
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ)-ਸਾਬਕਾ ਟਰਾਂਸਪੋਰਟ ਮੰਤਰੀ ਸ. ਰਘਬੀਰ ਸਿੰਘ ਕਪੂਰਥਲਾ, ਜੋ ਕਿ ਕੁੱਝ ਅਰਸਾ ਪਹਿਲਾਂ ਪੰਜਾਬ ਪੀਪਲਜ਼ ਪਾਰਟੀ ਵਿੱਚ ਚਲੇ ਗਏ ਸਨ, ਅੱਜ ਮੁੜ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਸ. ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਵਿਖੇ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਸਿਰੋਪਾਉ ਦਿੰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ।
ਸ. ਬਾਦਲ ਨੇ ਕਿਹਾ ਕਿ ਸ. ਰਘਬੀਰ ਸਿੰਘ ਦੇ ਅਕਾਲੀ ਦਲ ਵਿੱਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਦੁਆਬਾ ਖੇਤਰ ਵਿੱਚ ਵੱਡੀ ਤਾਕਤ ਮਿਲੀ ਹੈ, ਜਿਸ ਦਾ ਅਸਰ ਆਉਣ ਵਾਲੀਆਂ ਚੋਣਾਂ ਵਿੱਚ ਸਪਸ਼ਟ ਵੇਖਣ ਨੂੰ ਮਿਲੇਗਾ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਵਾਰ ਵਿਧਾਇਕ ਬਣੇ ਰਘਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ. ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵਿੱਚ ਵੱਡੇ ਧਮਾਕੇ ਹੋਣਗੇ ਅਤੇ ਕਈ ਦਿੱਗਜ਼ ਕਾਂਗਰਸੀ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਪਈ ਫੁੱਟ ਸਦਕਾ ਹੀ ਉਨ੍ਹਾਂ ਵੱਲੋਂ ਅਜੇ ਤੱਕ ਟਿਕਟਾਂ ਦਾ ਐਲਾਨ ਨਹੀਂ ਕੀਤਾ ਜਾ ਸਕਿਆ।
ਕੇਜਰੀਵਾਲ ਵੱਲੋਂ ਪੰਜਾਬ ਦੇ ਪਾਣੀ ਬਾਰੇ ਦਿੱਤੇ ਗਏ ਬਿਆਨ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਕੇਜਰੀਵਾਲ ਵਰਗਾ ਮਕਾਰ, ਧੋਖੇਬਾਜ਼, ਦੋਗਲਾ ਬੰਦਾ ਅਤੇ ਮੁੱਕਰਨ ਵਾਲਾ ਕਿਰਦਾਰ ਸ਼ਾਇਦ ਹੀ ਦੁਨੀਆ ਵਿੱਚ ਕੋਈ ਹੋਰ ਹੋਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿਹੜਾ ਇੱਕ ਦਿਨ ਪਹਿਲਾਂ ਐੱਸ ਵਾਈ ਐੱਲ ਮੁੱਦੇ ‘ਤੇ ਪੰਜਾਬ ਦੇ ਹੱਕ ਵਿੱਚ ਵੱਡੇ-ਵੱਡੇ ਬਿਆਨ ਦਾਗ ਰਿਹਾ ਸੀ, ਨੇ ਕੱਲ੍ਹ ਮਜੀਠਾ ਰੈਲੀ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦੇ ਪੰਜਾਬ ਦੇ ਪਾਣੀ ‘ਤੇ ਹਰਿਆਣਾ ਦੇ ਨਾਲ-ਨਾਲ ਦਿੱਲੀ ਦਾ ਵੀ ਹੱਕ ਜਿਤਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਸਾਰੇ ਅਪਰਾਧੀ, ਕਿਰਦਾਰ ਹੀਣ ਅਤੇ ਭ੍ਰਿਸ਼ਟ ਲੋਕਾਂ ਨੂੰ ਆਪ ਵੱਲੋਂ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ 40 ਤੋਂ ਵੱਧ ਉਮੀਦਵਾਰ ਅਪਰਾਧੀ ਕਿਸਮ ਦੇ ਹਨ।
ਇਸ ਮੌਕੇ ਸੰਬੋਧਨ ਕਰਦੇ ਸ. ਰਘਬੀਰ ਸਿੰਘ ਨੇ ਕਿਹਾ ਕਿ ਮੈਨੂੰ ਅਕਾਲੀ ਦਲ ਨੇ 1980 ਵਿੱਚ ਵਿਧਾਇਕ ਬਣਾਇਆ ਅਤੇ ਮੁੜ 1997 ਵਿੱਚ ਟਰਾਂਸਪੋਰਟ ਮੰਤਰੀ ਬਣਾਇਆ, ਪਰ ਮੈਂ ਕੁੱਝ ਕਾਰਨਾਂ ਕਰਕੇ ਮਨਪ੍ਰੀਤ ਬਾਦਲ ਨਾਲ ਚਲਾ ਗਿਆ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕਰਵਾਏ ਵਿਕਾਸ ਅਤੇ ਭਾਈਚਾਰਕ ਸਾਂਝ ਵਰਗੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਮੁੜ ਪ ਪਰਤਣ ਦਾ ਮਨ ਬਣਾਇਆ। ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ, ਸ. ਵੀਰ ਸਿੰਘ ਲੋਪੋਕੇ, ਭਾਜਪਾ ਆਗੂ ਜਗਦੀਸ਼ ਰਾਜ ਸਾਹਨੀ, ਕਪੂਰਥਲਾ ਤੋਂ ਪਾਰਟੀ ਦੇ ਉਮੀਦਵਾਰ ਪਰਮਜੀਤ ਸਿੰਘ ਐਡਵੋਕੇਟ, ਪ੍ਰੋ. ਸਰਚਾਂਦ ਸਿੰਘ, ਮੇਜਰ ਸ਼ਿਵੀ ਸ: ਸੁਰਜੀਤ ਸਿੰਘ ਜਾਤੀਕੇ, ਸੁਖਦੇਵ ਸਿੰਘ ਭੰਡਾਲ, ਗੁਰਿੰਦਰਜੀਤ ਸਿੰਘ ਭੁੱਲਰ, ਜਗਵਿੰਦਰ ਸਿੰਘ ਮੇਜਰਵਾਰ ਅਤੇ ਹੋਰ ਆਗੂ ਹਾਜ਼ਰ ਸਨ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media