ਫਾਜ਼ਿਲਕਾ, 24 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਨਸ਼ਾ ਮੁਕਤੀ ਤੇ ਪੁਨਰਵਾਸ ਸੁਸਾਇਟੀ ਦੀ ਮੀਟਿੰਗ ਹੋਈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਮੀਟਿੰਗ ਦੌਰਾਨ ਜ਼ਿਲੇ ਅੰਦਰ ਚੱਲ ਰਹੇ ਦੋ ਨਸ਼ਾ ਮੁਕਤੀ ਕੇਂਦਰਾਂ ਅਤੇ ਇੱਕ ਪੁਨਰਵਾਸ ਕੇਂਦਰ ਦੀ ਕਾਰਗੁਜ਼ਾਰੀ ਦਾ ਲੇਖਾ-ਜ਼ੋਖਾ ਕੀਤਾ ਗਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ ਇੰਨਾਂ ਕੇਂਦਰਾਂ ਦੇ ਕੰਮਾਂ ਨੂੰ ਹੋਰ ਬਿਹਤਰੀ ਨਾਲ ਚਲਾ ਕੇ ਨਸ਼ਾ ਮੁਕਤੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਚਾਰ-ਚਰਚਾ ਕੀਤੀ ਗਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲੇ ਵਿੱਚ ਚੱਲ ਰਹੇ ਨਸ਼ਾ ਛੁਡਾਓ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਆਦੇਸ਼ ਦਿੰਦਿਆਂ ਕਿਹਾ ਕਿ ਉਹ ਇਨਾਂ ਕੇਂਦਰਾਂ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਾ ਮੁਕਤੀ ਲਈ ਜਾਗਰੂਕ ਕਰਨ।ਉਨਾਂ ਇਹ ਵੀ ਆਦੇਸ਼ ਦਿੱਤੇ ਕਿ ਨਸ਼ਾ ਪ੍ਰਭਾਵਿਤ ਪਿੰਡਾਂ ਦੀ ਸ਼ਨਾਖਤ ਕਰਕੇ ਉੱਥੇ ਵਿਸ਼ੇਸ਼ ਤੌਰ ਤੇ ਕੈਂਪ ਲਗਾਏ ਜਾਣ।ਉਨਾਂ ਕਿਹਾ ਕਿ ਇੰਨਾਂ ਕੈਂਪਾਂ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੁਮਾਇੰਦਿਆਂ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ। ਉਨਾਂ ਅੱਗੇ ਇਹ ਵੀ ਆਦੇਸ਼ ਦਿੱਤੇ ਕਿ ਸੈਂਟਰਾਂ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸਕਿੱਲ ਡਿਵੈਲਪਮੈਂਟ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਨੌਜਵਾਨ ਕੰਮ ਸਿੱਖ ਕੇ ਆਪੋ-ਆਪਣਾ ਕਾਰੋਬਾਰ ਚਲਾ ਸਕਣ। ਉਨਾਂ ਜ਼ਿਲੇ ਅੰਦਰ ਚੱਲ ਰਹੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਦੇ ਸੰਚਾਲਕਾਂ ਨੂੰ ਵੀ ਕਿਹਾ ਕਿ ਉਹ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਸਰਕਾਰੀ ਪੁਨਰਵਾਸ ਕੇਂਦਰਾਂ ਵਿੱਚ ਭੇਜਣ ਤਾਂ ਜੋ ਇੰਨਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਕਿੱਲ ਡਿਵੈਲਪਮੈਂਟ ਦਾ ਕੰਮ ਸਿਖਾ ਕਿ ਉਨਾਂ ਦੇ ਪੈਰਾਂ ਤੇ ਖੜਾ ਕੀਤਾ ਜਾ ਸਕੇ।
ਇਸ ਮੌਕੇ ਸਿਵਲ ਸਿਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ, ਐਸ.ਐਮ.ਓ ਅਬੋਹਰ ਡਾ. ਲਾਲ ਚੰਦ, ਐਸ.ਐਮ.ਓ ਫਾਜ਼ਿਲਕਾ ਡਾ. ਰਾਜੇਸ਼ ਸ਼ਰਮਾ, ਜੇਲ ਸੁਪਰਡੈਂਟ ਫਾਜ਼ਿਲਕਾ ਉਪਦੇਸ਼ ਕੁਮਾਰ, ਡੀ.ਐਸ.ਪੀ (ਐਚ) ਰਾਹੁਲ ਭਾਰਦਵਾਜ ਆਦਿ ਨਸ਼ਾ ਮੁਕਤੀ ਅਤੇ ਪੁਨਰਵਾਸ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media