
ਕੱਥੂਨੰਗਲ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਗੱਠਜੋੜ ਦੀ ਪੰਜਾਬ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਲਿਆ ਕੇ ਰਾਜ ਵਿੱਚ ਭਾਈਚਾਰਕ ਸਾਂਝ ਦੀ ਮਜ਼ਬੂਤੀ, ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਕਰਾਏ ਜਾ ਰਹੇ ਸਰਵ ਪੱਖੀ ਵਿਕਾਸ ਨੂੰ ਨਿਰੰਤਰ ਜਾਰੀ ਰਖਣਾ ਚਾਹੁੰਦੇ ਹਨ। ਮਜੀਠੀਆ ਅੱਜ ਪਿੰਡ ਵਰਿਆਮ ਨੰਗਲ, ਤਲਵੰਡੀ ਖੁੰਮਨ ਵਿਖੇ ਸੇਵਾ ਕੇਂਦਰਾਂ ਦਾ ਉਦਘਾਟਨ ਕਰਨ ਅਤੇ ਦੋ ਕਰੋੜ ਦੀ ਲਾਗਤ ਨਾਲ ਥਰੀਏਵਾਲ ਤੋਂ ਜੈਂਤੀਪੁਰ ਵਾਇਆ ਭੰਗਾਲੀ 18 ਫੁੱਟ ਚੌੜੀ 7 ਕਿੱਲੋਮੀਟਰ ਦੀ ਨਵੀਂ ਸੜਕ ਲਈ ਪਿੰਡ ਚਾਚੋਵਾਲੀ ਵਿਖੇ ਨੀਂਹ ਪੱਥਰ ਰੱਖਣ ਆਏ ਸਨ। ਉਹਨਾਂ ਕਿਹਾ ਕਿ ਵਿਕਾਸ ਅਤੇ ਸਹੂਲਤਾਂ ਦੇਣ ਪੱਖੋਂ ਪੰਜਾਬ ਦਾ ਕੋਈ ਸਾਨੀ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੀਤੀ ਗਈ ਤਾਰੀਫ਼ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਜਦ ਤੁਹਾਡਾ ਕੱਟੜ ਵਿਰੋਧੀ ਤੁਹਾਡੇ ਕੰਮਾਂ ਦੀ ਤਾਰੀਫ਼ ਕਰਨ ਲਗ ਪਵੇ ਤਾਂ ਸਮਝੋ ਤੁਹਾਡੇ ਕੰਮਾਂ ਦਾ ਮੁੱਲ ਪੈ ਗਿਆ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੇ ਜੋ ਮਹਿਸੂਸ ਕੀਤਾ ਉਸ ਨੂੰ ਕੈਪਟਨ ਨੇ ਪੂਰੀ ਇਮਾਨਦਾਰੀ ਨਾਲ ਸ਼ਬਦੀ ਜਾਮਾ ਪਹਿਨਾਇਆ ਹੈ।ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਨੇ ਜੋ ਕਿਹਾ ਸੋ ਕਰ ਕੇ ਵਿਖਾਇਆ।ਉਹਨਾਂ ਕਿਹਾ ਕਿ ਕਦੀ ਉਹ ਵੀ ਦਿਨ ਸੀ ਜਦ ਵਿਰੋਧੀਆਂ ਨੂੰ ਬਾਦਲ ਵੱਲੋਂ ਕਹੀਆਂ ਜਾਂਦੀਆਂ ਗੱਲਾਂ ਅਸੰਭਵ ਲਗ ਦੀਆਂ ਸਨ। ਬਿਜਲੀ, ਸੜਕੀ ਆਵਾਜਾਈ ‘ਚ ਸੁਧਾਰ ਲਿਆਉਣਾ ਅਤੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਲੋੜੀਂਦੇ ਵਿਕਾਸ ਸਰਕਾਰ ਲਈ ਇੱਕ ਵੱਡੀ ਚੁਣੌਤੀ ਸੀ ਜਿਸ ਨੂੰ ਸੁਖਬੀਰ ਬਾਦਲ ਨੇ ਦੂਰ ਦ੍ਰਿਸ਼ਟੀ ਅਤੇ ਸਖ਼ਤ ਮਿਹਨਤ ਸਦਕਾ ਸਿਰੇ ਲਾਇਆ। ਉਹਨਾਂ ਦੱਸਿਆ ਕਿ 33 ਹਜ਼ਾਰ ਕਰੋੜ ਦੀ ਲਾਗਤ ਨਾਲ ਥਰਮਲ ਪਲਾਂਟਾਂ ਲਗਾ ਕੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਗਿਆ। ਸੁਖਬੀਰ ਸਿੰਘ ਬਾਦਲ ਨੇ ਸੀਮਤ ਸਾਧਨਾਂ ਦੇ ਬਾਵਜੂਦ ਦ੍ਰਿੜ੍ਹ ਨਿਸ਼ਚੇ ਨਾਲ ਐਸੀ ਬੀਸੀ ਭਾਈਚਾਰੇ ਨੂੰ 200 ਯੂਨਿਟ ਬਿਜਲੀ ਫਰੀ ਦੇ ਕੇ ਅਤੇ ਕਿਸਾਨਾਂ ਨੂੰ ਫਰੀ ਬਿਜਲੀ ਦੇ ਕੇ ਉਹਨਾਂ ਨੂੰ ਪਿਛਲੇ 9 ਸਾਲਾਂ ਦੌਰਾਨ 39੯ ਹਜ਼ਾਰ ਕਰੋੜ ਦਾ ਲਾਭ ਦਿੱਤਾ। ਇਸੇ ਤਰਾਂ ਆਟਾ ਦਾਲ ਸਕੀਮ ‘ਤੇ 1 ਕਰੋੜ 42 ਲਖ ਲੋਕਾਂ ‘ਤੇ 4 ਹਜ਼ਾਰ ਕਰੋੜ, ਸਿਹਤ ਬੀਮਾ ਯੋਜਨਾ ਲਾਗੂ ਕਰ ਕੇ ਕਰੀਬ 40 ਲਖ ਲਾਭ ਪਾਤਰੀਆਂ ਨੂੰ 200 ਕਰੋੜ ਨਾਲ ਨਾ ਕੇਵਲ ਉਕਤ ਲੋੜਾਂ ਪੂਰੀਆਂ ਕੀਤੀਆਂ ਸਗੋਂ ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਵਿੱਚ ਜੰਗੀ ਪੱਧਰ ‘ਤੇ ਸੁਧਾਰ ਲਿਆਉਂਦਿਆਂ ਸੜਕਾਂ ਦਾ ਜਾਲ ਵਿਛਾਉਣ ਲਈ 40੦ ਹਜ਼ਾਰ ਕਰੋੜ ਰੁਪੈ ਖਰਚੇ ਗਏ। ਪੰਜਾਬ ਦੇ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਲਈ ਕਈ ਯਾਦਗਾਰਾਂ ਉੱਸਾਰੀਆਂ ਗਈਆਂ। 300 ਕਰੋੜ ਨਾਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਅਤੇ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਨੂੰ ਵਿਰਾਸਤੀ ਦਿਖ ਪ੍ਰਦਾਨ ਕਰਾ ਕੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ।ਉਹਨਾਂ ਕਿਹਾ ਕਿ ਲੋਕ ਪੰਜਾਬ ਵਿੱਚ ਤੀਜੀ ਵਾਰ ਗੱਠਜੋੜ ਸਰਕਾਰ ਲਿਆ ਕੇ ਇਸ ਵਿਕਾਸ ਨੂੰ ਨਿਰੰਤਰ ਜਾਰੀ ਰਖਣਾ ਚਾਹੁੰਦੇ ਹਨ।ਉਹਨਾਂ ਕੇਜਰੀਵਾਲ ‘ਤੇ ਪਾਰਟੀ ਸੰਵਿਧਾਨ ਦੇ ਉਲਟ ਕੰਮ ਕਰਨ ਦਾ ਦੋਸ਼ ਵੀ ਲਾਇਆ ਤੇ ਕਿਹਾ ਕਿ ਕੇਜਰੀਵਾਲ ਨੇ ਸਤਾ ਹਥਿਆਉਣ ਲਈ ਸ਼ੁਰੂ ਤੋਂ ਹੀ ਪਾਰਟੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਦਰਜਨਾਂ ਵਿਧਾਇਕ, ਮੰਤਰੀ ਅਤੇ ਆਗੂ ਜੇਲ੍ਹ ਦੀਆਂ ਹਵਾਵਾਂ ਫੱਕ ਰਹੇ ਹਨ।ਉਹਨਾਂ ਕਿਹਾ ਕਿ ਕੇਜਰੀਵਾਲ ਦੇ ਉਮੀਦਵਾਰ ਜ਼ਮਾਨਤਾਂ ਵੀ ਨਹੀਂ ਬਚਾ ਸਕਣਗੇ।ਉਨਾਂ ਪਿੰਡ ਵਰਿਆਮ ਨੰਗਲ ਦੇ ਵਿਕਾਸ ਲਈ ਪੰਚਾਇਤ ਨੂੰ 35ਲੱਖ ਦੀ ਗਰਾਂਟ, ਤਲਵੰਡੀ ਖੁੰਮਣ ਨੂੰ ੫ ਲੱਖ ਦੀ ਗਰਾਂਟ ਦਿੱਤੀ ਗਈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਚੇਅਰਮੈਨ ਰਣਜੀਤ ਸਿੰਘ ਵਰਿਆਮ ਨੰਗਲ, ਐਸਡੀਐਮ ਦਮਨ ਜੀਤ ਮਾਨ, ਐਸ.ਸੀ ਪਰਮਿੰਦਰ ਟਿਵਾਣਾ, ਪ੍ਰੇਮ ਸਿੰਘ ਝੰਡੇ, ਸਰਪੰਚ ਜਤਿੰਦਰ ਪਾਲ ਸਿੰਘ ਰੰਗੀਲਪੁਰਾ, ਸਰਪੰਚ ਲਖਬੀਰ ਸਿੰਘ, ਸਰਪੰਚ ਬਿਨੀ ਰੰਧਾਵਾ, ਮਾਸਟਰ ਸਤਨਾਮ ਸਿੰਘ, ਸਰਪੰਚ ਮਨਦੀਪ ਸਿੰਘ ਸ਼ਹਿਜ਼ਾਦਾ, ਡਾ: ਅਰੂੜ ਸਿੰਘ, ਸੁਖ ਗਿੱਲ ਵਰਿਆਮ ਨੰਗਲ, ਪ੍ਰਭਪਾਲ ਸਿੰਘ ਝੰਡੇ, ਐਸ ਐਚ ਓ ਦਵਿੰਦਰ ਬਾਜਵਾ, ਕੁਲਵੰਤ ਕੌਰ ਸਰਪੰਚ ਝੰਡੇ, ਸਰਪੰਚ ਕੋਮਲ ਸਰੂਪ ਸਿੰਘ ਚਾਚੋਵਾਲੀ, ਪ੍ਰਭ ਸ਼ਰਨ ਸਿੰਘ , ਤਰਸੇਮ ਗਿੱਲ, ਸ਼ਮੀਰ ਸਿੰਘ ਸਾਬਕਾ ਸਰਪੰਚ ਤਲਵੰਡੀ, ਸਰਪੰਚ ਹਰਅਮ੍ਰਿਤਪਾਲ ਸਿੰਘ ਤਲਵੰਡੀ, ਬਾਬਾ ਚਰਨ ਸਿੰਘ, ਬਾਬਾ ਗੁਰਦੀਪ ਸਿੰਘ ਖਜਾਲਾ, ਕੁਲਵਿੰਦਰ ਧਾਰੀਵਾਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media