Monday, July 6, 2026

ਔਜਲਾ ਨੇ ਨਵਨਿਯੁੱਕਤ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ ਕਾਂਗਰਸ ਪਾਰਟੀ ਦਾ ਝੰਡਾ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਨਵਨਿਯੁੱਕਤ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ।ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਦਫਤਰ ’ਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਔਜਲਾ ਨੇ ਇਹ ਝੰਡਾ ਸੱਚਰ ਨੂੰ ਸੋਂਪਦਿਆਂ ਕਿਹਾ ਕਿ ਕਾਂਗਰਸ ਇਕੋ ਇਕ ਅਜਿਹੀ ਰਾਜਨੀਤਕ ਪਾਰਟੀ ਹੈ, ਜਿਸ ਵਿਚ ਵਰਕਰ ਦਾ ਪੂਰਾ ਮਾਨ ਸਨਮਾਨ ਕੀਤਾ ਜਾਂਦਾ ਹੈ।PPN2301201704ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸ ਦੇ ਇਕ ਸਿਪਾਹੀ ਵਜੋਂ ਸੇਵਾ ਕੀਤੀ ਤੇ ਅੱਜ ਕਾਂਗਰਸ ਨੇ ਉਸ ਸੇਵਾ ਬਦਲੇ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਨਿਵਾਜਿਆ।ਉਨ੍ਹਾਂ ਆਮ ਆਦਮੀ ਪਾਰਟੀ ਨੂੰ ਰਗੜੇ ਲਗਾਉਦਿਆਂ ਕਿਹਾ ਕਿ ਜੋ ਲੋਕ ਦਾਅਵਾ ਕਰਦੇ ਹਨ ਕਿ ਉਹ ਆਮ ਆਦਮੀ ਹਨ, ਉਨ੍ਹਾਂ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲਈ ਕਿਸ ਤਰ੍ਹਾਂ ਪਿਛੋਕੜ ਵਾਲੇ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਇਹ ਕਿਸੇ ਨੂੰ ਹੁਣ ਦੱਸਣ ਦੀ ਲੋੜ ਨਹੀ ਹੈ।
ਵਿਧਾਨ ਸਭਾ ਹਲਕਾ ਮਜੀਠਾ ਤੋ ਚੋਣ ਲੜ ਰਹੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਬਾਰੇ ਗੱਲ ਕਰਦਿਆਂ ਅੋਜਲਾ ਨੇ ਕਿਹਾ ਕਿ ਇਕ ਵੱਡੇ ਦੈਂਤਾਂ ਦਾ ਮੁਕਾਬਲਾ ਲਾਲੀ ਮਜੀਠੀਆ ਜਿਹਾ ਯੋਧਾ ਹੀ ਕਰ ਸਕਦਾ ਹੈ, ਜਿੰਨਾਂ ਦਾ ਦੈਂਤ ਦਾ ਪਰਛਾਵਾਂ ਪੂਰੇ ਪੰਜਾਬ ’ਤੇ ਹੈੇ। ਅਜਿਹੇ ਦੈਂਤਾਂ ਨਾਲ ਸਿਰਫ ਕਾਂਗਰਸ ਪਾਰਟੀ ਹੀ ਟੱਕਰ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਝੇ ਵਾਲੇ ਲੋਕ ਅਣਖ ਤੇ ਗ਼ੈਰਤ ਨਾਲ ਜਿੰਦਗੀ ਜਿਉਣ ਵਾਲੇ ਹਨ, ਜੇਕਰ ਕੋਈ ਮੁੱਛਾਂ ’ਤੇ ਤਾਅ ਦੇ ਕੇ ਲਲਕਾਰੇ ਤਾਂ ਉਹ ਸੁੱਕਾ ਨਹੀ ਜਾਣ ਦਿੰਦੇ।
ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਕਾਂਗਰਸ ਦੀ ਆਪਸੀ ਫੁੱਟ ਹੀ ਕਾਂਗਰਸ ਦੀ ਹਾਰ ਦਾ ਕਾਰਨ ਬਣਦੀ ਰਹੀ ਹੈ। ਇਸ ਵਾਰ ਕਾਂਗਰਸੀ ਇਕਜੁੱਟ ਹਨ ਤੇ ਨਿਸ਼ਚਿਤ ਤੌਰ ’ਤੇ ਜਿੱਤ ਉਨਾਂ ਦੀ ਹੀ ਹੋਣੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਦੇ ਕਾਰਜਕਾਲ ਵਿਚ ਬਾਦਲਾਂ ਨੇ ਪੰਜਾਬ ਨੂੰ ਬੁਰੀ ਤਰਾਂ ਨਾਲ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਚੜ੍ਹ ਕੇ ਆਉਣ ਵਾਲਿਆਂ ਨੂੰ ਪੰਜਾਬੀ ਠੀਕ ਉਸੇ ਤਰਾਂ ਨਾਲ ਪਟਕਣੀ ਦੇ ਕੇ ਥੱਲੇ ਸੁਟ ਲੈਂਦੇ ਹਨ ਜਿਵੇਂ ਕਿਕਰ ’ਤੇ ਬੈਠਾ ਬਗਲਾ ਗੁਲੇਲ ਨਾਲ ਸੁਟੀਦਾ ਹੈ।ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਮਾਝੇ ਵਿਚ ਸ਼ੇਰਾਂ ਨਾਲ ਗੁਰਜੀਤ ਸਿੰਘ ਔਜਲਾ ਦੇ ਰੂਪ ਵਿਚ ਬੱਬਰ ਸ਼ੇਰ ਤੋਰਿਆ ਹੋਇਆ ਹੈ, ਜਿਸ ਦੀ ਭਬਕ ਤੋ ਵੱਡੇ ਵੱਡੇ ਥਰਥਰਾਉਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕਿਸੇ ਵੀ ਕਾਂਗਰਸੀ ਨੂੰ ਅਹੁਦੇ ਦੀ ਭੁੱਖ ਨਹੀ ਹੈ ਬਲਕਿ ਸਾਡੀ ਭੁੱਖ ਸਿਰਫ ਪੰਜਾਬ ਨੂੰ ਅਕਾਲੀਆਂ ਦੇ ਜੁਲਮਾਂ ਤੇ ਅਤਿਆਚਾਰਾਂ ਤੋ ਬਚਾਉਣਾ ਹੈ।
ਵਿਧਾਨ ਸਭਾ ਹਲਕਾ ਮਜੀਠਾ ਤੋ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸਿਆਸੀ ਗਭੰੀਰਤਾ ਨਹੀਂ ਹੈ। ਜੋ ਆਸ ਲੈ ਕੇ ਲੋਕ ਆਪ ਵਿਚ ਗਏ ਸਨ ਉਹ ਉਮੀਦ ਖਤਮ ਹੋਈ ਹੈ।ਇਹ ਸੰਕੇਤ ਹੈ ਕਿ ਆਪ ਦਾ ਜਨਅਧਾਰ ਖਤਮ ਹੋ ਚੁੱਕਾ ਹੈ। ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ ਤੇ ਕਾਂਗਰਸ ਦੇ ਹੱਕ ਵਿਚ ਪੈਦਾ ਹੋਈ ਲੋਕ ਲਹਿਰ ਨੂੰ ਦੇਖਦਿਆਂ 11 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਅਕਾਲੀਆਂ ਦੀਆਂ ਹੁਣ ਤੋਂ ਹੀ ਨੀਂਦਾਂ ਹਰਾਮ ਕਰ ਦਿੱਤੀਆਂ ਹਨ।
ਭਗਵਾਨ ਵਾਲਮੀਕ ਸ਼ੰਘਰਸ਼ ਦਲ ਦੇ ਪ੍ਰਧਾਨ ਹਰਦੀਪ ਸਿੰਘ ਭੰਗਾਲੀ ਆਪਣੇ ਹਮਾਇਤੀਆਂ ਸਮੇਤ ਅੱਜ ਉਕਾਰ ਸਿੰਘ ਰੰਧਾਵਾ ਦੀ ਅਗਵਾਈ ਵਿਚ 50 ਦੇ ਕਰੀਬ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੌਕੇ ’ਤੇ ਮਜੀਠਾ ਤੋ ਸੀਨੀਅਰ ਕਾਂਗਰਸੀ ਆਗੂ ਸਵਿੰਦਰ ਸਿੰਘ ਕਥੂਨੰਗਲ, ਰਾਜਾਸਾਂਸੀ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅਜਨਾਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਤੋ ਹਰਪ੍ਰਤਾਪ ਸਿੰਘ ਅਜਨਾਲਾ, ਅਟਾਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤਰਸੇਮ ਸਿੰਘ ਡੀ.ਸੀ, ਪ੍ਰੀਤਇੰਦਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਥਾਂਦੇ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply