Sunday, March 22, 2026

ਬਾਬਾ ਫ਼ਰੀਦ ਇੰਸਟੀਚਿਊਸ਼ਨਜ਼ ਵੱਲੋਂ ਨਾਨ-ਟੀਚਿੰਗ-ਸਟਾਫ਼ ਲਈ ਸਨਮਾਨ ਸਮਾਰੋਹ

L
L

ਬਠਿੰਡਾ, 4 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਉੱਤਰੀ ਭਾਰਤ ਦਾ ਇੱਕੋ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜਿੱਥੇ ਅਧਿਆਪਕਾਂ ਦੇ ਨਾਲ ਨਾਲ ਨਾਨ-ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਅਤੇ ਕਾਰਗੁਜ਼ਾਰੀ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਸੰਸਥਾ ਦੇ ਸਾਬਕਾ ਡਾਇਰੈਕਟਰ (ਫਾਇਨਾਂਸ) ਸਵ. ਕੁਲਦੀਪ ਸਿੰਘ ਗਿੱਲ ਜੋ ਇੱਕ ਸੜਕੀ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਸਮਰਪਿਤ ਸੰਸਥਾ ਵੱਲੋਂ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਨੂੰ ਨਾਨ-ਟੀਚਿੰਗ ਡੇ ਵਜੋਂ ਮਨਾਇਆ ਜਾਦਾਂ ਹੈ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਦਾਂ ਹੈ। ਇਸੇ ਲਈ ਨਵੇਂ ਸਾਲ ਦੀ ਆਮਦ ਮੌਕੇ ਸਵ. ਕੁਲਦੀਪ ਸਿੰਘ ਗਿੱਲ ਦੇ ਜਨਮ ਦਿਨ ਦੇ ਸੰਬੰਧ ਵਿੱਚ ਸ਼੍ਰੀ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਬਾਅਦ ਦੁਪਹਿਰ ਸੰਸਥਾ ਦੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੀ ਸਮੁੱਚੀ ਮੈਨੇਜਮੈਂਟ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਦੌਰਾਨ ਕਰਵਾਏ ਗਏ ਪ੍ਰਤਿਭਾ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਨੂੰ ਇਨਾਮ ਦੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਇਹ ਸਾਲ ‘ਇੰਟਰਪਰਿਨਿਓਰਸ਼ਿਪ’ ਨੂੰ ਸਮਰਪਿਤ ਕੀਤਾ ਗਿਆ ਹੈ।ਉਨ੍ਹਾਂ ਨੇ ਸਟਾਫ਼ ਦੀ ਅਣਥੱਕ ਮਿਹਨਤ, ਲਗਨ ਅਤੇ ਸਮਰਪਨ ਭਾਵਨਾ ਨਾਲ ਕੰਮ ਕਰਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਨਾਨ-ਟੀਚਿੰਗ ਸਟਾਫ਼ ਦੀ ਮਿਹਨਤ ਅਤੇ ਸਹਿਯੋਗ ਸਦਕਾ ਸੰਸਥਾ ਲਗਾਤਾਰ ਤਰੱਕੀ ਦੇ ਰਾਹ ਚਲਦਿਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।ਇਸੇ ਲਈ ਸੰਸਥਾ ਦੇ ਸਟਾਫ਼ ਦੀਆਂ ਸੇਵਾਵਾਂ ਦੀ ਵਧੀਆ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਤਨਖਾਹ ਵਿੱਚ 3% ਤੋਂ ਲੈ ਕੇ 20% ਤੱਕ ਦਾ ਵਾਧਾ ਕੀਤਾ ਜਾਦਾਂ ਹੈ।ਉਨ੍ਹਾਂ ਦੱਸਿਆ ਕਿ ਇਸ ਮੁਲਾਕਣ ਦੇ ਆਧਾਰ ’ਤੇ ਸਮੂਹ ਨਾਨ-ਟੀਚਿੰਗ ਸਟਾਫ਼ ਦੀ ਤਨਖਾਹ ਵਿੱਚ ਪਿਛਲੇ ਸਾਲ ਕੁੱਲ 41.3 ਲੱਖ ਦਾ ਵਾਧਾ ਹੋਇਆ ਸੀ  ਜੋ ਹੁਣ ਸਾਲ 2017 ਲਈ ਵੱਧ ਕੇ ਤਕਰੀਬਨ 50 ਲੱਖ ਰੁਪਏ ਹੋਵੇਗਾ।
ਡਾ. ਧਾਲੀਵਾਲ ਨੇ ਅੱਗੇ ਦੱਸਿਆ ਕਿ ਸੰਸਥਾ ਦੇ ਸਮੂਹ ਸਟਾਫ਼ ਦੀਆਂ ਸੇਵਾਵਾਂ ਅਤੇ ਕਾਰਗੁਜ਼ਾਰੀ ਦੇ ਬਦਲੇ ਸੰਸਥਾ ਵੱਲੋ ਬਿਹਤਰੀਨ ਸਹੂਲਤਾਂ ਦੇਣ ਦੇ ਉਚੇਚੇ ਯਤਨ ਕੀਤੇ ਜਾਂਦੇ ਹਨ ।ਜਿਨ੍ਹਾਂ ਵਿੱਚ ਕੁਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਸਟਾਫ਼ ਨੂੰ ਮੁਫ਼ਤ ਏ.ਸੀ. ਬੱਸ ਸੇਵਾ, ਬਿਨਾਂ ਵਿਆਜ ਤੋਂ ਲੋਨ, ਸਟਾਫ਼ ਦੇ ਬੱਚਿਆਂ ਲਈ ਫੀਸ ਵਿੱਚ ਵਿਸ਼ੇਸ਼ ਛੋਟ, ਸਟਾਫ਼ ਦੇ ਛੋਟੇ ਬੱਚਿਆਂ ਦੀ ਮੁਫ਼ਤ ਦੇਖਭਾਲ ਲਈ ਚਾਈਲਡ ਕੇਅਰ ਸੈਂਟਰ ਦੀ ਸਹੂਲਤ ਤੋਂ ਇਲਾਵਾ ਸੰਸਥਾ ਵਿਖੇ 5 ਸਾਲ, 7 ਸਾਲ ਅਤੇ 9 ਸਾਲ ਪੂਰੇ ਹੋਣ ਤੇ ਸਟਾਫ਼ ਨੂੰ ਵਿਸ਼ੇਸ਼ ਲਾਇਲਟੀ ਬੋਨਸ ਵਜੋਂ ਤਨਖਾਹ ਵਿੱਚ 2 ਇੰਨਕਰੀਮੈਂਟ ਲਗਾ ਕੇ ਵਾਧੂ ਵਾਧਾ ਦਿੱਤਾ ਜਾਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਸਟਾਫ਼ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਸਮੁੱਚੇ ਸਟਾਫ਼ ਲਈ ਦੁਰਘਟਨਾ ਬੀਮਾ ਪਾਲਿਸੀ ਦੀ ਸਹੂਲਤ ਦਿੱਤੀ ਗਈ ਜਿਸ ਦੇ ਤਹਿਤ 10000 ਰੁਪਏ ਤੱਕ ਦੇ ਮੈਡੀਕਲ ਬਿੱਲ ਦਾ ਭੁਗਤਾਨ ਕੀਤਾ ਜਾਦਾ ਹੈ ਅਤੇ ਅਗਰ ਡਾਕਟਰ ਮਹੀਨਾਬੱਧੀ ਅਰਾਮ ਕਰਨ ਦੀ ਸਲਾਹ ਦਿੰਦਾ ਹੈ ਤਾਂ ਉਸ ਸਟਾਫ਼ ਮੈਂਬਰ ਨੂੰ ਘਰ ਬੈਠੇ ਹਰ ਮਹੀਨੇ 12000 ਰੁਪਏ ਤੱਕ ਦੀ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਕਿਸੇ ਦੁਰਘਟਨਾ ਵਿੱਚ ਮੌਤ ਹੋਣ ’ਤੇ ਐਕਸੀਡੈਂਟਲ ਇੰਸ਼ੋਰੈਂਸ ਪਾਲਿਸੀ ਦੇ ਨਿਯਮਾਂ ਅਨੁਸਾਰ 3 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ ਜਾਂ ਪੱਕੇ ਤੌਰ ’ਤੇ ਅੰਗਹੀਣ ਹੋਣ ’ਤੇ ਉਸ ਅੰਗ ਦਾ ਹਰਜ਼ਾਨਾ ਦਿੱਤਾ ਜਾਦਾਂ ਹੈ ਪਰ ਕੁਦਰਤੀ ਤੌਰ ’ਤੇ ਮੌਤ ਹੋ ਜਾਣ ਤੇ ਕੋਈ ਕਲੇਮ ਨਹੀਂ ਮਿਲਦਾ ਸੀ।ਇਸੇ ਕਰਕੇ ਪਿਛਲੇ ਸਾਲ ਸੰਸਥਾ ਦੇ 2-3 ਕਰਮਚਾਰੀ ਜੋ ਸਦੀਵੀ ਵਿਛੋੜਾ ਦੇ ਗਏ ਸਨ ਤਾਂ ਉਹਨਾਂ ਦੇ ਪਰਿਵਾਰ ਨੂੰ ਸਟਾਫ਼ ਨੇ ਸਾਂਝੇ ਤੌਰ ’ਤੇ ਉਪਰਾਲਾ ਕਰਦਿਆਂ 5 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਸੀ।ਉਨ੍ਹਾਂ ਨੇ ਕਿਹਾ ਕਿ ਹੁਣ ਇੱਕ ਪੱਕੀ ਪਾਲਿਸੀ ਬਣਾ ਦਿੱਤੀ ਗਈ ਹੈ ਕਿ ਸਟਾਫ਼ ਤੋਂ ਸਹਿਯੋਗ ਨਹੀਂ ਲਿਆ ਜਾਵੇਗਾ ਸਗੋਂ ਨੌਕਰੀ ਦੌਰਾਨ ਕਿਸੇ ਵੀ ਕਰਮਚਾਰੀ ਦੇ ਸਦੀਵੀ ਵਿਛੋੜਾ ਦੇਣ ਤੋਂ ਬਾਦ ਉਸ ਕਰਮਚਾਰੀ ਦੇ ਪਰਿਵਾਰ ਨੂੰ ਸੰਸਥਾ ਵੱਲੋਂ ਹੀ 10 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਜਾਵੇਗੀ ਤਾਂ ਜੋ ਉਸ ਦੇ ਪਰਿਵਾਰ ਦੀ ਪਾਲਣਾ ਪੋਸ਼ਣਾ ਚੰਗੀ ਤਰ੍ਹਾਂ ਹੋ ਸਕੇ।ਸਿਹਤ ਸੇਵਾਵਾਂ ਦੇਣ ਵਾਲੇ ਇੱਕ ਅਦਾਰੇ ਨਾਲ ਹੋਏ ਸਮਝੌਤੇੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਅਦਾਰੇ ਤੋਂ ਸਿਹਤ ਸੇਵਾਵਾਂ ਜਾਂ ਮੈਡੀਕਲ ਟੈਸਟ ਆਦਿ ਕਰਵਾਉਣ ’ਤੇ ਸੰਸਥਾ ਦੇ ਸਟਾਫ਼ ਨੂੰ 30% ਤੱਕ ਦੀ ਛੋਟ ਮਿਲੇਗੀ।ਉਹਨਾਂ ਨੇ ਸਮੂਹ ਸਟਾਫ ਨੂੰ ਉਤਸ਼ਾਹਿਤ ਕਰਦਿਆਂ ਸਾਲ 2017 ਦੌਰਾਨ ਨਵੇਂ ਅਹਿਦ ਲੈਣ ਲਈ ਪ੍ਰੇਰਿਤ ਵੀ ਕੀਤਾ।
ਇਸ ਤੋਂ ਪਹਿਲਾਂ ਸੰਸਥਾ ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਸ੍ਰ ਹਰਪਾਲ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦੇ ਵਿਕਾਸ ਵਿੱਚ ਟੀਚਿੰਗ ਸਟਾਫ਼ ਦੇ ਨਾਲ-ਨਾਲ ਨਾਨ-ਟੀਚਿੰਗ ਸਟਾਫ਼ ਦਾ ਬਹੁਤ ਵੱਡਾ ਰੋਲ ਹੈ ਅਤੇ ਅਜਿਹੇ ਮਾਣ ਸਨਮਾਨ ਨਾਲ ਉਹ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਹਨ। ਉਹਨਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਸਟਾਫ਼ ਨੂੰ ਖੁਸ਼ਹਾਲ ਜਿੰਦਗੀ ਜੀਣ ਲਈ ਹਰ ਸੰਭਵ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਉਹਨਾਂ ਨੇ ਸਮੁੱਚੇ ਨਾਨ-ਟੀਚਿੰਗ ਸਟਾਫ਼ ਵੱਲੋਂ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ । ਅੰਤ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਨਾਨ-ਟੀਚਿੰਗ-ਸਟਾਫ਼ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply