Tuesday, September 1, 2026

ਸ਼ਰਾਬ ਦੇ ਠੇਕਿਆਂ ਦੀ ਜਾਂਚ ਲਈ ਜ਼ਿਲ੍ਹੇ ’ਚ 4 ਵਿਸ਼ੇਸ਼ ਟੀਮਾਂ ਦਾ ਗਠਨ

ਤਰਨ ਤਾਰਨ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਚਾਰੋਂ ਹਲਕਿਆਂ ਲਈ ਚਾਰ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਠੇਕਿਆਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਕਾਰਵਾਈ ਨੂੰ ਨੱਥ ਪਾਉਣਗੀਆਂ। PPN2801201712ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਇੰਜੀਨੀਅਰ ਡੀ. ਪੀ ਐਸ ਖਰਬੰਦਾ ਨੇ ਦੱਸਿਆ ਕਿ ਹਲਕਾ ਤਰਨ ਤਾਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਟੀ. ਪੀ ਐਸ ਫੂਲਕਾ ਦੀ ਅਗਵਾਈ ਵਾਲੀ ਟੀਮ ਨੰ: 1 ਵਿਚ ਐਸ. ਪੀ (ਡੀ) ਰੁਪਿੰਦਰ ਕੌਰ ਭਾਰਦਵਾਜ, ਏ. ਈ. ਟੀ. ਸੀ ਜਗਤਾਰ ਸਿੰਘ ਅਤੇ ਈ. ਟੀ. ਓ ਹਰਮਿੰਦਰ ਬੀਰ ਸਿੰਘ ਸ਼ਾਮਿਲ ਹਨ। ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੰ: 2 ਵਿਚ ਡੀ. ਐਸ. ਪੀ ਦਵਿੰਦਰ ਸਿੰਘ ਅਤੇ ਈ. ਟੀ. ਓ ਸੁਸ਼ੀਲ ਕੁਮਾਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਲਕਾ ਖੇਮਕਰਨ ਲਈ ਲਗਾਈ ਗਈ ਟੀਮ ਨੰ: 3 ਦੀ ਅਗਵਾਈ ਸਹਾਇਕ ਕਮਿਸ਼ਨਰ (ਜ) ਰਮਨ ਕੋਛੜ ਕਰ ਰਹੇ ਹਨ, ਜਿਸ ਵਿਚ ਡੀ. ਐਸ. ਪੀ ਡੀ ਅਮਨਦੀਪ ਕੌਰ, ਈ. ਟੀ. ਓ ਰਮਿੰਦਰ ਜੀਤ ਸਿੰਘ ਅਤੇ ਮਨਵੀਰ ਬੁੱਟਰ ਸ਼ਾਮਿਲ ਹਨ। ਇਸ ਤੋਂ ਇਲਾਵਾ ਹਲਕਾ ਪੱਟੀ ਲਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰਜਨੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੰ: 4 ਵਿਚ ਡੀ. ਐਸ. ਪੀ (ਹੈਡਕੁਆਰਟਰ) ਸੁਖਜਿੰਦਰ ਸਿੰਘ ਅਤੇ ਈ. ਟੀ. ਓ ਰਾਜੇਸ਼ ਵਰਮਾ ਸ਼ਾਮਿਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਇੰਜੀਨੀਅਰ ਖਰਬੰਦਾ ਨੇ ਦੱਸਿਆ ਕਿ ਕੋਈ ਵੀ ਠੇਕੇਦਾਰ ਜਨਵਰੀ 2015 ਤੋਂ ਪਹਿਲਾਂ ਦੀ ਉਤਪਾਦਤ ਹੋਈ ਸ਼ਰਾਬ ਨਹੀਂ ਵੇਚ ਸਕਦਾ ਅਤੇ ਉਸ ਲਈ ਰੋਜ਼ਾਨਾ ਵਿਕਰੀ ਸਾਰੇ ਨਿਰਧਾਰਤ ਪ੍ਰੋਫਾਰਮੇ ਭਰ ਕੇ ਰੱਖਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ (2 ਫਰਵਰੀ ਸ਼ਾਮ 5 ਵਜੇ ਤੋਂ 4 ਫਰਵਰੀ ਸ਼ਾਮ 5 ਵਜੇ ਤੱਕ) ਡਰਾਈ ਡੇਅ ਐਲਾਨਿਆ ਗਿਆ ਹੈ ਜਿਸ ਦੌਰਾਨ ਜ਼ਿਲ੍ਹੇ ਭਰ ਵਿਚ ਕੋਈ ਵੀ ਠੇਕੇਦਾਰ ਸ਼ਰਾਬ ਨਹੀਂ ਵੇਚ ਸਕੇਗਾ। ਇਸ ਤੋਂ ਇਲਾਵਾ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਵੀ ਸ਼ਰਾਬ ਪਿਲਾਉਣ ’ਤੇ ਪਾਬੰਦੀ ਹੋਵੇਗੀ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply