ਬਠਿੰਡਾ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਕਾਮਿਆਂ ਦੀ ਮਿਹਨਤ ਨੂੰ ਨਵੀਂ ਸਰਕਾਰ ਆਉਣ ਤੇ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੇਵਾ ਕੇਂਦਰਾਂ ਮਗਰੋਂ ਸੁਵਿਧਾ ਸੈਂਟਰਾਂ ਵਿੱਚ ਕੰਮ ਕਰਦੇ ਸਮੂਹ 1100 ਮੁਲਾਜ਼ਮਾਂ ਹੱਥੋਂ ਉਨ੍ਹਾਂ ਦਾ ਰੁਜ਼ਗਾਰ ਖੋਹ ਕੇ ਵਾਂਝੇ ਕਰ ਦਿੱਤਾ ਸੀ ਜਿਸਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਾਮਿਆਂ ਵੱਲੋਂ ਅੰਦੋਲਨ ਦਾ ਰਾਹ ਫ਼ੜ੍ਹਨਾ ਪਿਆ। ਮਹੀਨਾ ਸਤੰਬਰ 2016 ਤੋਂ ਲਗਾਤਾਰ ਇਹ ਕਾਮੇ ਆਪਣਾ ਰੁਜ਼ਗਾਰ ਵਾਪਸ ਲੈਣ ਲਈ ਅਕਾਲੀ-ਭਾਜਪਾ ਸਰਕਾਰ ਕੋਲ ਹਾੜ੍ਹੇ ਕੱਢਦੇ ਰਹੇ ਪਰ ਉਨ੍ਹਾਂ ਦੀ ਪੁਕਾਰ ਕਿਸੇ ਵੀ ਰਾਜਨੀਤਿਕ ਵਿਅਕਤੀ ਜਾਂ ਅਫ਼ਸਰ ਨੇ ਨਹੀਂ ਸੁਣੀ। ਇਸ ਸੰਬੰਧੀ ਗੱਲਬਾਤ ਕਰਦਿਆਂ ਸੁਵਿਧਾ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਰਵੀ ਅਤੇ ਜਨਰਲ ਸਕੱਤਰ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ ਨਾਲ 6 ਮਹੀਨੇ ਦੇ ਲੰਬੇ ਸੰਘਰਸ਼ ਤੋ. ਬਾਅਦ ਸੁਵਿਧਾ ਕਾਮਿਆਂ ਦੀ ਬੁਰੀ ਤਰਾਂ ਵਿਗੜ੍ਹ ਚੁੱਕੀ ਆਰਥਿਕ ਹਾਲਤ ਸੁਧਰਨ ਅਤੇ ਠੰਡੇ ਹੋ ਚੁੱਕੇ ਚੁੱਲੇ ਦੁਬਾਰਾ ਜਗਣ ਦੀਆਂ ਕਾਫੀ ਉਮੀਦਾਂ ਦਿਖਾਈ ਦੇਣ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਚੋਣ ਜ਼ਾਬਤਾ ਲੱਗਣ ਮਗਰੋਂ ਗੌਰਮਿੰਟ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ, ਪੰਜਾਬ ਦੇ ਝੰਡੇ ਹੇਠ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 17 ਵਿੱਚ 13 ਫ਼ਰਵਰੀ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਕਈ ਵਾਰ ਚੋਣ ਜ਼ਾਬਤੇ ਤੋਂ ਛੋਟ ਲੈਣ ਮਗਰੋਂ ਵੀ ਅਫ਼ਸਰਾਂ ਵੱਲੋਂ ਲਗਾਤਾਰ ਟਾਲਾ ਵੱਟਿਆ ਗਿਆ। ਹੁਣ ਪੰਜਾਬ ਵਿੱਚ ਨਵੀਂ ਕਾਂਗਰਸ ਸਰਕਾਰ ਬਨਣ ’ਤੇ ਕਾਮਿਆਂ ਵਿੱਚ ਕੁਝ ਆਸ ਦੀ ਕਿਰਨ ਜਾਗੀ ਹੈ। ਕੈਪਟਨ ਸਰਕਾਰ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੇ ਕੰਮ ਸ਼ੁਰੂ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਓ.ਐਸ.ਡੀ. ਗੁਰਿੰਦਰ ਸਿੰਘ ਸੋਢੀ ਅਤੇ ਕੈਪਟਨ ਸੰਦੀਪ ਸਿੱਧੂ ਨੇ ਨੂੰ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਭੇਜਿਆ ਅਤੇ ਕਾਮਿਆਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਇਹ ਕਹਿ ਕੇ ਖ਼ਤਮ ਕਰਵਾ ਦਿੱਤੀ ਗਈ ਕਿ ਕਾਂਗਰਸ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਪੂਰਨ ਲਈ ਤਿਆਰ ਹੈ ਜਿਨ੍ਹਾਂ ਵਿੱਚ ਹਰ ਘਰ ਵਿੱਚ ਨੌਕਰੀ ਅਤੇ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨਾ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਸ: ਸੋਢੀ ਅਤੇ ਸ: ਸਿੱਧੂ ਨੇ ਕਿਹਾ ਕਿ ਸੁਵਿਧਾ ਮੁਲਾਜ਼ਮਾਂ ਨਾਲ ਹੋਈ ਧੱਕੇਸ਼ਾਹੀ ਬਾਰੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜਾਣੂ ਹੈ ਅਤੇ ਸਰਕਾਰ ਨੂੰ ਸੁਵਿਧਾ ਕਾਮਿਆਂ ਨਾਲ ਪੂਰੀ ਹਮਦਰਦੀ ਹੈ। ਉਨ੍ਹਾਂ ਵਾਅਦਾ ਕੀਤਾ ਸਹੁੰ ਚੱਕ ਸਮਾਗਮ ਤੋਂ ਬਾਅਦ ਬਹੁਤ ਜਲਦ ਇੱਕ ਮੀਟਿੰਗ ਸਰਕਾਰ ਨਾਲ ਕਰਵਾਈ ਜਾਵੇਗੀ ਜਿਸ ਵਿੱਚ ਠੇਕਾ ਮੁਲਾਜ਼ਮਾਂ ਅਤੇ ਸੁਵਿਧਾ ਕਾਮਿਆਂ ਦੇ ਜ਼ਰੂਰੀ ਮਸਲਿਆਂ ’ਤੇ ਵਿਚਾਰ ਕਰਕੇ ਜਲਦ ਤੋਂ ਜਲਦ ਨਿਬੇੜਿਆ ਜਾਵੇਗਾ। ਇਸ ਭਰੋਸੇ ਮਗਰੋਂ ਕਾਮਿਆਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ 16 ਮਾਰਚ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਇਕੱਠ ਵਿੱਚ ਸ਼ਮੂਲੀਅਤ ਕਰਨ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media