇਗਾ।
ਇਸ ਤੋਂ ਪਹਿਲਾਂ ਉਹਨਾਂ ਸੇਵਾ ਕੇਂਦਰਾਂ ਦਾ ਉਦਘਾਟਨ ਕਰਨ ਮੌਕੇ ਭਾਰੀ ਗਿਣਤੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਸਹੂਲਤਾਂ ਨੂੰ ਲੋਕਾਂ ਦੀਆਂ ਬਰੂੰਹਾਂ ਤਕ ਪਹੁੰਚਾਉਣ ਲਈ ਸੇਵਾ ਕੇਂਦਰਾਂ ਦੀ ਯੋਜਨਾ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਹਰ ਪੰਜ ਕਿੱਲੋ ਮੀਟਰ ਘੇਰੇ ਵਿੱਚ ਇੱਕ ਸੇਵਾ ਕੇਂਦਰ ਅਤੇ ਪੂਰੇ ਸੂਬੇ ਅੰਦਰ 2147 ਸੇਵਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਜਿਸ ‘ਤੇ 2000 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਰਾਹੀਂ 243 ਸੇਵਾਵਾਂ ਜੋ ਕਿ ਪਹਿਲਾਂ ਸਿਰਫ਼ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਹੀ ਮਿਲ ਦੀਆਂ ਸਨ ਹੁਣ ਇਹਨਾਂ ਕੇਂਦਰਾਂ ਵਿੱਚ ਇੱਕ ਛੱਤ ਹੇਠਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਐਸ ਡੀ ਐਮ ਦਮਨਜੀਤ ਸਿੰਘ, ਡਾ: ਤਰਸੇਮ ਸਿਆਲਕਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ,ਲਛਮਨ ਗਿੱਲ, ਸਰਪੰਚ ਸੁਖਜੀਤ ਸਿੰਘ ਲੁਧੜ, ਗੁਰਮੀਤ ਸਿੰਘ ਰਿੰਕੂ, ਦਿਲਬਾਗ ਸਿੰਘ, ਡਾ: ਦੀਦਾਰ ਸਿੰਘ, ਹਰਜਿੰਦਰ ਸਿੰਘ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply