Tuesday, March 24, 2026

‘ਢੱਲਦੀ ਦੁਪਹਿਰ’ ’ਚ ਸ਼ਾਇਰ ਐਸ.ਨਸੀਮ ਨਾਲ ਰਚਾਇਆ ਕਾਵਿ-ਸੰਵਾਦ

PPN1805201704ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ ’ਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬੀ ਸ਼ਾਇਰ ਜਨਮ ਐਸ.ਨਸੀਮ ਹੁਰਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਸਾਹਿਤਕ ਸੰਵਾਦ ਰਚਾਇਆ ਗਿਆ। ਜੇਠ ਮਹੀਨੇ ਦੀ ਢਲਦੀ ਦੁਪਹਿਰ ਵੇਲੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਹੜੇ ’ਚ ਅਧਿਆਪਕਾਂ ਅਤੇ ਲੇਖਕਾਂ ਦੀ ਸਾਂਝੀ ਸਾਹਿਤਕ ਇਕੱਤਰਤਾ ’ਚ ਮਹਿਮਾਨ ਸ਼ਾਇਰ ਨੂੰ ਜੀ ਆਇਆਂ ਕਹਿੰਦਿਆਂ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਸ਼ੋਰ-ਸ਼ਰਾਬੇ ਤੇ ਮਾੜ-ਧਾੜ ਵਾਲੇ ਗੀਤ-ਸੰਗੀਤ ਦੀ ਵਜ੍ਹਾ ਕਰਕੇ ਰਸਤੇ ਤੋਂ ਭਟਕ ਰਹੀ ਹੈ।ਅਖੌਤੀ ਸਭਿਆਚਾਰ ਦੇ ਨਾਮ ’ਤੇ ਪਰੋਸੀ ਜਾ ਰਹੀ ਲੱਚਰਤਾ ਨੂੰ ਠੱਲ ਪਾਉਣ ਲਈ ਸ਼ਾਇਰ ਐਸ.ਨਸੀਮ ਤੇ ਹੋਰਨਾਂ ਵਿਦਵਾਨਾਂ ਨਾਲ ਅਜਿਹੇ ਸਾਹਿਤਕ ਸੰਵਾਦ ਰਚਾਉਣ ਦੀ ਲੋੜ ਹੈ। ਸਕੂਲ ਅਧਿਆਪਕਾਂ ਅਤੇ ਲੇਖਕਾਂ ਦੇ ਰੂ-ਬ-ਰੂ ਹੁੰਦਿਆਂ ਮਹਿਮਾਨ ਸ਼ਾਇਰ ਨੇ ਆਪਣੀ ਗਜ਼ਲ ਦੇ ਸ਼ਿਅਰ ‘ਭਟਕਣ ਉਸਦਾ ਸ਼ੌਂਕ ਨਹੀਂ ਮਜ਼ਬੂਰੀ ਹੈ, ਸ਼ਾਇਦ ਉਸਦੀ ਨਾਭੀ ਵਿੱਚ ਕਸਤੂਰੀ ਹੈ’ ਦੇ ਨਾਲ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਹਨ। ਪ੍ਰਮੁੱਖ ਗਜ਼ਲਗੋ ਡਾ. ਜਗਤਾਰ, ਅਜਾਇਬ ਚਿੱਤਰਕਾਰ ਅਤੇ ਦੀਪਕ ਜੈਤੋਈ ਜਿਹੇ ਪ੍ਰੋੜ ਸ਼ਾਇਰਾਂ ਦੀ ਸੰਗਤ ਤੇ ਲੇਖਣੀ ਦਾ ਉਹਨਾਂ ਦੀ ਜੀਵਨ ਸ਼ੈਲੀ ’ਤੇ ਗਹਿਰਾ ਪ੍ਰਭਾਵ ਹੈ। ਉਨ੍ਹਾਂ ਆਪਣੀ ਗਜ਼ਲ ‘ਖੁਸ਼ਕ ਦਰਾਂ-ਦਰਵਾਜਿਆਂ ਦੀ ਖੈਰ ਹੋਵੇ, ਤੇਰੇ ਸਾਰੇ ਗਰਾਂ ਦੀ ਖੈਰ ਹੋਵੇ’ ਤਰੰਨੁਮ ’ਚ ਗਾ ਕੇ ਅਦਬੀ ਮਹਿਲਫ ਨੂੰ ਸ਼ਿਖਰ ਤੇ ਪਹੁੰਚਾਇਆ।
ਐਸ.ਨਸੀਮ ਹੁਰਾਂ ਦੇ ਕਾਵਿ ਸੰਗ੍ਰਹਿ ‘ਅਕਾਸ਼ ਗੰਗਾ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਮਹਿਮਾਨ ਸ਼ਾਇਰ ਪੰਜਾਬੀ ਸ਼ਾਇਰੀ ’ਚ ਉਭਰਵਾਂ ਅਤੇ ਚਰਚਿਤ ਨਾਮ ਹੈ, ਉਥੇ ਉਹ ਸਮਾਜਿਕ ਸਰੋਕਾਰਾਂ ਨੂੰ ਵੱਖਰੀ ਦ੍ਰਿਸ਼ਟੀ ਤੋਂ ਵੇਖਣ ਅਤੇ ਸੋਧਮਈ ਬਣਾ ਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਪ੍ਰਿੰ: ਟੀਨਾ ਸ਼ਰਮਾ ਅਤੇ ਡਾ. ਕਸ਼ਮੀਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਗਾਤ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੇ ਅਹਿਦ ਨੂੰ ਦੁਹਰਾਇਆ। ਇਸ ਸਾਹਿਤਕ ਮਹਿਫਲ ’ਚ ਸੁਭਾਸ਼ ਚੰਦਰ, ਪ੍ਰਤੀਕ ਸਹਿਦੇਵ, ਮਮਤਾ, ਮੈਡਮ ਗੀਤਾ, ਅਨੁਰਾਮਪਾਲ, ਨਵਦੀਪ, ਤ੍ਰਿਪਤਾ ਮੈਡਮ, ਪਰਮਜੀਤ, ਪੂਨਮ ਸ਼ਰਮਾ, ਸੁਸ਼ਾਲ ਸੁਜਾਤਾ ਆਦਿ ਤੋਂ ਇਲਾਵਾ ਸਕੂਲ ਸਟਾਫ ਅਤੇ ਸਾਹਿਤਕਾਰ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply