ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਜ਼ਿੰਦਗੀ ਦੀਆਂ ਲੋੜਾਂ ਥੁੜਾਂ ਤਲਾਸ਼ਦੇ ਮਨੁੱਖ ਅਤੇ ਬਹੁ ਮੁੱਲੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਲੋਕਾਂ ਤੱਕ ਲੈ ਜਾਣ ਲਈ ਰੰਗਮੰਚ ਹੀ ਸਭ ਤੋਂ ਉਤਮ ਸਾਧਨ ਹੈ। ਮਨੁੱਖ ਕਿਸੇ ਨਾ ਕਿਸੇ ਰੂਪ ’ਚ ਜ਼ਿੰਦਗੀ ਭਰ ਰੰਗਮੰਚ ਕਰਦਾ ਅਤੇ ਹੰਢਾਉਂਦਾ ਹੈ।ਇਹ ਵਿਚਾਰ ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ’ਚ ਪਿਛਲੇ 5 ਦਿਨਾਂ ਤੋਂ ਚੱਲ ਰਹੇ ਪੁਸਤਕ ਮੇਲੇ ’ਚ ਹੋਏ ਸਾਹਿਤਕ ਸਮਾਗਮ ’ਚ ਵਿਦਵਾਨਾਂ ਵੱਲੋਂ ਜਾਹਿਰ ਕੀਤੇ ਗਏ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਪੁਸਤਕ ਸੱਭਿਆਚਾਰ ਨੂੰ ਪ੍ਰਫੁਿਲੱਤ ਕਰਨ ਹਿਤ ਨੈਸ਼ਨਲ ਬੁਕ ਟਰੱਸਟ ਵੱਲੋਂ ਹਰ ਰੋਜ ਆਯੋਜਿਤ ਕੀਤੇ ਜਾਂਦੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਅੱਜ ਪੰਜਾਬੀ ਨਾਟਕ ਅਤੇ ਰੰਗਮੰਚ ਸਮਾਗਮ ਕਾਲਜ ਦੇ ਸੈਮੀਨਾਰ ਹਾਲ ’ਚ ਹੋਇਆ।ਜਿਸ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਰੰਗਮੰਚ ਪੇਸ਼ਕਾਰੀਆਂ ਅਜੋਕੇ ਸਮੇ ਦੀ ਦੌੜ-ਭੱਜ ਵਾਲੀ ਜੀਵਨ ਸ਼ੈਲੀ ’ਚ ਮੁੱਖ ਲੋੜ ਹੈ। ਉਨ੍ਹਾਂ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਗੁਰੂ ਨਾਨਕ ਦੇਵ ਯੁਨੀਵਰਸਿਟੀ ਪਾਸ ਅਜੇ ਤੱਕ ਥੀਏਟਰ ਵਿਭਾਗ ਨਹੀਂ ਹੈ, ਜਦੋਂਕਿ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀਆਂ ਅੰਦਰ ਇਹ ਵਿਭਾਗ ਬੀਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਇਸ ਲਈ ਰੰਗਮੰਚ ਦੀ ਪ੍ਰਫੁਲਿੱਤਾ ਅਤੇ ਨਵੀਂ ਪੀੜੀ ਨੂੰ ਉਸਾਰੂ ਸੇਧ ਦੇਣ ਲਈ ਇਸ ’ਵਰਸਿਟੀ ਅੰਦਰ ਇਸ ਥੀਏਟਰ ਵਿਭਾਗ ਨੂੰ ਕਾਇਮ ਕਰਨਾ ਚਾਹੀਦਾ ਹੈ। 
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਅਤੇ ਰੰਗਕਰਮੀ ਕੇਵਲ ਧਾਲੀਵਾਲ ਨੇ ਆਖਿਆ ਕਿ ਰੰਗ ਮੰਚ ਇਕ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ, ਜਿਸ ਨੇ ਹਿੰਦ-ਪਾਕਿ ਦਰਮਿਆਨ ਕਈ ਦਹਾਕਿਆਂ ਤੋਂ ਉਸਰੀ ਨਫ਼ਰਤ ਦੀ ਦੀਵਾਰ ਨੂੰ ਢਾਹੁਣ ’ਚ ਅਹਿਮ ਭੂਮਿਕਾ ਨਿਭਾਈ ਹੈ।ਇਸ ਲਈ ਰੰਗ ਮੰਚ ਦੀ ਪ੍ਰਗਤੀ ਅਤੇ ਤਰੱਕੀ ਲਈ ਰੰਗਮੰਚ ਨੂੰ ਵਿੱਦਿਅਕ ਅਦਾਰਿਆਂ ਅੰਦਰ 5ਵੀਂ ਜਮਾਤ ਤੋਂ ਹੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।ਇਸ ਉਪਰੰਤ ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਖਿਆ ਕਿ ਰੰਗ ਮੰਚ ਨੂੰ ਅਮੀਰਾਂ ਦੇ ਚੁੰਗਲ ’ਚੋਂ ਬਚਾ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਦਾ ਹਾਣ ਦਾ ਬਣਾਇਆ ਜਾਣਾ ਚਾਹੀਦਾ ਹੈ।
ਰੰਗਮੰਚੀ ਮੰਚਪ੍ਰੀਤ ਨੇ ਆਖਿਆ ਕਿ ਰੰਗਮੰਚ ਨੂੰ ਉਤਸ਼ਾਹਿਤ ਕਰਨ ਵਾਸਤੇ ਰੰਗ ਮੰਚ ਭਵਨ ਉਸਾਰਣ ਦੀ ਲੋੜ ਹੈ। ਇਸ ਦੇ ਨਾਲ ਰੰਗਮੰਚ ਨਾਲ ਸਬੰਧਿਤ ਕਲਕਾਰਾਂ ਲਈ ਆਰਥਿਕ ਵਸੀਲੇ ਵੀ ਤਲਾਸ਼ਣ ਦੀ ਜਰੂਰਤ ਹੈ। ਰੰਗਕਰਮੀ ਗੁਰਿੰਦਰ ਮਕਨਾ ਨੇ ਆਖਿਆ ਕਿ ਸਰਹੱਦ ’ਤੇ ਰਾਖੀ ਕਰਦੇ ਸੈਨਿਕ ਵਾਂਗ ਰੰਗ ਮੰਚ ਦੀ ਸਟੇਜ ’ਤੇ ਖੜ੍ਹਾ ਕਲਾਕਾਰ ਵਲੀ ਆਪਣੇ ਸਮਾਜ ਦੀ ਰਾਖੀ ਵਾਸਤੇ ਵਚਨਬੱਧ ਹੁੰਦਾ ਹੈ।ਸਮਾਗਮ ਦੇ ਅੰਤ ’ਚ ਬਾਹਰੋ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਪੁਸਤਕ ਮੇਲੇ ਦੇ ਕੋਆਡੀਨੇਟਰ ਮਿਸਰਦੀਪ ਭਾਟੀਆ ਨੇ ਆਖਿਆ ਕਿ ਸਾਡੇ ਕੋਲ ਹਰ ਵਿਸ਼ੇ ਦੀ ਭਰਪੂਰ ਪੁਸਤਕਾਂ ਹੋਣ ਦੇ ਬਾਵਜੂਦ ਬਾਲ ਨਾਟਕਾਂ ਦੀ ਘਾਟ ਹੈ।ਇਸ ਲਈ ਲੇਖਕਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਦੀਪ ਦਵਿਦੰਰ ਸਿੰਘ, ਡਾ. ਆਤਮ ਰੰਧਾਵਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਹਰਜੀਤ ਸੰਧੂ, ਪ੍ਰਿੰ. ਅਵਤਾਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਹਰਜੀਤ ਕੌਰ, ਡਾ. ਮਿੰਨੀ ਸਲਵਾਨ, ਮਨਮੋਹਨ ਢਿੱਲੋਂ, ਅਸ਼ੋਕ ਨੀਰ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media