ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਨਗਰ ਨਿਗਮ ਹਦੂਦ ਵਿੱਚ ਆਉਂਦੇ ਪਿੰਡ ਸੁਲਤਾਨਵਿੰਡ ਦੀ ਪੱਤੀ ਬਾਬਾ ਜੀਵਨ ਸਿੰਘ ਵਿਖੇ ਸੀਵਰੇਜ਼ ਡਿਸਪੋਜ਼ਲ ਪਲਾਂਟ ਵਿਖੇ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਪਏ ਕਰੰਟ ਨਾਲ ਇੱਕ ਘੋੜੇ ਦੀ ਮੌਤ ਹੋ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ ਨੇ ਦੱਸਿਆ ਹੈ ਕਿ ਰੇਹੜੇ ਘੋੜੇ ‘ਤੇ ਢੋਆ ਢੁਆਈ ਦੀ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਇਸ ਨਾਲ ਕੀਤੀ ਕਮਾਈ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦਾ ਹੈ।
ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਜਦ ਉਸ ਨੇ ਘਰ ਆ ਕੇ ਆਪਣਾ ਘੋੜਾ ਚਰਣ ਲਈ ਰੇਹੜੇ ਨਾਲੋਂ ਖੋਹਲ ਕੇ ਛੱਡ ਦਿੱਤਾ ਤਾਂ ਸੀਵਰੇਜ਼ ਡਿਸਪੋਜਲ ਨੇੜੇ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਛੂਹ ਜਾਣ ਕਰ ਕੇ ਉਸ ਦੇ ਘੋੜੇ ਦੀ ਮੌਕੇ ‘ਤੇ ਹੋ ਮੌਤ ਹੋ ਗਈ।ਰੇਹੜਾ ਚਾਲਕ ਨੇ ਰੋਂਦਿਆਂ ਦੱਸਿਆ ਕਿ ਘੋੜਾ ਮਰ ਜਾਣ ਨਾਲ ਉਨਾਂ ਲਈ ਵੱਡੀ ਮੁਸੀਬਤ ਬਣ ਗਈ ਹੈ ਅਤੇ ਤਕਰੀਬਨ 50000 ਦਾ ਨੁਕਸਾਨ ਹੋ ਗਿਆ ਹੈ।ਉਸ ਨੇ ਕਿਹਾ ਕਿ ਗਰੀਬ ਹੋਣ ਕਰ ਕੇ ਉਸ ਪਾਸ ਘੋੜਾ ਖਰੀਦਣ ਲਈ ਇੰਨੀ ਵੱਡੀ ਰਕਮ ਨਹੀਂ ਹੈ। ਰੇਹੜਾ ਚਾਲਕ ਸੁਖਦੇਵ ਸਿੰਘ ਨੇ ਕਿਹਾ ਕਿ ਬਿਜਲੀ ਦੀਆ ਤਾਰਾਂ ਆਮ ਤੌਰ ‘ਤੇ ਖੰਭਿਆਂ ਨਾਲ ਉਪਰ ਟੰਗੀਆਂ ਹੁੰਦੀਆਂ ਹਨ ਪਰ ਡਿਸਪੋਜ਼ਲ ਪੰਪ ਦੀਆਂ ਤਾਰਾਂ ਜਮੀਨ ‘ਤੇ ਵਿਛੀਆਂ ਹਨ ਅਤੇ ਥਾਂ ਥਾਂ ਤੋਂ ਨੰਗੀਆਂ ਹਨ, ਜਿਸ ਨਾਲ ਇਹ ਹਾਦਸਾ ਹੋਇਆ ਹੈ।ਪੀੜਤ ਸੁਖਦੇਵ ਸਿੰਘ ਨੇ ਕਿਹਾ ਕਿ ਬਿਜਲੀ ਦੇ ਕਰੰਟ ਨਾਲ ਘੋੜੇ ਦੀ ਮੌਤ ਹੋਣ ਜਾਣ ਦੇ ਬਾਵਜ਼ੂਦ ਵੀ ਬਿਜਲੀ ਬੋਰਡ ਵਲੋਂ ਕਿਸੇ ਤਰਾਂ ਦੀ ਸਹਾਇਤਾ ਤੋਂ ਇਨਕਾਰ ਕਰ ਦੇਣ ‘ਤੇ ਉਸ ਨੇ ਇਨਸਾਫ ਲੈਣ ਲਈ ਇੱਕ ਦਰਖਾਸਤ ਪੁਲਿਸ ਚੌਕੀ ਸੁਲਤਾਨਵਿੰਡ ਨੂੰ ਦੇ ਦਿੱਤੀ ਹੈ।
ਇਸ ਸਬੰਧੀ ਪੱਖ ਜਾਨਣ ਲਈ ਜਦ ਜੇ.ਈ ਕੁਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਘਟਨਾ ਵਿੱਚ ਬਿਜਲੀ ਵਿਭਾਗ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਜਿਥੇ ਹਾਦਸਾ ਹੋਇਆ ਹੈ, ਉਥੇ ਇਲਾਕੇ ਦੇ ਲੋਕ ਰਾਤ ਦੇ ਸਮੇਂ ਬਿਜਲੀ ਦੀ ਚੋਰੀ ਕਰਨ ਲਈ ਤਾਰਾਂ ਕੱਟ ਕੇ ਜੋੜ ਨੰਗੇ ਛੱਡ ਦਿੰਦੇ ਹਨ, ਜਿਸ ਨੂੰ ਉਹ ਸਮੇਂ ਸਮੇਂ ’ਤੇ ਟੇਪ ਕਰਦੇ ਰਹਿੰਦੇ ਹਨ।ਉਧਰ ਪੁਲਿਸ ਚੌਕੀ ਦੇ ਏ.ਐਸ.ਆਈ ਗੁਰਬੀਰ ਸਿੰਘ ਨੇ ਕਿਹਾ ਉਨਾਂ ਨੂੰ ਮਾਰੇ ਗਏ ਘੋੜੇ ਦੇ ਮਾਲਕ ਸੁਖਦੇਵ ਸਿੰਘ ਨੇ ਸ਼ਿਕਾਇਤ ਦਿੱਤੀ ਹੈ, ਜਿਸ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media