ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਪ੍ਰੋਗਰਾਮ ਵਿਚ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 48 ਅਧਿਆਪਕ ਭਾਗ ਲੈ ਰਹੇ ਹਨ।
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਸਾਬਕਾ ਵਾਈਸ-ਚਾਂਸਲਰ, ਪ੍ਰੋ. ਐਸ.ਐਸ. ਗਿੱਲ ਇਸ ਮੌਕੇ ਮੁੱਖ ਮਹਿਮਾਨ ਸਨ। ਕੇਂਦਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਕੇਂਦਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪ੍ਰੋ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਗਿੱਲ ਨੇ ਆਪਣੇ ਭਾਸ਼ਣ ਵਿਚ ਸਮਾਜ ਦੇ ਵਿਕਾਸ ਵਿਚ ਸਿਖਿਆ ਦਾ ਮਹੱਤਵ ਵਿਸ਼ੇ ‘ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿਖਿਆ ਦੇ ਵਿਕਾਸ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ, ਵਿਸ਼ੇਸ਼ ਕਰਕੇ ਪ੍ਰਾਇਮਰੀ ਸਿਖਿਆ ਵਿਚ ਲੋੜੀਂਦੇ ਬਦਲਾਅ ਲਿਆੳੇੁਣੇ ਚਾਹੀਦੇ ਹਨ। ਦੇਸ਼ ਦਾ ਉਚ ਸਿਖਿਅਤ ਰਾਜ ਕੇਰਲਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਸਾਨੂੰ ਕੇਰਲਾ ਰਾਜ ਦੀ ਸਿਖਿਆ ਨੀਤੀ ਤੋਂ ਸੇਧ ਲੈਣੀ ਚਾਹੀਦੀ ਹੈ।
ਅਧਿਆਪਕ ਭਾਈਚਾਰੇ ਨੂੰ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਸਾਡੇ ਸਮਾਜ ਦਾ ਗਿਆਨਵਾਨ ਵਰਗ ਹੈ ਉਨ੍ਹਾਂ ਨੂੰ ਕੇਵਲ ਕਲਾਸਰੂਮ ਤਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਸਾਡੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਦੇ ਠੋਸ ਹੱਲ ਲਈ ‘ਸਮਾਜਿਕ ਨੇਤਾ’ ਵਜੋਂ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਲੋੜਾਂ ਨੂੰ ਮੱਦੇਨਜ਼ਰ ਰਖਦੇ ਹੋਏ ਸਾਨੂੰ ਸਿਲੇਬਸ ਵਿਚ ਲੋੜੀਂਦੇ ਬਦਲਾਅ ਲਿਆਉਣੇ ਚਾਹੀਦੇ ਹਨ ਤਾਂ ਜੋ ਸਿਖਿਆ ਦਾ ਸਹੀ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸਿਖਿਆ ਦੇਣ ਦਾ ਭਾਵ ਕੇਵਲ ਰੁਜ਼ਗਾਰ ਪੈਦਾ ਕਰਨਾ ਜਾਂ ਗਰੈਜੂਏਟ ਬਣਾਉਣਾ ਹੀ ਨਹੀਂ ਸਗੋਂ ਗਿਆਨਵਾਨ ਮਨੁੱਖ ਪੈਦਾ ਕਰਨਾ ਹੈ।
Check Also
ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media