ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਬਾਬਰੀ ਮਸਜਿਦ ਨੂੰ ਸ਼ਹੀਦ ਕੀਤਿਆਂ ਅੱਜ 24 ਸਾਲ ਬੀਤ ਜਾਣ ਤੇ ਵੀ ਦੇਸ਼ ‘ਚ ਬਣੀਆਂ ਵੱਖ-ਵੱਖ ਸਰਕਾਰਾਂ ਵੱਲੋਂ ਵੀ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ ਜਿਸ ਦੇ ਚੱਲਦਿਆਂ ਅੱਜ ਦੇਸ਼ ਭਰ ਦੇ ਮੁਸਲਮਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਦੀ 24ਵੀਂ ਬਰਸੀ ਮੋਕੇ ਅੱਜ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ, ਇੰਡੀਅਨ ਯੂਨੀਅਨ ਮੁਸਲਿਮ ਲੀਗ਼ ਦੇ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ, ਮੁਸਲਿਮ ਨੋਜਵਾਨ ਸਭਾ, ਪੰਜਾਬ ਦੇ ਆਗੂ ਮੁਹੰਮਦ ਅਰਸ਼ਦ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਸ਼੍ਰੀ ਸ਼ਮਸ਼ਾਦ ਅਲੀ ਦੀ ਅਗਵਾਈ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਤਹਿਸੀਲਦਾਰ ਸ਼੍ਰੀ ਬਾਦਲਦੀਨ ਤੇ ਸੁਪਰਡੈਂਟ ਜਸਵੀਰ ਸਿੰਘ ਬਨਭੋਰਾ ਨੂੰ ਮੰਗ ਪੱਤਰ ਦੇਣ ਉਪਰੰਤ ਉਕਤ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਗ ਪੱਤਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਯਾਦ ਕਰਵਾਇਆ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਦੇ ਹਰ ਵਰਗ ਦੇ ਧਾਰਮਿਕ ਹਿੱਤਾਂ ਦੀ ਪਾਲਣਾ ਕਰਨਾ ਭਾਵੇਂ ਹਰ ਸਰਕਾਰ ਦਾ ਮੁੱਖ ਮੰਤਵ ਹੁੰਦਾ ਹੈ, ਪਰ 24 ਸਾਲ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਬਾਬਰੀ ਮਸਜਿਦ ਦੀ ਰੱਖਿਆ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਨਹੀਂ ਕੀਤੀ ਗਈ ਸੀ।ਜਿਸ ਕਾਰਣ 6 ਦਸੰਬਰ 1992 ਨੂੰ ਦੇਸ਼ ਦੀਆਂ ਕੁੱਝ ਕੱਟੜਪੰਥੀ ਤਾਕਤਾਂ ਨੇ ਮੁਸਲਮਾਨਾਂ ਦੇ ਹਿਰਦਿਆਂ ਨੂੰ ਵਲੂੰਧਰਦੇ ਹੋਏ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਆਪਸੀ ਸਾਂਝ-ਗਾਂਠ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸ਼ਹਿਰ ਵਿਚ ਸਦੀਆਂ ਤੋਂ ਬਣੀ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਸੀ।ਉਨਾਂ ਕਿਹਾ ਕਿ ਅੱਜ ਤੱਕ ਨਾ ਤਾਂ ਬਾਬਰੀ ਮਸਜਿਦ ਸ਼ਹੀਦ ਕਰਨ ਵਾਲਿਆਂ ਖਿਲ਼ਾਫ ਕੋਈ ਢੁਕਵੀਂ ਕਾਰਵਾਈ ਹੋਈ ਹੈ ਅਤੇ ਨਾ ਹੀ ਅਜੇ ਤੱਕ ਬਾਬਰੀ ਮਸਜਿਦ ਦੀ ਮੁੜ ਉਸਾਰੀ ਕਰਾਉਣ ਦਾ ਰਸਤਾ ਸਾਫ ਹੋਇਆ ਹੈ।ਮੰਗ ਪੱਤਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਹੈ ਕਿ ਉਹ ਆਪਣਾ ਨਿੱਜੀ ਦਖਲ ਦੇ ਕੇ ਦੇਸ਼ ਦੇ ਸ਼ਾਂਤੀ ਪਸੰਦ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਮਾਨਯੋਗ ਸੁਪਰੀਮ ਕੋਰਟ ਨੂੰ ਆਦੇਸ਼ ਜਾਰੀ ਕਰਕੇ ਸਮੁੱਚੀਆਂ ਦੇਸ਼ ਦੀਆਂ ਘੱਟ-ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਉਨਾਂ ਦਾ ਬਣਦਾ ਹੱਕ ਭਾਵ ਬਾਬਰੀ ਮਸਜਿਦ ਉਸੇ ਥਾਂ ਤੇ ਬਣਵਾ ਕੇ ਉਨਾਂ ਦੇ ਦਿਲਾਂ ਤੇ ਮਰਹਮ ਲਗਾਉਣ ਦਾ ਕੰਮ ਕਰਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media