
ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਦੇਸ਼-ਵਿਦੇਸ਼ ਵਿਚ ਵਿੱਚਰ ਕੇ ਪ੍ਰਚਾਰ ਦੀ ਸੇਵਾ ਨਿਭਾਉਣ ਵਾਲੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਨੂੰ ਉਨ੍ਹਾਂ ਮੁਦਿੱਆਂ ਨੂੰ ਉਭਾਰਨ ਤੋਂ ਗੁਰੇਜ ਕਰਨ ਦੀ ਸਲਾਹ ਦਿਤੀ ਹੈ, ਜਿਨ੍ਹਾਂ ਨਾਲ ਸਿੱਖ ਸੰਗਤਾਂ ਦੇ ਮਨ ਵਿਚ ਦੁਬਿਧਾ ਤੇ ਵਾਦ-ਵਿਵਾਦ ਪੈਦਾ ਹੋਣ ਦਾ ਖਦਸ਼ਾ ਹੋਵੇ।ਜਥੇਦਾਰ ਅਨੁਸਾਰ ਜਗਤ ਗੁਰੂ ਬਾਬੇ ਨਾਨਕ ਦੁਆਰਾ ਚਲਾਇਆ ਨਿਰਾਲਾ ਪੰਥ ‘ਧੁਰਿ ਕੀ ਬਾਣੀ’ ਦੇ ਰੂਪ ਵਿਚ ਹਾਸਲ ਹੋਏ ਬ੍ਰਹਮ ਗਿਆਨ ਦੀ ਮਜਬੂਤ ਅਧਾਰਸ਼ਿਲਾ ਉਤੇ ਅਧਾਰਿਤ ਹੈ, ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਖਤਮ ਨਹੀਂ ਕਰ ਸਕਦੀ।ਨਿਰਮੂਲ ਤੇ ਕਾਲਪਨਿਕ ਖਦਸ਼ਿਆਂ ਦੇ ਅਧਾਰ ਉਤੇ ਪੰਥਕ ਪਰੰਪਰਾਵਾਂ, ਪ੍ਰਵਾਣਿਤ ਮਰਯਾਦਾ, ਸਿੱਖ ਇਤਿਹਾਸ ਤੇ ਗ੍ਰੰਥਾਂ ਉਤੇ ਵਿਵਾਦਿਤ ਟਿਪਣੀਆਂ ਕਰਨਾ ਪੰਥ ਨਾਲ ਧ੍ਰੋਹ ਕਮਾਉਣ ਦੇ ਤੁੱਲ ਹੈ।ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਯੂਰਪ ਵਿਚ ਦਸਮ ਗ੍ਰੰਥ ਦੇ ਮੁੱਦੇ ਉਤੇ ਭਰਾ-ਮਾਰੂ ਜੰਗ ਦੇ ਹਾਲਤ ਬਣਦੇ ਜਾ ਰਹੇ ਹਨ ਜੋ ਕਿ ਬਹੁਤ ਹੀ ਮੰਗਭਾਗਾ ਰੁਝਾਨ ਹੈ।ਇਸ ਲਈ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਸਟੇਜਾਂ ਉਤੇ ਉਭਾਰਨ ਦੀ ਥਾਂ ਗੁਰਮਤਿ ਗਿਆਨ ਦੀ ਰੋਸ਼ਨੀ ਵਿਚ ਸੰਵਾਦ ਦੀ ਜੁਗਤ ਰਾਹੀਂ ਹੱਲ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਉਪਰਾਲੇ ਕਰਨਾ ਸਮੇਂ ਦੀ ਮੰਗ ਹੈ।ਉਨਾਂ ਕਿਹਾ ਕਿ ਨਿੱਜੀ ਤੇ ਧੜੇਬੰਦਕ ਸੋਚ ਦਾ ਤਿਆਗ ਕਰਕੇ ਗੁਰੂ ਦੀ ਭੈ-ਭਾਵਨੀ ਤੇ ਪੰਥਕ ਹਿਤਾਂ ਨੂੰ ਮੁੱਖ ਰੱਖ ਕੇ ਰਚਿਆ ਸੰਜ਼ੀਦਾ ਸੰਵਾਦ ਗੰਭੀਰ ਤੇ ਗੁੰਝਲਦਾਰ ਮੁੱਦਿਆਂ ਨੂੰ ਸੁਲਝਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦਾ ਹੈ।ਪੰਥ ਵਿਚ ਏਕਤਾ, ਪਿਆਰ ਤੇ ਇਤਫਾਕ ਵਧਾਉਣ ਲਈ ਫੌਰੀ ਤੌਰ ਉਤੇ ਅਜਿਹੇ ਯਤਨ ਕਰਨਾ ਸਮੇਂ ਦੀ ਲੋੜ ਹੈ।ਖੁਸ਼ੀ ਦੀ ਗਲ ਹੈ ਕਿ ਜਰਮਨ ਨਿਵਾਸੀ ਭਾਈ ਨਿਰਮਲ ਸਿੰਘ ਹੰਸਪਾਲ ਵਰਗੇ ਕੁੱਝ ਫਿਕਰਮੰਦ ਪੰਥ ਦਰਦੀ ਇਸ ਭਰਾ-ਮਾਰੂ ਮਾਹੌਲ ਨੂੰ ਰੋਕਣ ਲਈ ਜਤਨਸ਼ੀਲ ਹਨ।ਇਸ ਪੱਖ ਤੋਂ ਦੇਸ਼-ਵਿਦੇਸ਼ ਦੇ ਕਿਸੇ ਵੀ ਪੰਥ ਦਰਦੀ ਵਲੋਂ ਨਿਜੀ ਰੂਪ ਜਾਂ ਸੰਸਥਾਗਤ ਪੱਖ ਤੋਂ ਕੀਤੇ ਜਾਣ ਵਾਲੇ ਸ਼ਲਾਘਾਯੋਗ ਉਪਰਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media