ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਬਿਊਰੋ) ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਤਿੰਨ ਮੈਂਬਰੀ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚੋਰੀ ਦੇ ਸਮਾਨ ਸਮੇਤ ਦੋ ਚੋਰਾਂ ਨੂੰ ਕਾਬੂ ਕਰਨ ਵਿੱਚ ਸ਼ਫਲਤਾ ਹਾਸਲ ਕੀਤੀ ਹੈ, ਜਦਕਿ ਉਨਾਂ ਦਾ ਤੀਜਾ ਸਾਥੀ ਅਜੇ ਭਗੌੜਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਸੂਬਾ ਸਿੰਘ ਤੇ ਏ.ਐਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਈਸਟ ਮੋਹਨ ਨਗਰ 100 ਫੁੱਟੀ ਸੜਕ ‘ਤੇ ਸਥਿਤ ਸਟੇਟ ਬੈਂਕ ਦੇ ਸੁਰਖਿਆ ਗਾਰਡ ਪ੍ਰਗਟ ਸਿੰਘ ਦਾ ਕਾਲੇ ਰੰਗ ਦਾ ਪੈਸ਼ਨ ਮੋਟਰਸਾਈਕਲ 14 ਮਾਰਚ ਨੂੰ ਚੋਰੀ ਹੋਇਆ ਸੀ ਅਤੇ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਸੀ ਤੇ ਗਾਰਡ ਵਲੋਂ ਸ਼ਿਕਾਇਤ ਮਿਲਣ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ।
ਸੂਬਾ ਸਿੰਘ ਨੇ ਦੱਸਿਆ ਕਿ ਉਨਾਂ ਨੇ ਜਦ ਚਮਰੰਗ ਰੋਡ ਦੇ ਢੀਂਗਰਾ ਚੌਕ ਵਿੱਚ ਏ.ਐਸ.ਆਈ ਕੁਲਵੰਤ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਨਾਕਾ ਲਾਇਆ ਹੋਇਆ ਸੀ ਤਾਂ ਉਨਾਂ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਕੁੱਝ ਵਿਅਕਤੀ ਸ਼ੱਕੀ ਹਾਲਤ ਵਿੱਚ ਢੀਂਗਰਾ ਚੌਕ ਵੱਲ ਆ ਰਹੇ ਹਨ ਤਾਂ ਪੁਲਿਸ ਪਾਰਟੀ ਨੇ ਚੌਕਸੀ ਵਰਤਦਿਆਂ ਜਦ ਉਕਤ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛ ਪੜਤਾਲ ਕੀਤੀ ਤਾਂ ਉਹ ਕੋਈ ਸਹੀ ਜਵਾਬ ਨਾ ਦੇ ਸਕੇ।
ਇਸ ਲਈ ਜਦੋਂ ਉਨਾਂ ਦੀ ਸਖਤੀ ਨਾਲ ਪੜਤਾਲ ਕੀਤੀ ਗਈ ਤਾਂ ਕਥਿਤ ਦੋਸ਼ੀਆਂ ਨੇ ਆਪਣੀ ਸ਼ਨਾਖਤ ਲਵਪ੍ਰੀਤ ਸਿੰਘ ਉਰਫ ਕਾਕਾ ਵਾਸੀ ਪੱਤੀ ਬਾਬਾ ਜੀਵਨ ਸਿੰਘ ਪਿੰਡ ਚਾਟੀਵਿੰਡ, ਤਰਨਤਾਰਨ ਰੋਡ ਅਤੇ ਵਿਜੇ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਏਕਤਾ ਨਗਰ ਚਮਰੰਗ ਰੋਡ ਦੱਸੀ।ਉਕਤ ਦੋਸ਼ੀਆਂ ਨੇ ਮੰਨਿਆ ਕਿ ਉਨਾਂ ਨੇ ਸਟੇਟ ਬੈਂਕ ਦੇ ਬਾਹਰੋ ਇੱਕ ਕਾਲੇ ਰੰਗ ਦਾ ਮੋਟਰਸਾਈਕਲ ਚੋਰੀ ਕੀਤਾ ਸੀ ਅਤੇ ਤਰਨ ਤਾਰਨ ਰੋਡ ਸਥਿਤ ਕੋਹਲੀ ਟੈਲੀਕਾਮ ਨਾਮ ਦੀ ਦੁਕਾਨ ਵਿੱਚ ਸੰਨ ਲਾ ਕੇ ਵੱਖ ਵੱਖ ਕੰਪਨੀਆਂ ਦੇ 45 ਮੋਬਾਇਲ ਅਤੇ ਇੱਕ ਐਲ.ਸੀ.ਡੀ ਸਕਰੀਨ ਚੋਰੀ ਕੀਤੀ ਸੀ।ਉਨਾਂ ਦੱਸਿਆ ਕਿ ਉਨਾਂ ਦਾ ਇੱਕ ਹੋਰ ਸਾਥੀ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਚਾਟੀਵਿੰਡ ਤਰਨਤਾਰਨ ਰੋਡ ਵੀ ਉਨਾਂ ਦੇ ਨਾਲ ਚੋਰੀਆਂ ਕਰਦਾ ਹੈ। ਏ.ਐਸ.ਆਈ ਨੇ ਦੱਸਿਆ ਕਿ ਉਕਤ ਫੜੇ ਗਏ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੇ ਦੋ ਮੋਬਾਇਲ, ਇੱਕ ਐਲ.ਸੀ.ਡੀ ਅਤੇ ਕਾਲੇ ਰੰਗ ਦਾ ਬਿਨਾਂ ਨੰਬਰੀ ਮੋਟਰਸਾਈਕਲ ਆਦਿ ਸਮਾਨ ਬਰਾਮਦ ਕਰ ਲਿਆ ਹੈ। ਏ.ਐਸ.ਆਈ ਸੂਬਾ ਸਿੰਘ ਨੇ ਕਿਹਾ ਕਿ ਤਿੰਨਾਂ ਦੋਸ਼ੀਆਂ ਦੇ ਖਿਲਾਫ ਥਾਣਾ ਬੀ ਡਵੀਜਨ ਵਿਖੇ ਮਾਮਲਾ ਦਰਜ ਕਰ ਕੇ ਭਗੌੜੇ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਅਰੰਭ ਦਿਤੀ ਹੈ।ਇਸ ਮੌਕੇ ਸਬ ਇੰਸਪੈਕਟਰ ਸੁਮਨਪ੍ਰੀਤ ਕੌਰ ਕਾਂਸਟੇਬਲ ਪ੍ਰਦੀਪ ਕੁਮਾਰ ਆਦਿ ਮੌਜੂਦ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media