ਅੰਮ੍ਰਿਤਸਰ, 20 ਮਈ (ਪੰਜਾ ਪੋਸਟ- ਮਨਜੀਤ ਸਿੰਘ) –
ਅੰਮ੍ਰਿਤਸਰ ਸ਼ਹਿਰ ਵਿਚ ਬੀਤੇ ਸਮੇਂ ਦੌਰਾਨ ਸੜਕਾਂ ਨੂੰ ਚੌੜੀਆਂ ਕਰਨ ਸਮੇਂ ਹੋਈ ਦਰਖਤਾਂ ਦੀ ਵੱਡੇ ਪੱਧਰ ’ਤੇ ਹੋਈ ਕਟਾਈ ਦੀ ਭਰਪਾਈ ਇਸ ਬਰਸਾਤ ਦੇ ਸੀਜ਼ਨ ਵਿਚ ਕਰਨ ਲਈ ਜਿਲਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਅੱਜ ਇਸ ਬਾਬਤ ਲੰਮੀ ਮੀਟਿੰਗ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਜਿਲਾ ਪ੍ਰੀਸ਼ਦ ਹਾਲ ਵਿਚ ਹੋਈ।ਸੜਕਾਂ ਕਿਨਾਰੇ ਰੁੱਖ ਲਗਾਉਣ ਅਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੇ ਮੁੱਦੇ ’ਤੇ ਕੇਂਦਰਿਤ ਰਹੀ ਇਸ ਮੀਟਿੰਗ ਵਿਚ ਸ਼ਹਿਰ ਦੀਆਂ ਨਾਮਵਰ ਸਮਾਜ ਸੇਵੀ ਹਸਤੀਆਂ, ਗੈਰ ਸਰਕਾਰੀ ਜਥੇਬੰਦੀਆਂ ਦੇ ਨੁੰਮਾਇਦਿਆਂ ਅਤੇ ਇਸ ਕੰਮ ਨਾਲ ਜੁੜੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਧਰਤੀ, ਪਵਨ ਅਤੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਅਤੇ ਇਸ ਨੂੰ ਸਾਫ-ਸੁਥਰਾ ਤੇ ਤੰਦਰੁਸਤ ਰੱਖਣ ’ਤੇ ਵਿਚਾਰ-ਚਰਚਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਸੰਘਾ ਨੇ ਕਿਹਾ ਕਿ ਸ਼ਹਿਰ ਵਿਚ ਨਵੀਆਂ ਸੜਕਾਂ ਬਨਾਉਣ ਕਾਰਨ ਜੋ ਰੁੱਖਾਂ ਦੀ ਕਟਾਈ ਹੋਈ ਹੈ, ਉਸ ਨੂੰ ਜੇਕਰ ਸ਼ਹਿਰ ਵਾਸੀ ਸਹਿਯੋਗ ਦੇਣ ਤਾਂ ਅਸੀਂ ਇਸ ਸੀਜ਼ਨ ਦੌਰਾਨ ਪੂਰਾ ਕਰ ਸਕਦੇ ਹਾਂ। ਉਨਾਂ ਕਿਹਾ ਕਿ ਭਾਵੇਂ ਕਿ ਬੀਤੇ ਸਮੇਂ ਦੌਰਾਨ ਵੀ ਸੜਕ ਕਿਨਾਰੇ ਰੁੱਖ ਲਗਾਏ ਜਾ ਚੁੱਕੇ ਹਨ, ਪਰ ਸਾਨੂੰ ਰੁੱਖਾਂ ਦੀ ਸਾਂਭ-ਸੰਭਾਲ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ, ਤਾਂ ਹੀ ਰੁੱਖ ਜੀਵਤ ਰੱਖੇ ਜਾ ਸਕਦੇ ਹਨ। ਇਸ ਸਮੇਂ ਹਾਜ਼ਰ ਸਾਰੇ ਪ੍ਰਤੀਨਧੀਆਂ ਨੇ ਕਿਸਾਨਾਂ ਵੱਲੋਂ ਨਾੜ ਸਾੜਣ ਦਾ ਮੁੱਦਾ ਬੜੀ ਗੰਭੀਰਤਾ ਨਾਲ ਉਠਾਇਆ ਅਤੇ ਇਸ ’ਤੇ ਸਖਤੀ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਬੇਨਤੀ ਕੀਤੀ।ਦੀਪਕ ਬੱਬਰ ਨੇ ਕਿਹਾ ਕਿ ਕਿਸਾਨ ਅਜਿਹਾ ਕਰਕੇ ਆਪਣਾ ਨੁਕਸਾਨ ਖ਼ੁਦ ਕਰ ਰਹੇ ਹਨ, ਕਿਉਂਕਿ ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾੳੂ ਸ਼ਕਤੀ ਘੱਟ ਰਹੀ ਹੈ, ਉਥੇ ਖੇਤਾਂ ਕਿਨਾਰੇ ਲੱਗੇ ਰੁੱਖ ਸੜ ਰਹੇ ਹਨ ਅਤੇ ਕਿਸਾਨਾਂ ਦੇ ਮਿੱਤਰ ਕੀੜੇ ਮਰ ਰਹੇ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ ਵਿਕਾਸ ਹੀਰਾ, ਮਿਸ਼ਨ ਅਗਾਜ ਤੋਂ ਦੀਪਕ ਬੱਬਰ, ਨਵੀਨ ਸ਼ਰਮਾ, ਸੁਲੇਖਾ ਮਹਿਰਾ, ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਆਰ.ਡੀ ਸ਼ਰਮਾ, ਬਿ੍ਜ ਮੋਹਨ ਸ਼ਰਮਾ, ਪ੍ਰੋ. ਵਾਲੀਆ, ਆਰੀਆ ਸਮਾਜ ਤੋਂ ਦੇਸ਼ ਬੰਧੂ ਧੀਮਾਨ, ਇੰਦਰਜੀਤ ਆਰੀਆ, ਨਿੰਪਾ ਤੋਂ ਗੁਰਸ਼ਰਨ ਬੱਬਰ, ਵਾਇਸ ਆਫ ਅੰਮਿ੍ਰਤਸਰ ਤੋਂ ਇੰਦੂ ਅਰੋੜਾ, ਰਾਜੀਵ ਦੁੱਗਲ, ਸ੍ਰੀ ਅਜੇ ਕਪੂਰ, ਸੁਨੀਲ ਕਪੂਰ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧੀ ਹਾਜ਼ਰ ਸਨ।ਉਕਤ ਸਾਰੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਜਿੱਥੇ ਰੁੱਖਾਂ ਦੇ ਰੱਖ-ਰਖਾਅ ਬਾਰੇ ਸੁਝਾਅ ਦਿੱਤੇ ਉਥੇ ਭਰੋਸਾ ਦਿਵਾਇਆ ਕਿ ਉਹ ਵੱਧ-ਚੜ ਕੇ ਰੁੱਖ ਲਗਾਉਣ ਦੀ ਮੁਹਿੰਮ ਵਿਚ ਪ੍ਰਸ਼ਾਸਨ ਦਾ ਸਾਥ ਦੇ ਕੇ ਸ਼ਹਿਰ ਨੂੰ ਹਰਾ-ਭਰਾ ਕਰਨਗੇ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media