ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਨੂੰ ਚੰਡੀਗੜ੍ਹ ਵਿਖੇ ਹੋਏ ‘ਦੂਜੇ ਰਾਸ਼ਟਰੀ ਪੰਜਾਬ ਸਿਖਿਆ ਅਤੇ ਸਨਮਾਨ ਸੰਮੇਲਨ-2017’ ’ਚ ਪੰਜਾਬ ’ਚੋਂ ਸਰਵੋਤਮ ਸੰਸਾਧਨ ਵਾਲੇ ਕਾਲਜ ਦਾ ਸਨਮਾਨ ਦਿੱਤਾ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਮੈਨੇਜ਼ਮੈਂਟ ਦਫਤਰ ਵਿਖੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਮੇਲਨ ਸੀ. ਐੱਮ. ਏ. ਆਈ. ਐਸੋਸੀਏਸ਼ਨ ਆਫ਼ ਇੰਡੀਆ ਵੱਲ੍ਹੋਂ ਕਰਵਾਇਆ ਗਿਆ।
ਛੀਨਾ ਨੇ ਕਾਲਜ ਦੁਆਰਾ ਉਕਤ ਸਨਮਾਨ ਪ੍ਰਾਪਤ ਕਰਨ ’ਤੇ ਪ੍ਰਿੰ: ਡਾ. ਮਹਿਲ ਸਿੰਘ ਮੁਬਾਰਕਬਾਦ ਦਿੰਦਿਆ ਕਿਹਾ ਕਿ ਪ੍ਰਾਚੀਨ ਸਮੇਂ ਤੋਂ ਹੀ ਕਾਲਜ ਨੇ ਦੇਸ਼ ਨੂੰ ਜਿੱਥੇ ਨਾਮਵਰ ਖਿਡਾਰੀ, ਉਚ ਦਰਜੇ ਦੇ ਵਿਦਵਾਨ, ਅਦਾਕਾਰ, ਡਾਕਟਰ ਆਦਿ ਦਿੱਤੇ, ਉੱਥੇ ਕਾਲਜ ਦੇ ਵਧੀਆ ਨਿਯਮਾਂ ਨਾਲ ਵੱਡੇ ਪੱਧਰ ’ਤੇ ਉੱਚ ਸਨਮਾਨ ਵੀ ਹਾਸਲ ਕੀਤੇ ਹਨ। ਉਨ੍ਹਾਂ ਇਸ ਮੌਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਡਾ. ਮਹਿਲ ਸਿੰਘ ਨੇ ਕਿਹਾ ਕਿ ਉਕਤ ਸਨਮਾਨ ਦੇ ਸਬੰਧ ’ਚ ਅਨੇਕਾਂ ਸਰਕਾਰੀ, ਅਰਧ-ਸਰਕਾਰੀ ਤੇ ਗੈਰ-ਸਰਕਾਰੀ ਸੰਗਠਨ ਦੇ ਨੁਮਾਇੰਦਿਆਂ ਨੇ ਫ਼ੈਸਲਾ ਲਿਆ। ਇਨ੍ਹਾਂ ਸੰਗਠਨਾਂ ’ਚ ਭਾਰਤ ਸਰਕਾਰ ਦੇ ਕਈ ਵਿਭਾਗ ਜਿਵੇਂ ਐੱਚ. ਆਰ. ਡੀ, ਏ. ਆਈ. ਸੀ. ਈ. ਟੀ., ਏ. ਆਈ. ਯੂ, ਐੱਨ. ਆਈ. ਈ. ਆਈ. ਟੀ, ਡਿਪਾਰਟਮੈਂਟ ਆਫ਼ ਟੈਲੀਕਾਮ, ਮਨਿਸਟਰੀ ਆਫ਼ ਆਈ. ਟੀ, ਮਨਿਸਟਰੀ ਆਫ਼ ਐੱਸ. ਐੱਮ. ਈ ਅਤੇ ਮਨਿਸਟਰੀ ਆਫ਼ ਐਨ. ਆਰ. ਈ. ਸ਼ਾਮਿਲ ਹੋਏ।
ਉਨ੍ਹਾਂ ਇਸ ਨਿਵੇਕਲੀ ਸਫ਼ਲਤਾ ਦੀ ਖੁਸ਼ੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਕਾਲਜ ਨੂੰ ਅਜਿਹਾ ਸਨਮਾਨ ਹਾਸਲ ਹੋਣਾ ਮੈਨੇਜਮੈਂਟ ਦੇ ਉਤਸ਼ਾਹੀ ਸਹਿਯੋਗ, ਸਟਾਫ਼ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਚਿੱਤ ਸੰਸਾਧਨ ਪ੍ਰਦਾਨ ਕਰਨਾ ਕਾਲਜ ਦਾ ਮੁੱਢਲਾ ਫਰਜ਼ ਹੁੰਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਦਾ ਉੱਚਿਤ ਮਾਹੌਲ ਮਿਲ ਸਕੇ।ਇਸ ਦੇ ਲਈ ਮੈਨੇਜਮੈਂਟ ਨੇ ਕਾਲਜ ਨੂੰ ਦਿਲ ਖੋਹਲ ਕੇ ਮਦਦ ਦਿੱਤੀ, ਜਿਸ ਲਈ ਉਹ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਜੇਹੇ ਉੱਚ-ਦਰਜ਼ੇ ਦੇ ਸੰਸਾਧਨਾਂ ਦੇ ਚੱਲਦਿਆਂ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਭਵਿੱਖ ’ਚ ਹੋਰ ਵੀ ਬੇਹਤਰ ਨਤੀਜੇ ਦੇ ਕੇ ਕਾਲਜ ਦਾ ਨਾਮ ਰੌਸ਼ਨ ਕਰਨਗੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media