ਨਵੀਂ ਦਿੱਲੀ, 31 ਮਾਰਚ (ਪੰਜਾਬ ਪੋਸਟ ਬਿਊਰੋ)- ਰਾਜੌਰੀ ਗਾਰਡਨ ਵਿਧਾਨ ਸਭਾ ਜਿਮਨੀ ਚੋਣ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ ਹੈ।ਪਾਰਟੀ ਦੇ ਸੱਕਤਰ ਜਨਰਲ ਅਤੇ ਸਾਂਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ, ਪ੍ਰੇਮ ਸਿੰਘ ਚੰਦੂਮਾਜ਼ਰਾ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਰਟੀ ਦਫ਼ਤਰ ਵਿਖੇ ਪਾਰਟੀ ਅਹੁੱਦੇਦਾਰਾਂ ਅਤੇ ਕਾਰਕੂਨਾਂ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਵੱਡੇ ਅੰਤਰ ਤੋਂ ਜਿੱਤ ਦਿਵਾਉਣ ਲਈ ਕਾਰਜ ਕਰਨ ਦੀ ਹਿਤਾਇਤ ਦਿੱਤੀ।
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ ਥਾਪਰ ਦੀ ਨਿਗਰਾਨੀ ਹੇਠ ਉਕਤ ਚੋਣ ਲੜੇ ਜਾਣ ਦਾ ਐਲਾਨ ਕਰਦੇ ਹੋਏ ਢੀਂਡਸਾ ਨੇ ਕਾਰਕੂਨਾਂ ਨੂੰ ਡੱਟ ਕੇ ਤਾਕਤ ਲਾਉਣ ਦੀ ਤਾਕੀਦ ਕੀਤੀ।ਚੰਦੂਮਾਜ਼ਰਾ ਨੇ ਕਿਹਾ ਕਿ 9 ਅਪ੍ਰੈਲ ਨੂੰ ਹੋ ਰਹੀ ਰਾਜੌਰੀ ਗਾਰਡਨ ਚੋਣ ਜਿੱਤਣ ਨਾਲ 23 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਨਗਰ ਨਿਗਮ ਦੀ ਚੋਣਾਂ ’ਚ ਗਠਬੰਧਨ ਲਈ ਚੰਗੇ ਨਤੀਜੇ ਆਉਣ ਦੀ ਆਸ਼ ਬੱਝੇਗੀ।ਭੁੰਦੜ ਨੇ ਕਿਹਾ ਕਿ ਜਿਮਨੀ ਚੋਣ ਜਿੱਤਣ ਨਾਲ ਅਕਾਲੀ ਦਲ ਨੂੰ ਬੌਧਿਕ ਅਤੇ ਸਿਆਸੀ ਤਾਕਤ ਪ੍ਰਾਪਤ ਹੋਵੇਗੀ।

ਜੀ.ਕੇ. ਨੇ ਦਿੱਲੀ ਇਕਾਈ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੂੰ ਪੰਜਾਬ ਤੋਂ ਆ ਰਹੇ ਆਗੂਆਂ ਦੇ ਨਾਲ ਤਾਲਮੇਲ ਦੀ ਹਿਦਾਇਤ ਦਿੱਤੀ। ਉਨਾਂ ਕਿਹਾ ਆਗੂ ਪੂਰੀ ਤਨਦੇਹੀ ਨਾਲ ਸਥਾਨਕ ਭਾਜਪਾ ਅਤੇ ਅਕਾਲੀ ਆਗੂਆਂ ਨਾਲ ਮਿਲ ਕੇ ਕੰਮ ਕਰਨ ਤਾਂਕਿ ਸਿਰਸਾ ਦੀ ਜਿੱਤ ਯਕੀਨੀ ਹੋ ਸਕੇ। ਨਗਰ ਨਿਗਮ ਚੋਣਾਂ ਤੋਂ ਪਹਿਲੇ ਵਿਧਾਨ ਸਭਾ ਜਿਮਨੀ ਚੋਣ ਦੀ ਜਿੱਤ ਨੂੰ ਜੀ.ਕੇ ਨੇ ਜਰੂਰੀ ਦੱਸਿਆ।
ਆਮ ਆਦਮੀ ਪਾਰਟੀ ਸਰਕਾਰ ਦੀ ਬੀਤੇ 2 ਵਰ੍ਹਿਆਂ ਦੀ ਕਾਰਗੁਜਾਰੀ ’ਤੇ ਗੁਮਰਾਹਕੁਨ ਤੱਥਾਂ ਦੇ ਹਾਵੀ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਅਰਵਿੰਦ ਕੇਜਰੀਵਾਲ ਦੀ ਪ੍ਰਸ਼ਾਸਨਿਕ ਤਾਕਤ `ਤੇ ਵੀ ਸਵਾਲ ਚੁੱਕੇ। ਜੀ.ਕੇ ਨੇ ਕਿਹਾ ਕਿ ਹਰ ਗੱਲ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੰਮੇਵਾਰ ਦੱਸਣ ਵਾਲੇ ਕੇਜਰੀਵਾਲ ਕੀ ਇਹ ਦੱਸਣਗੇ ਕਿ ਨਿੱਜੀ ਬਿਜਲੀ ਕੰਪਨੀਆਂ ਦੇ ਆਡਿਟ ਤੋਂ ਉਨ੍ਹਾਂ ਨੂੰ ਕਿਸ ਨੇ ਰੋਕਿਆ ਹੈ ? ਵਿਧਾਇਕਾਂ ਦੀ ਤਨਖਾਹਾਂ ਵਧਾਉਣ, ਮੰਤਰੀਆਂ ਨੂੰ ਬੰਗਲੇ ਅਤੇ ਸੁਰੱਖਿਆ ਲੈਣ ਤੋਂ ਪਹਿਲਾ ਕੀ ਉਨ੍ਹਾਂ ਨੇ ਦਿੱਲੀ ਦੀ ਜਨਤਾ ਦੀ ਰਾਇ ਪ੍ਰਾਪਤ ਕੀਤੀ ਸੀ ?
ਇਥੇ ਦੱਸ ਦੇਈਏ ਕਿ ਉਕਤ ਸੀਟ ’ਤੇ ਜਿਮਨੀ ਚੋਣ ਵਿਧਾਇਕ ਜਰਨੈਲ ਸਿੰਘ ਵੱਲੋਂ ਅਸਤੀਫਾ ਦੇ ਕੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਲੰਬੀ ਤੋਂ ਚੋਣ ਲੜਨ ਕਰਕੇ ਹੋ ਰਹੀ ਹੈ। ਅਕਾਲੀ ਕੋਟੇ ਦੀ ਇਸ ਸੀਟ ’ਤੇ ਅਕਾਲੀ ਦਲ 2008, 2013 ਤੇ 2015 ’ਚ ਤਕੜੀ ਚੋਣ ਨਿਸ਼ਾਨ ਤੇ ਚੋਣ ਲੜ ਚੁੱਕਿਆ ਹੈ। 2013 ਵਿਖੇ ਸਿਰਸਾ ਲਗਭਗ 10 ਹਜ਼ਾਰ ਵੋਟਾਂ ਤੋਂ ਸੀਟ ਜਿੱਤ ਕੇ ਵਿਧਾਇਕ ਬਣ ਚੁੱਕੇ ਹਨ। ਪਰ ਇਸ ਵਾਰ ਸਿਰਸਾ ਭਾਜਪਾ ਦੇ ਚੋਣ ਨਿਸ਼ਾਨ ‘‘ਕਮਲ’’ ਤੇ ਆਪਣੀ ਕਿਸ਼ਮਤ ਆਜਮਾ ਰਹੇ ਹਨ।
Punjab Post Daily Online Newspaper & Print Media