ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਪਰਮਜੀਤ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋ ਸਿਵਲ ਹਸਪਤਾਲ, ਬਠਿੰਡਾ ਵਿਖੇ ਡਰੱਗ ਡੀ-ਐਡੀਕਸ਼ਨ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਸੈਂਟਰ ਵਿੱਚ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਦਾ ਮੁਆਇਨਾ ਕੀਤਾ।ਸੈਂਟਰ ਦੇ ਇੰਚਾਰਜ ਡਾ.ਪੀ.ਡੀ ਗੋਇਲ ਅਤੇ ਡਾ. ਅਰੂਨ ਗੋਇਲ ਨੇ ਦੱਸਿਆ ਕਿ ਸੈਂਟਰ ਵਿੱਚ ਲਗਭਗ 110-115 ਮਰੀਜ਼ ਨਸ਼ਾ ਛੱਡਣ ਦੇ ਇਲਾਜ ਦੇ ਨਾਲ ਮਨੋਵਿਗਿਆਨਕ ਇਲਾਜ ਵੀ ਕਰਵਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਲਾਜ ਦਾ ਸਭ ਤੋਂ ਮੁਸ਼ਕਿਲ ਪੜਾਅ ਉਹ ਹੁੰਦਾ ਹੈ ਜਦੋਂ ਮਰੀਜ਼ਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਹੈ ਕਿਉਂਕਿ ਇਸ ਨਾਲ ਉਹ ਬਹੁਤ ਹਿੰਸਕ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਸੰਭਾਲਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਮਰੀਜ਼ਾਂ ਨਾਲ ਗੱਲਾਂ ਕਰਦੇ ਹੋਏ, ਇੱਕ ਮਰੀਜ਼ ਨੇ ਦੱਸਿਆ ਕਿ ਨਸ਼ਾ ਛੱਡਣ ਲਈ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ, ਮਜ਼ਬੂਤ ਇੱਛਾ ਸ਼ਕਤੀ ਤੋਂ ਬਿਨਾਂ ਇਲਾਜ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਨਸ਼ਾ ਛੱਡਣ ਵਿੱਚ 30% ਹਿੱਸਾ ਦਵਾਈ ਦਾ ਅਤੇ 70% ਹਿੱਸਾ ਇੱਛਾ ਸ਼ਕਤੀ ਦਾ ਹੁੰਦਾ ਹੈ। ਡਾ. ਮਨਦੀਪ ਮਿੱਤਲ ਸੀ.ਜੇ.ਐਮ./ਸਕੱਤਰ ਜੀ ਨੇ ਮਰੀਜ਼ਾਂ ਨੂੰ ਪ੍ਰੇਰਿਆ ਕਿ ਉਹ ਨਸ਼ਾ ਛੱਡ ਕੇ ਇੱਕ ਸਿਹਤਮੰਦ ਜ਼ਿੰਦਗੀ ਜਿਉਣ ਤਾਂ ਕਿ ਉਹ ਇੱਕ ਜ਼ਿੰਮੇਦਾਰ ਨਾਗਰਿਕ ਬਣ ਸਕਣ ਅਤੇ ਆਪਣੀ ਸਮਾਜਿਕ ਜ਼ਿੰਮੇਦਾਰੀਆਂ ਚੰਗੀ ਤਰਾਂ ਨਿਭਾਅ ਸਕਣ। ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਦੇ ਸ਼ਿਕਾਰ ਮਰੀਜ਼ਾਂ ਨੂੰ ਹੀਣ ਭਾਵਨਾ ਨਾਲ ਨਾ ਵੇਖਣ ਅਤੇ ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਣ। ਇਸ ਦੌਰਾ ਦੌਰਾਨ ਸੀ.ਜੇ.ਐਮ ਨੇ ਮਰੀਜ਼ਾ ਦਾ ਹਾਲ ਚਾਲ ਪੁਛਿਆ ਤੇ ਉਹਨਾਂ ਨੇ ਦੱਸਿਆ ਕਿ ਸਾਡਾ ਇਲਾਜ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਅਤੇ ਸਾਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆ ਰਹੀ।
ਇਸ ਤੋਂ ਬਾਅਦ ਸੀ.ਜੇ.ਐਮ./ਸਕੱਤਰ ਜੀਆਂ ਨੇ ਮੈਕਸ ਹਸਪਤਾਲ ਦੇ ਵੱਖ-ਵੱਖ ਡਾਕਟਰਾਂ ਨਾਲ ਮੁਲਾਕਾਤ ਕੀਤੀ। ਮੈਕਸ ਹਸਪਤਾਲ ਵਿਚ ਚੱਲ ਰਹੇ ਡਰੱਗ ਡੀ-ਐਡੀਕਸ਼ਨ ਸੈਂਟਰ ਦਾ ਵੀ ਦੌਰਾ ਕੀਤਾ। ਸੈਂਟਰ ਵਿਚ ਹਾਜ਼ਰ ਡਾ. ਸਤੀਸ਼ ਥਾਪਰ ਅਤੇ ਡਾ. ਮਿਨਾਕਸ਼ੀ ਗੁਪਤਾ ਅਤੇ ਡਾ. ਪ੍ਰੇਮ ਵਰਮਾ ਵੀ ਹਾਜ਼ਰ ਸਨ।ਉਹਨਾਂ ਨੇ ਦੱਸਿਆ ਕਿ ਸੈਂਟਰ ਵਿਚ ਮਰੀਜ਼ਾ ਦਾ ਇਲਾਜ ਵਧੀਆ ਤਕਨੀਕ ਨਾਲ ਚੱਲ ਰਿਹਾ ਹੈ। ਹੁਣ ਤੱਕ ਲੱਗਭਗ 228 ਮਰੀਜ਼ਾ ਨਸ਼ਾ ਛੁਡਾਇਆ ਜਾ ਚੁੱਕਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media