ਬਠਿੰਡਾ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਜ਼ਦੀਕੀ ਪਿੰਡ ਕੋਟ ਫ਼ੱਤਾ ’ਚ ਦੋ ਮਾਸੂਮ ਦਲਿਤ ਬੱਚਿਆਂ ਦੀ ਬਲੀ ਦੇਣ ਦਾ ਮਾਮਲਾ ਫਿਰ ਭੱਖ ਗਿਆ। ਪਿੰਡ ਵਾਸੀਆਂ ਵੱਲੋਂ ਇਨਸਾਫ਼ ਲੈਣ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਕਮੇਟੀ ’ਚ ਮਨਜੀਤ ਸਿੰਘ,ਪਰਨਜੀਤ ਸਿੰਘ, ਬਲਜਿੰਦਰ ਕੋਟਭਾਰਾ, ਲਾਭ ਸਿੰਘ, ਹੁਸਨਿੰਦਰ ਸਿੰਘ ਨੂੰ ਲਿਆ ਗਿਆ ਹੈ। ਕਮੇਟੀ ਤੇ ਪਿੰਡ ਵਾਸੀਆਂ ਨੇ ਇਸ ਕਤਲ ਕਾਂਡ ਵਿੱਚ ਚੇਲਿਆਂ ਵਿਰੁੱਧ ਪੁਲਿਸ ’ਤੇ ਠੋਸ ਕਾਰਵਾਈ ਨਾ ਕਰਨ ਦਾ ਦੋਸ਼ ਲਾਉਦਿਆ ਚਿਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਦੋਸ਼ੀ ਚੇਲਿਆਂ ਨੂੰ ਛੇਤੀ ਹਿਰਾਸਤ ਵਿੱਚ ਨਾ ਲਿਆ ਤਾਂ ਉਹ ਐਤਵਾਰ ਨੂੰ ਮਾਸੂਮ ਬੱਚਿਆਂ ਦੀ ਅੰਤਮ ਅਰਦਾਸ ਕਰਨ ਦੀ ਬਚਾਏ ਉਹਨਾਂ ਦੀਆਂ ਅਸਥੀਆਂ ਸੜ੍ਹਕ ’ਤੇ ਰੱਖ ਕੇ ਜਾਮ ਲਾਉਣ ਤੋਂ ਗੁਰੇਜ ਨਹੀਂ ਕਰਨਗੇ।
ਪਿੰਡ ਕੋਟ ਫ਼ੱਤਾ ਵਿੱਚ 5 ਸਾਲਾਂ ਰਣਜੋਧ ਸਿੰਘ ਤੇ 3 ਸਾਲਾਂ ਬੱਚੀ ਅਨਾਮਿਕਾ ਕੌਰ ਨੂੰ ਬੀਤੀ 8 ਮਾਰਚ ਦੀ ਸ਼ਾਮ ਨੂੰ ਚੇਲਿਆਂ ਨੇ ਬਲੀ ਦੇ ਦਿੱਤੀ ਸੀ। ਮਾਸੂਮ ਬੱਚਿਆਂ ਨੂੰ ਕਤਲ ਕਰਨ ਤੋਂ ਪਹਿਲਾ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਪਰ ਇਸ ਕਤਲ ਕਾਂਡ ਵਿੱਚ ਅਜੇ ਤਾਂਤਰਿਕਾਂ/ਚੇਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਅੱਜ ਮਾਸੂਮ ਦਲਿਤ ਬੱਚਿਆਂ ਦੇ ਕਤਲ ਕਾਂਡ ਵਿਰੋਧੀ 7 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਐਕਸਨ ਕਮੇਟੀ ਵਿੱਚ ਅਕਾਲ ਗੁਰਮਤਿ ਪ੍ਰਚਾਰ ਕਮੇਟੀ ਵੱਲੋਂ ਮਨਜੀਤ ਸਿੰਘ ਖਾਲਸਾ, ਪਰਨਜੀਤ ਸਿੰਘ ਸਿੱਖ ਸਟੂਡੈਂਟਸ ਫੈਡਰੇਸਨ 1984, ਬਲਜਿੰਦਰ ਕੋਟਭਾਰਾ, ਲਾਭ ਸਿੰਘ, ਡਾ. ਬੀ. ਆਰ. ਅੰਬੇਦਕਰ ਯੁਵਕ ਸੇਵਾਵਾਂ ਕਲੱਬ ਕੋਟ ਫ਼ੱਤਾ ਵੱਲੋਂ ਹੁਸਨਿੰਦਰ ਸਿੰਘ, ਅੰਬੇਦਕਰ ਯਾਦਗਰੀ ਲਾਇਬਰੇਰੀ ਵੱਲੋਂ ਇਕਬਾਲ ਸਿੰਘ ਮੇਟ ਤੇ ਕਲੱਬ ਵਰਕਰ ਸੁਖਮੰਦਰ ਖਾਨ ਨੂੰ ਸ਼ਾਮਲ ਕੀਤਾ ਗਿਆ।
ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੋਟ ਫ਼ੱਤਾ ਪੁਲਿਸ ’ਤੇ ਇਸ ਮਾਮਲੇ ’ਤੇ ਠੋਸ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆ ਕਿਹਾ ਕਿ ਪੁਲਿਸ ਨੇ ਹੁਣ ਤੱਕ ਕਾਲਿਅਵਾਲੀ ਵਾਲੇ ਤੇ ਹੋਰ ਚੇਲਿਆਂ ਵਿਰੁੱਧ ਨਾ ਤਾਂ ਕੋਈ ਠੋਸ ਕਾਰਵਾਈ ਕੀਤੀ ਹੈ ਅਤੇ ਨਾ ਹੀ ਕਤਲ ਕਾਂਡ ਦੇ ਇੱਕ ਹਫ਼ਤਾ ਬੀਤਣ ਮਗਰੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਮੇਟੀ ਨੇ ਦੱਸਿਆ ਕਿ ਜਿਹੜੇ ਚੇਲਿਆਂ ’ਤੇ ਪਰਨਜੀਤ ਸਿੰਘ ਵੱਲੋਂ ਬਿਆਨ ਦਰਜ਼ ਕਰਵਾਏ ਸਨ ਉਹਨਾਂ ਨੂੰ ਇੱਕ ਵਾਰ ਹਿਰਾਸਤ ਵਿੱਚ ਲੈ ਕੇ ਬਿਨਾ ਕਿਸੇ ਠੋਸ ਕਾਰਵਾਈ ਦੇ ਰਿਹਾਅ ਕਰ ਦਿੱਤਾ । ਐਕਸਨ ਕਮੇਟੀ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਮਾਸੂਮ ਬੱਚਿਆਂ ਦੀ ਅੰਤਮ ਅਰਦਾਸ ਤੇ ਪਾਠ ਦਾ ਭੋਗ ਜੋ ਇਸ ਐਤਵਾਰ ਨੂੰ ਕੋਟ ਫ਼ੱਤਾ ਦੇ ਗੁਰੂਦੁਆਰਾ ਸਾਹਿਬ ਵਿੱਚ ਪੈਣਾ ਸੀ ਤੇ ਜੇ ਚੇਲਿਆਂ ਨੂੰ ਹਿਰਾਸਤ ਵਿੱਚ ਨਾ ਲਿਆ ਗਿਆ ਤਾਂ ਅੰਤਮ ਅਰਦਾਸ ਦੀ ਬਜਾਏ ਬੱਚਿਆਂ ਦੀਆਂ ਅਸਥੀਆਂ ਲੈ ਕੇ ਸੜ੍ਹਕਾਂ ਜਾਮ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਐਕਸਨ ਕਮੇਟੀ ਨੇ ਕਿਹਾ ਕਿ ਉਹਨਾਂ ਨੂੰ ਇਸ ਕਤਲ ਕਾਂਡ ਵਿੱਚ ਕੋਟ ਫ਼ੱਤਾ ਤੋਂ ਇਲਾਵਾ ਪਿੰਡ ਕੋਟਭਾਰਾ, ਧੰਨ ਸਿੰਘ ਖਾਨਾ, ਰਾਮਗੜ੍ਹ ਭੂੰਦੜ ਦੇ ਵਸਨੀਕਾਂ ਨੇ ਵੀ ਹਿਮਾਇਤ ਕਰਦਿਆ ਸਹਿਯੋਗ ਦਾ ਵਾਅਦਾ ਕੀਤਾ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media