
ਚੰਡੀਗੜ੍ਹ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਡਾਕ ਸਰਕਲ ਨੇ ਅੱਜ ਸਪੀਡ ਪੋਸਟ ਅਤੇ ਐਕਸਪ੍ਰੈੱਸ ਪਾਰਸਲ ਵਰਗੀਆਂ ਤਰਜੀਹੀ ਡਾਕ ਸੇਵਾਵਾਂ ਚੰਡੀਗੜ੍ਹ ਅਤੇ ਮੁੰਬਈ, ਬੰਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਦਰਮਿਆਨ ਹਵਾਈ ਰਸਤਿਉਂ ਚਲਾਉਣ ਵਰਗਾ ਇਤਿਹਾਸਕ ਕਦਮ ਚੁੱਕਿਆ ਹੈ| ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੋਸਟ ਮਾਸਟਰ ਜਨਰਲ ਸ਼੍ਰੀ ਪੀ. ਕੇ ਸਵਾਈਂ ਨੇ ਅੱਜ ਇਨ੍ਹਾਂ ਸਾਰੇ ਸ਼ਹਿਰਾਂ ਲਈ ਹਵਾਈ ਡਾਕ ਦਾ ਸੰਪਰਕ ਜਾਰੀ ਕੀਤਾ ਤਾਂ ਕਿ ਪੰਜਾਬ ਸਰਕਲ ਦੇ ਸਾਰੇ ਮੁੱਖ ਸ਼ਹਿਰਾਂ `ਚੋਂ ਬੁੱਕ ਹੋਈਆਂ ਇਹ ਸੇਵਾਵਾਂ ਪੂਰੀ ਤੇਜ਼ ਰਫ਼ਤਾਰੀ ਅਤੇ ਭਰੋਸੇਯੋਗਤਾ ਨਾਲ ਮੁਹੱਈਆ ਕਰਵਾਈਆਂ ਜਾ ਸਕਣ|
ਸ਼੍ਰੀ ਸਵਾਈਂ ਨੇ ਕਿਹਾ ਕਿ ਚੰਡੀਗੜੁ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਬੀਤੀ ਸ਼ਾਮ ਬੁੱਕ ਹੋਈਆਂ ਸੇਵਾਵਾਂ ਜੋ ਵਿਭਾਗੀ ਮੇਲ ਮੋਟਰ ਸਰਵਿਸ ਰਾਹੀਂ ਚੰਡੀਗੜੁ ਕੇਂਦਰ ਵਿੱਚ ਭੇਜੀਆਂ ਜਾਂਦੀਆਂ ਹਨ ਉਹ ਸਵੇਰੇ ਹੀ ਉੱਤਰ ਪੂਰਬ ਸਮੇਤ ਦੁਰੇਡੀਆਂ ਥਾਵਾਂ `ਤੇ ਪੁਚਾਉਣ ਲਈ ਏਅਰਲਾਈਨਾਂ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਹਨ|ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਉਪਰੋਕਤ ਸ਼ਹਿਰਾਂ ਵਿੱਚ ਵਪਾਰ ਅਤੇ ਸਨਅਤੀ ਸਰਗਰਮੀਆਂ ਨੂੰ ਹੁਲਾਰਾ ਮਿਲੇਗਾ ਅਤੇ ਇਸ ਖਿੱਤੇ ਦੇ ਆਰਥਕ ਵਿਕਾਸ ਵਿੱਚ ਮਦਦ ਮਿਲੇਗੀ| ਤਿਆਰਸ਼ੁਦਾ ਕੱਪੜਿਆਂ, ਖੇਡਾਂ ਦੇ ਸਮਾਨ ਅਤੇ ਹੋਰ ਵਸਤਾਂ ਦਾ ਵਪਾਰ ਕਰਨ ਲਈ ਪੰਜਾਬ ਦਾ ਉੱਤਰ ਪੂਰਬੀ ਸੂਬਿਆਂ ਨਾਲ ਵਡੇਰੇ ਪੱਧਰ `ਤੇ ਬਿਜ਼ਨਸ ਲਿੰਕੇਜ਼ ਹੈ ਜਿਹੜਾ ਗੁਵਾਹਾਟੀ, ਸਿਲਚਰ, ਅਗਰਤਲਾ, ਈਟਾਨਗਰ, ਸ਼ਿਲਾਂਗ, ਦੀਮਾਪੁਰ ਵਗੈਰਾ ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਡਾਕ ਸੇਵਾਵਾਂ ਜਾਰੀ ਹੋਣ ਨਾਲ ਹੋਰ ਵਧੇ ਫੁੱਲੇਗਾ|
ਇਸ ਮੌਕੇ ਤੇ ਪੀ. ਐੱਚ.ਡੀ ਹਾਊਸ ਚੰਡੀਗੜੁ ਦੇ ਵਣਜ ਅਤੇ ਸਨਅਤੀ ਚੈੱਬਰ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਵੀ ਮੌਜੂਦ ਸਨ|ਚੰਡੀਗੜ੍ਹ ਮੁੱਖ ਡਾਕ ਘਰ ਵਿਖੇ ਡਾਕ ਦੀ ਪਹਿਲੀ ਖੇਪ ਸਪਾਈਸਜੈੱਟ ਦੇ ਨੁਮਾਇੰਦਿਆਂ ਦੇ ਹਵਾਲੇ ਕਰਦਿਆਂ ਸ਼੍ਰੀ ਸਵਾਈਂ ਨੇ ਕਿਹਾ ਕਿ ਇਸ ਕੰਮ ਲਈ ਵੱਖੋ ਵੱਖ ਏਅਰਲਾਈਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ|ਪੋਸਟ ਮਾਸਟਰ ਜਨਰਲ ਸ਼੍ਰੀ ਪ੍ਰਦੀਪ ਮਾਈਕਲ ਲਾਲ, ਡਾਇਰੈਕਟਰ ਡਾਕ ਸੇਵਾਵਾਂ ਮੀਨਾਕਸ਼ੀ ਯਾਦਵ ਅਤੇ ਸੀਨੀਅਰ ਸੁਪਰਡੈਂਟ ਡਾਕ ਸੇਵਾਵਾਂ ਚੰਡੀਗੜੁ ਸੁਸ਼੍ਰੀ ਰਾਧਿਕਾ ਧੀਰ ਵੀ ਇਸ ਮੌਕੇ `ਤੇ ਹਾਜ਼ਰ ਸਨ|
Punjab Post Daily Online Newspaper & Print Media