
ਪਠਾਨਕੋਟ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਸ਼ਹਿਰ ਅੰਦਰ ਸੜਕ ‘ਤੇ ਪੀਲੀ ਲਾਈਨ ਲਗਾਉਣ ਦਾ ਕੰਮ 10 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਪੀਲੀ ਲਾਈਨ ਲੱਗਣ ਉਪਰੰਤ ਇਸ ਲਾਈਨ ਤੋਂ ਬਾਹਰ ਲਗਾਏ ਗਏ ਵਾਹਨਾਂ ‘ਤੇ ਟ੍ਰੈਫਿਕ ਨਿਯਮਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੜਕ ਸੁਰੱਖਿਆ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਸਬੰਧੀ ਆਯੋਜਿਤ ਜਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਅਿਾਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਵਿਵੇਕ ਸ਼ੀਲ ਸੋਨੀ ਐਸ.ਐਸ.ਪੀ, ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰ ਸਿੰਘ ਐਸ.ਡੀ.ਐਮ.ਪਠਾਨਕੋਟ, ਜਸਵੰਤ ਸਿੰਘ ਢਿਲੋਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਰਣਜੀਤ ਸਿੰਘ ਡੀ.ਐਸ.ਪੀ., ਡਾ. ਤਰਸੇਮ ਸਿੰਘ ਜਿਲ੍ਹਾ ਸਿਹਤ ਅਫਸਰ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਵਪਾਰ ਮੰਡਲ ਤੇ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਦੇ ਨੁੰਮਾਇਦੇ ਹਾਜ਼ਰ ਸਨ।
ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹਿਰ ਪਠਾਨਕੋਟ ਅੰਦਰ ਰੋਡਾਂ ‘ਤੇ ਹੋ ਰਹੀ ਨਜਾਇਜ ਪਾਰਕਿੰਗ ਨੂੰ ਰੋਕਣ ਲਈ ਏ.ਪੀ.ਕੇ ਰੋਡ, ਢਾਂਗੂ ਰੋਡ ਅਤੇ ਪੀਰ ਬਾਬਾ ਚੋਕ ਤੋਂ ਪਟੇਲ ਚੋਕ ਤੱਕ ਪੀਲੀ ਲਾਈਨ ਲਗਾਈ ਜਾਏਗੀ ਤਾਂ ਜੋ ਲੋਕਾਂ ਨੂੰ ਵਾਹਨ ਪਾਰਕ ਕਰਨ ਵਿੱਚ ਕਿਸੇ ਕਿਸਮ ਦੀ ਪਰੇਸਾਨੀ ਨਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਨਾਲ ਉਕਤ ਰੋਡਾਂ ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣ।ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦਾ ਮੌਕੇ ‘ਤੇ ਹੀ ਚਲਾਨ ਕੱਟਣ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਕਿੰਗ ਦੀ ਸੁਵਿਧਾ ਉਪਲਬੱਧ ਕਰਵਾਉਂਣ ਲਈ ਸਿਟੀ ਕੰਪਲੈਕਸ ਬਾਲਮੀਕਿ ਚੋਕ ਵਿਖੇ ਪਾਰਕਿੰਗ ਦੀ ਸੁਵਿਧਾ ਸੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਸ਼ਹਿਰ ਵਿੱਚ ਹੋਰ ਸਥਾਨਾਂ ਤੇ ਵੀ ਪਾਰਕਿੰਗ ਦੀ ਸੁਵਿਧਾ ਲਈ ਯੋਜਨਾ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜਰ ਵਪਾਰ ਮੰਡਲ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਸ਼ਹਿਰ ਵਿੱਚੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਦੁਕਾਨਦਾਰਾਂ ਨੂੰ ਅਪੀਲ ਕਰਨ ਕਿ ਉਹ ਆਪਣੀ ਦੁਕਾਨ ਦਾ ਸਮਾਨ ਦੁਕਾਨ ਅੰਦਰ ਹੀ ਲਗਾਉਣ ਅਤੇ ਦੁਕਾਨ ਦੇ ਬਾਹਰ ਸਮਾਣ ਨਾ ਲਗਾਉਣ। ਉਨ੍ਹਾਂ ਕਿਹਾ ਕਿ ਸਾਡੀ ਖੁੱਦ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੂਰਨ ਸਹਿਯੋਗ ਕਰੀਏ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਈਏ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜਰ ਵੱਖ ਵੱਖ ਸਵੈ ਸੇਵੀ ਸੰਸਥਾਵਾਂ ਦੇ ਨੁੰਮਾਇਦਿਆਂ ਤੋਂ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸੁਝਾਅ ਵੀ ਲਏ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media