Friday, April 10, 2026

ਨਸ਼ਿਆਂ ਖਿਲਾਫ ਸੈਂਕੜੇ ਲੋਕਾਂ ਵਲੋਂ ਕੈਂਡਲ ਮਾਰਚ

PPN120602

ਪੱਟੀ, 12 ਜੂਨ  (ਰਣਜੀਤ ਸਿੰਘ ਮਾਹਲਾ )-  ਨਸ਼ਿਆਂ ਦੇ ਮੁੱਦੇ ‘ਤੇ ਚੋਣ ਲੜਨ ਵਾਲੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਮਾਝੇ ਖੇਤਰ ਵਿਚ ਨਸ਼ਿਆਂ ਕਾਰਨ ਫੈਲੀ ਬੀਮਾਰੀ ਨੂੰ ਰੋਕਣ ਅਤੇ ਜਨਤਾ, ਸਰਕਾਰ, ਸਿਹਤ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਨਿਵੇਕਲੀ ਪਹਿਲ ਕਰਦਿਆਂ ਪੱਟੀ ਸ਼ਹਿਰ ਵਿਖੇ ਬੀਤੀ ਰਾਤ ਵਿਸ਼ਾਲ ਕੈਂਡਲ ਮਾਰਚ ਦਾ ਆਯੋਜਨ ਕੀਤਾ। ਇਸ ਮਾਰਚ ‘ਚ ਨਸ਼ਿਆਂ ਦੇ ਕੋਹੜ ਤੇ ਕਾਬੂ ਪਾਉਣ ਲਈ ਜ਼ੋਰ ਦਿੱਤਾ ਗਿਆ। ਪੱਟੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਬੀਬੀ ਰਜਨੀ ਤੋਂ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ੁਰੂ ਹੋਏ ਮਾਰਚ ‘ਚ ਜਿਥੇ ਹਜ਼ਾਰਾਂ ਵਰਕਰਾਂ ਤੋਂ ਇਲਾਵਾ ਕਾਂਗਰਸੀ ਆਗੂ ਸ਼ਾਮਲ ਹੋਏ ਸ਼ਹਿਰ ਦੇ ਹਰ ਮੋੜ ‘ਤੇ ਸੈਂਕੜਿਆਂ ਦੀ ਤਦਾਦ ਵਿਚ ਸ਼ਹਿਰ ਵਾਸੀਆਂ ਨੇ ਹੱਥਾਂ ਵਿਚ ਮੋਮਬੱਤੀਆਂ ਫੜ ਕੇ ਮਾਰਚ ਦਾ ਸਵਾਗਤ ਕੀਤਾ ਅਤੇ ਨਸ਼ਿਆਂ ਖਿਲਾਫ ਜੰਗ ਦਾ ਸਮਰਥਨ ਕੀਤਾ।  ਇਸ ਮੌਕੇ ਕੈਂਡਲ ਮਾਰਚ ‘ਚ ਜਗਤਾਰ ਸਿੰਘ ਬੁਰਜ, ਸੁਖਵਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਹਰਦੀਪ ਸਿੰਘ, ਗੁਰਮਿੰਦਰ ਸਿੰਘ ਰਟੋਲ, ਮਨਿੰਦਰਪਾਲ ਸਿੰਘ ਪਲਾਸੌਰ, ਕੁਲਬੀਰ ਸਿੰਘ ਜੀਰਾ, ਭੁਪਿੰਦਰ ਸਿੰਘ ਬਿੱਟੂ, ਹਰਸ਼ਰਨ ਸਿੰਘ ਮੱਲਾ, ਅਵਤਾਰ ਸਿੰਘ ਦਿਓਲ, ਦਲਬੀਰ ਸਿੰਘ ਸੇਖੋਂ, ਅਮਰੀਕ ਸਿੰਘ ਭੁੱਲਰ, ਸੁਖਰਾਜ ਸਿੰਘ ਕਿਰਤੋਵਾਲ, ਚਰਨਜੀਤ ਸ਼ਰਮਾ, ਮਨਜੀਤ ਸਿੰਘ ਢਿੱਲੋਂ, ਪਲਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ, ਹਰਦਿਆਲ ਸਿੰਘ ਕੈਰੋਂ ਜਸਵੰਤ ਸਿੰਘ ਭੰਗਾਲਾ, ਬਾਬਾ ਸ਼ੇਰ ਸਿੰਘ ਕੋਟਬੁੱਡਾ ਆਦਿ ਸ਼ਾਮਲ ਹੋਏ। ਪੱਟੀ ਸ਼ਹਿਰ ਵਿਚੋਂ ਲੰਘਦਿਆਂ ਜਦੋਂ ਕੈਂਡਲ ਮਾਰਚ ਪ੍ਰਾਚੀਨ ਹਰੀ-ਹਰ ਮੰਦਿਰ ਰੋਹੀ ਵਿਖੇ ਪੁੱਜਾ ਤਾਂ ਉਥੇ ਕਰਨੈਲ ਸਿੰਘ ਸਭਰਾ ਦੀ ਟੀਮ ਵਲੋਂ ਨਸ਼ਿਆਂ ਦੇ ਮੁੱਦੇ ‘ਤੇ ਖੇਡੇ ਨਾਟਕਾਂ ਰਾਹੀਂ ਜਨਤਾ ਦੇ ਸਾਹਮਣੇ ਸੱਚ ਜ਼ਾਹਿਰ ਕੀਤਾ। ਇਸ ਮੌਕੇ ‘ਤੇ ਹਰਮਿੰਦਰ ਸਿੰਘ ਗਿੱਲ ਨੇ ਨਸ਼ਿਆਂ ਕਰਕੇ ਮਰੇ ਹਜ਼ਾਰਾਂ ਨੌਜਵਾਨਾਂ ਅਤੇ ਗੁਰਬਤ ‘ਚ ਫਸੇ ਪੀੜਤ ਪਰਿਵਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਰਾਜਨੀਤੀ ਤੋਂ ਪਹਿਲਾਂ ਇਨ੍ਹਾਂ ਨਸ਼ਿਆਂ ਖਿਲਾਫ ਜੰਗ ਲੜਨੀ ਪਵੇਗੀ। ਜੇ ਨੌਜਵਾਨ ਹੀ ਨਾ ਰਹੇ ਤਾਂ ਸਾਡੀ ਰਾਜਨੀਤੀ ਕਿਸ ਕੰਮ ਦੀ। ਉਨ੍ਹਾਂ ਨਸ਼ਿਆਂ ਖਿਲਾਫ ਜੰਗ ਕਰਨ ਲਈ ਲੋਕਾਂ ਤੋਂ ਸਮਰਥਨ ਮੰਗਿਆ ਜਿਸ ‘ਤੇ ਲੋਕਾਂ ਨੇ ਬੜੇ ਜੋਸ਼ੋ ਖਰੋਸ਼ ਨਾਲ ਹੱਥ ਖੜ੍ਹੇ ਕਰਕੇ ਆਖਰੀ ਦਮ ਤੱਕ ਲੜਾਈ ਲੜਨ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਨਸ਼ਿਆਂ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਦਿਆਂ ਪਾਰਲੀਮੈਂਟ ਚੋਣਾਂ ਵੀ ਨਸ਼ਾ ਰਹਿਤ ਲੜੀਆਂ ਪਰ ਅਕਾਲੀ ਸਰਕਾਰ ਨੂੰ ਹਾਰ ਤੋਂ ਬਾਅਦ ਸਮਝ ਆਈ ਅਤੇ ਉਸਨੇ ਵੀ ਨਸ਼ਿਆਂ ਨੂੰ ਹਾਰ ਦਾ ਪ੍ਰਮੁੱਖ ਕਾਰਨ ਮੰਨਿਆ ਅਤੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਿਸਦਾ ਕੋਈ ਸਿਰ ਪੈਰ ਨਹੀਂ। ਲੋਕ ਨਸ਼ੇ ਵਿਚ ਫਸੇ ਬੱਚਿਆਂ ਦਾ ਇਲਾਜ ਕਰਵਾ ਰਹੇ ਹਨ।ਪੰਜਾਬ ਪੁਲਸ ਉਨ੍ਹਾਂ ਨੂੰ ਫੜਕੇ ਜੇਲ੍ਹਾਂ ‘ਚ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਸ਼ਰੇਆਮ ਧੰਦਾ ਕਰ ਰਹੇ ਹਨ । ਸਮੈਕ , ਹੈਰੋਇਨ ਦੇ ਇਸ ਮੁਹਿੰਮ ਕਰਕੇ ਰੇਟ ਵੱਧ ਗਏ ਹਨ ਵੱਡੀਆਂ ਮੱਛਲੀਆਂ ਨੂੰ ਫੜਨ ਲਈ ਕੋਈ ਕੋਸ਼ਿਸ਼ ਨਹੀਂ ਹੋ ਰਹੀ। ਉਨ੍ਹਾਂ ਐਲਾਨ ਕੀਤਾ ਕਿ ਨਸ਼ਿਆਂ ਤੋਂ ਪੀੜਤ ਅਤਿ ਗਰੀਬ ਪਰਿਵਾਰਾਂ ਦੀ ਕਾਂਗਰਸ ਪਾਰਟੀ ਮਾਲੀ ਮਦਦ ਕਰੇਗੀ। ਉਨ੍ਹਾਂ ਪਹਿਲੇ ਪੜਾਅ ਵਿਚ 11 ਲੋੜਵੰਦ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ 1000 ਰੁਪਏ ਪ੍ਰਤੀ ਮਹੀਨਾ ਲਗਾਤਾਰ ਮਦਦ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਉਨ੍ਹਾਂ ਸਾਰੇ ਕਾਂਗਰਸੀ ਲੀਡਰਾਂ ਨੂੰ ਕਿਹਾ ਕਿ ਉਹ ਅਜਿਹੇ ਇਕ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਪੱਟੀ ਦਾ ਕੈਂਡਲ ਮਾਰਚ ਸ਼ੁਰੂਆਤ ਹੈ ਅਜਿਹੇ ਪ੍ਰੋਗਰਾਮ ਮਾਝੇ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਕੀਤੇ ਜਾਣਗੇ।

 

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply