Wednesday, June 10, 2026

ਸਿੱਖ ਕਤਲੇਆਮ ਨੂੰ ਨਸ਼ਲਕੁਸ਼ੀ ਨਾ ਮੰਨਣ ਦੇ ਮਸਲੇ ’ਤੇ ਭਾਰਤ ਸਰਕਾਰ ਸੰਸਦ ’ਚ ਮੁਆਫ਼ੀ ਮੰਗੇ – ਦਿੱਲੀ ਕਮੇਟੀ

PPN1004201408ਨਵੀਂ ਦਿੱਲੀ, 10 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਨੂੰ ਨਸ਼ਲਕੁਸੀ ਨਾ ਮੰਨਣ ਦੇ ਭਾਰਤ ਸਰਕਾਰ ਦੇ ਤਾਜ਼ਾ ਸਟੈਂਡ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੇਵਰ ਸਖਤ ਕਰ ਲਏ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤੀ ਸੰਸਦ ’ਚ ਇਸ ਬਾਰੇ ਭਾਰਤ ਸਰਕਾਰ ਨੂੰ ਮੁਆਫ਼ੀ ਮੰਗਣ ਦੀ ਮੰਗ ਕਰਦੇ ਹੋਏ ਸਿੱਖਾਂ ਦੀ ਭਾਵਨਾਵਾ ਨਾਲ ਕੂਟਨੀਤੀ ਸਹਾਰੇ ਨਾ ਖੇਡਣ ਦੀ ਅਪੀਲ ਕੀਤੀ।
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤਿ ਜੋਤੀ ਸਮਾਉਣ ਦੇ ਪੁਰਬ ਮੌਕੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਸ ਮਸਲੇ ’ਤੇ ਵਿਚਾਰਕ ਵਿਰੋਧ ਕਰਨ ਦਾ ਵੀ ਐਲਾਨ ਕੀਤਾ। ਦਰਅਸਲ ਕੈਨੇਡਾ ਦੇ ਉਂਟਾਰੀਓ ਸੂਬੇ ਦੀ ਐਸੰਬਲੀ ’ਚ ਬੀਤੇ ਦਿਨੀਂ 1984 ਸਿੱਖ ਕਤਲੇਆਮ ਨੂੰ ‘‘ਸਿੱਖ ਦੰਗਿਆ ਦੀ ਥਾਂ ਨਸ਼ਲਕੁਸ਼ੀ’’ ਦੱਸੇ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ ਜਿਸਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਗਲਤ ਅਤੇ ਤੱਥਾਂ ਤੋਂ ਪਰੇ ਦੱਸਿਆ ਸੀ।
ਜੀ.ਕੇ. ਨੇ ਕਿਹਾ ਕਿ ਦੰਗਿਆ ਦਾ ਮਤਲਬ ਦੋ ਧਿਰਾਂ ਵਿਚ ਖੂੰਨੀ ਸੰਘਰਸ਼ ਹੁੰਦਾ ਹੈ ਪਰ ਸਾਨੂੰ ਤੇ ਧਰਮ ਦੇ ਆਧਾਰ ’ਤੇ ਚੁਣ-ਚੁਣ ਕੇ ਮਾਰ ਮੁਕਾਇਆ ਗਿਆ ਸੀ।ਜਿਸ ਵਿਚ ਵੇਲੇ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕਾਤਿਲਾਂ ਦੀ ਪਿੱਠ ਤੇ ਖੜੇ ਸਨ।ਫਿਰ ਕਿਸ ਤਰ੍ਹਾਂ ਅਸੀਂ ਸਰਕਾਰ ਦੀ ਸ਼ਹਿ ਤੇ ਕਰਵਾਏ ਗਏ ਕਤਲੇਆਮ ਨੂੰ ਦੰਗਾ ਮੰਨ ਲਈਏ। ਨਵੰਬਰ 2014 ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸਿੱਖ ਨਸ਼ਲਕੁਸ਼ੀ ਦੀ ਮਾਨਤਾ ਦਿੱਤੇ ਜਾਣ ਦੇ ਆਏ ਬਿਆਨ ਤੋਂ ਬਾਅਦ ਭਾਰਤ ਸਰਕਾਰ ਦੇ ਮੌਜੂਦਾ ਸਟੈਂਡ ਨੂੰ ਜੀ.ਕੇ ਨੇ ਗੁਮਰਾਹਕੁੰਨ ਕਰਾਰ ਦਿੱਤਾ।
ਅੰਡਮਾਨ-ਨਿਕੋਬਾਰ ਦੀ ਜੇਲ੍ਹ ’ਚ ਆਜ਼ਾਦੀ ਦੀ ਲੜਾਈ ਦੌਰਾਨ ਸਭ ਤੋਂ ਜਿਆਦਾ ਕਾਲੇ ਪਾਣੀ ਦੀ ਸ਼ਜਾ ਕਟਣ ਵਾਲੇ ਸਿੱਖਾਂ ਦੇ ਮਾਨਮਤੇ ਇਤਿਹਾਸ ਨੂੰ ਸਰਕਾਰੀ ਅਜਾਇਬਘਰ ਤੋਂ ਹਟਾਏ ਜਾਣ ਦੀ ਆ ਰਹੀਆਂ ਮੀਡੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਸਰਕਾਰ ਨੂੰ ਸਿੱਖਾਂ ਦੇ ਜਜ਼ਬਾਤਾਂ ਨਾਲ ਨਾ ਖੇਡਣ ਦੀ ਚੇਤਾਵਨੀ ਦਿੱਤੀ।ਜੀ.ਕੇ ਨੇ ਕਿਹਾ ਕਿ ਜੇਕਰ ਸਿੱਖ ਗੁਰੂ ਅਤੇ ਸਿੱਖ ਇਸ ਦੇਸ਼ ਦੇ ਲਈ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਤਿਰੰਗਾ ਨਾ ਝੂਲ ਰਿਹਾ ਹੁੰਦਾ। ਬਾਲਾ ਸਾਹਿਬ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਛੇਤੀ ਖੋਲਣ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਸੰਗਤਾਂ ਦੇ ਪਿਆਰ ਅਤੇ ਸਹਿਯੋਗ ਨਾਲ ਕਾਰਜਾਂ ਦੇ ਨੇਪੜੇ ਚੜਨ ਦੀ ਆਸ਼ ਜਤਾਈ।
ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਜਿਕਰ ਕਰਦੇ ਹੋਏ ਜੀ.ਕੇ ਨੇ ਉਸ ਦੇ ਸਿੱਟੇ ਵੱਜੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਿਮ ਸਸਕਾਰ ਵਾਲੀ ਥਾਂ ਤੇ ਉਸਰੇ ਬਾਰਾਪੂਲਾ ਫ਼ਲਾਈਓਵਰ ਦਾ ਨਾਂ ‘ਬਾਬਾ ਬੰਦਾ ਸਿੰਘ ਬਹਾਦਰ ਸੇਤੂ’ ਰੱਖੇ ਜਾਣ ਦਾ ਦਾਅਵਾ ਕੀਤਾ। ਇਸਤੋਂ ਪਹਿਲੇ ਜੀ.ਕੇ. ਨੇ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਸਖੇਪ ਇਤਿਹਾਸ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਕਰਨ ਦੇ ਨਾਲ ਹੀ ਸੰਗਤ ਨੂੰ ਗੁਰਮਤਿ ਸਿਧਾਂਤਾ ਤੇ ਪਹਿਰਾ ਦੇਣ ਦੀ ਤਾਕੀਦ ਕੀਤੀ। ਕੁਲਮੋਹਨ ਸਿੰਘ ਨੇ ਡੇਰਾਵਾਦ ’ਤੇ ਕਰਾਰੀ ਚੋਟ ਕਰਦੇ ਹੋਏ ਸੰਗਤ ਨੂੰ ਚੋਲਿਆਂ ਦੀ ਥਾਂ ਸਿਧਾਂਤ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਸ਼ਰੀਰ ਦੀ ਥਾਂ ਤਾਕਤ ਜੋਤ ਵਿਚ ਹੋਣ ਦਾ ਵੀ ਦਾਅਵਾ ਕੀਤਾ।ਉਨ੍ਹਾਂ ਕਿਹਾ ਕਿ ਇੱਕ ਪਾਸੇ 70 ਸਾਲ ਦੇ ਗੁਰੂ ਅਮਰਦਾਸ ਕੋਲ ਵੀ ਉਹੀ ਰੱਬੀ ਨੂਰ ਤੇ ਗੁਰਮਤਿ ਸਿਧਾਂਤ ਸੀ ਜੋ 5 ਸਾਲ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਸੀ। ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਜੋ ਜੋਤ ਤਬਦੀਲ ਹੋਈ ਉਹ ਸ਼ਰੀਰਿਕ ਨਹੀਂ ਸਗੋਂ ਰੂਹਾਨੀਅਤ ਦੇ ਤਬਦੀਲ ਵੱਜੋਂ ਸੀ, ਪਰ ਉਸ ਦਾ ਨਿਸ਼ਾਨਾ ਕੇਵਲ ਸਰਬ ਲੋਕਾਈ ਨੂੰ ਵਹਿਮ ਭਰਮ ’ਚੋਂ ਬਾਹਰ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਨ ਦਾ ਸੀ।
ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਤਰਵਿੰਦਰ ਸਿੰਘ ਮਾਰਵਾਹ ਨੇ ਕਮੇਟੀ ਵੱਲੋਂ ਬੀਤੇ 4 ਸਾਲਾਂ ਵਿਚ ਕੀਤੇ ਗਏ ਕਾਰਜਾਂ ਦੀ ਸਲਾਘਾ ਕਰਦੇ ਹੋਏ ਸੰਗਤਾਂ ਨੂੰ ਕਮੇਟੀ ਨਾਲ ਸਹਿਯੋਗ ਕਰਨ ਦੀ ਵੀ ਬੇਨਤੀ ਕੀਤੀ।ਇਸ ਮੌਕੇ ਸਟੇਜ਼ ਸਕੱਤਰ ਦੀ ਸੇਵਾ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਅਤੇ ਬਾਬਾ ਸ਼ਾਨ ਸਿੰਘ ਨੂੰ ਜੀ.ਕੇ ਵੱਲੋਂ ਇਸ ਮੌਕੇ ਸ਼ਾਲ ਦੇ ਕੇ ਪੰਥ ਲਈ ਕੀਤੀ ਜਾ ਰਹੀਆਂ ਸੇਵਾਵਾਂ ਲਈ ਨਿਵਾਜਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply