ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਸੰਧੂ)- ਦੇਸ਼ ਦੇ ਵਿੱਚ ਮਨਾਏ ਗਏ 68ਵੇਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ਮੌਕੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਤੇ ਸਥਿਤ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਵਾਘਾ ਸਰਹੱਦ ਵਿਖੇ ਜਿੱਥੇ ਕੜਾਕੇ ਦੀ ਠੰਡ ਤੇ ਭਾਰੀ ਬਾਰਿਸ਼ ਦੇ ਬਾਵਜੂਦ ਵੀ ਦੇਸ਼-ਵਿਦੇਸ਼ ਦੇ ਹਜ਼ਾਰਾ ਸੈਲਾਨੀਆਂ ਨੇ ਦੋਵਾਂ ਦੇਸ਼ਾਂ ਦੀ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਤੇ ਬੀ.ਐਸ.ਐਫ ਦੇ ਵਿਸ਼ੇਸ਼ ਪ੍ਰੋਗਰਾਮ ਦਾ ਆਨੰਦ ਮਾਣਿਆ ਉੱਥੇ ਸਰਹਦੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀਆਂ ਦਰਸ਼ਕ ਗੈਲਰੀਆਂ ਖਾਲੀ ਰਹੀਆਂ।

ਜਦੋਂ ਕਿ ਕੁੱਝ ਇੱਕ ਪਾਕਿ ਨਾਗਰਿਕ ਇਸ ਸ਼ੁੱਭ ਅਵਸਰ ਦੇ ਗਵਾਹ ਬਣੇ। ਦੁਪਹਿਰ 3:30 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਭਾਰਤ ਵਾਲੇ ਪਾਸਿਓਂ ਭਾਰਤ ਮਾਤਾ ਦੀ ਜੈ ਤੇ ਕਈ ਹੋਰ ਦੇਸ਼ ਭਗਤੀ ਦੇ ਆਕਾਸ਼ ਗੂੰਜਾਊ ਨਾਅਰਿਆਂ ਦੇ ਨਾਲ ਅਟਾਰੀ ਵਾਘਾ ਸਰਹੱਦ ਦੇ ਸ਼ਾਂਤ ਮਾਹੌਲ ਦੇ ਵਿੱਚ ਖੁਸ਼ਗਵਾਰ ਰਸ ਘੋਲਿਆ।

ਉਥੇ ਪਾਕਿਸਤਾਨ ਵਾਲੇ ਪਾਸੇ ਦੇਰ ਸ਼ਾਮ ਤੱਕ ਸੰਨਾਟਾ ਹੀ ਪਸਰਿਆ ਰਿਹਾ।ਜਿਸ ਤੋਂ ਇਹ ਸਾਫ ਤੇ ਸਪੱਸ਼ਟ ਹੁੰਦਾ ਹੈ ਕਿ ਭਾਰਤ ਵਾਸੀ ਆਪਣੇ ਅਜਿਹੇ ਦਿਨ ਤਿਉਹਾਰ ਤੇ ਆ ਕੇ ਬੀ.ਐਸ.ਐਫ ਦੀ ਹੌਂਸਲਾ ਅਫਜ਼ਾਈ ਕਰਨਾ ਤੇ ਦੇਸ਼-ਭਗਤੀ ਦਾ ਜੱਜ਼ਬਾ ਪੈਦਾ ਕਰਨਾ ਨਹੀਂ ਭੁੱਲਦੇ।
Punjab Post Daily Online Newspaper & Print Media