ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੋਈ ਇਤਿਹਾਸਿਕ ਜਿੱਤ ਦੇ ਸਹਿਯੋਗੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨਵਾਦ ਕਰਨ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦੇ ਪੁਰਾਣੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਹੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਲਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਨ੍ਹਾਂ ਦੀ ਰਿਹਾਇਸ਼ ਮਾਡਲ ਟਾਉਨ ਵਿਖੇ ਸਾਥੀ ਮੈਂਬਰਾਂ ਨਾਲ ਗਏ।
ਇਥੇ ਇਹ ਜਿਕਰਯੋਗ ਹੈ ਕਿ 26 ਫਰਵਰੀ ਨੂੰ ਹੋਈਆਂ ਚੋਣਾਂ ਤੋਂ ਪਹਿਲੇ ਜਥੇਦਾਰ ਰਛਪਾਲ ਸਿੰਘ ਨੇ ਮਨਜੀਤ ਸਿੰਘ ਜੀ.ਕੇ ਦੀ ਟੀਮ ਵੱਲੋਂ ਬੀਤੇ 4 ਸਾਲਾਂ ਦੌਰਾਨ ਕਮੇਟੀ ’ਚ ਕੀਤੇ ਗਏ ਕੰਮਾਂ ਨੂੰ ਬੇਮਿਸਾਲ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਸੀ। ਜੀ.ਕੇ. ਨੇ ਜਥੇਦਾਰ ਰਛਪਾਲ ਸਿੰਘ ਨੂੰ ਸ਼ਾਲ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਜਥੇਦਾਰ ਨੂੰ ‘‘ਜਿੰਦਾ ਮਹਾਪੁਰਸ਼’’ ਐਲਾਨਿਆ। ਰਛਪਾਲ ਸਿੰਘ ਨੂੰ ਜਥੇਦਾਰ ਸੰਤੋਖ ਸਿੰਘ ਦਾ ਪੁਰਾਣਾ ਸਾਥੀ ਦੱਸਦੇ ਹੋਏ ਜੀ.ਕੇ. ਨੇ ਕਮੇਟੀ ਚੋਣਾਂ ਵਿਚ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਨੂੰ ਬਜ਼ੁਰਗਾਂ ਦੇ ਅਸ਼ੀਰਵਾਦ ਵੱਜੋਂ ਦੱਸਿਆ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਹਰਵਿੰਦਰ ਸਿੰਘ ਕੇ.ਪੀ.,ਜਸਬੀਰ ਸਿੰਘ ਜੱਸੀ ਅਤੇ ਅਕਾਲੀ ਆਗੂ ਡਾ. ਹਰਮੀਤ ਸਿੰਘ ਤੇ ਜਤਿੰਦਰ ਸਿੰਘ ਸਾਹਨੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media