ਮਾਲੇਰਕੋਟਲਾ, 9 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਮਜ਼ਾਨ-ਉਲ-ਮੁਬਾਰਕ ਦੇ ਅੱਜ ਦੂਜੇ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਸ਼ਹਿਰ ਅਤੇ ਪਿੰਡਾਂ ਦੀਆਂ ਵੱਖ-ਵੱਖ ਮਸਜਿਦਾਂ `ਚ
ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਅਪਣੇ ਕਾਰੋਬਾਰ ਬੰਦ ਕਰਕੇ ਵੱਡੀ ਗਿਣਤੀ `ਚ ਪਹੁੰਚਕੇ ਵਿਸ਼ੇਸ਼ ਤੌਰ ਤੇ ਅਦਾ ਕੀਤੀ ਗਈ। ਪੰਜਾਬ ਦੀ ਇਤਿਹਾਸਕ ਤੇ ਵੱਡੀ ਜਾਮਾ ਮਸਜਿਦ ਮਾਲੇਰਕੋਟਲਾ `ਚ ਜੁਮੇ ਦੀ ਨਮਾਜ਼ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜਮ ਪੰਜਾਬ ਨੇ ਨਮਾਜ਼ ਤੋਂ ਪਹਿਲਾ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮੁਸਲਮਾਨ ਨੂੰ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ’ਚ ਰੋਜ਼ਿਆਂ ਦੀ ਪਾਬੰਦੀ ਅਤਿ ਜ਼ਰੂਰੀ ਹੈ, ਜੇਕਰ ਮੁਸਲਮਾਨ ਇਨ੍ਹਾਂ ਦੀ ਪਾਬੰਦੀ ਨਹੀਂ ਕਰੇਗਾ ਤਾਂ ਉਹ ਵੱਡੇ ਗੁਨਾਹ ਦਾ ਭਾਗੀਦਾਰ ਹੋਵੇਗਾ। ਅਗਰ ਕਿਸੇ ਦਾ ਕੋਈ ਰੋਜ਼ਾ ਕਿਸੇ ਸਖਤ ਬੀਮਾਰੀ ਆਦਿ ਮਜ਼ਬੂਰੀ ਕਾਰਨ ਛੁੱਟ ਜਾਵੇ ਤਾਂ ਉਸਨੂੰ ਬਾਅਦ ਵਿੱਚ ਰੱਖਣਾ ਮੁਸਲਮਾਨ ਲਈ ਜ਼ਰੂਰੀ ਹੈ, ਇਸਦਾ ਫਿਦੀਆ (ਬਦਲ ਸ਼ਰ੍ਹਾ ਅਨੁਸਾਰ ਗਰੀਬਾਂ ਨੂੰ ਖਾਣਾ ਖਵਾਉਣ) ਦਾ ਰਿਵਾਜ ਆਮ ਹੁੰਦਾ ਜਾ ਰਿਹਾ ਹੈ, ਜਦੋਂ ਕਿ ਇਹ ਉਨ੍ਹਾਂ ਲਈ ਹੈ ਜਿਨ੍ਹਾਂ ਤੇ ਇਹ ਮਜਬੂਰੀ ਪੂਰੀ ਜਿੰਦਗੀ ਰਹੇ। ਉਨ੍ਹਾਂ ਨੇ ਇਸ ਮੌਕੇ ਤੇ ਕਿਹਾ ਕਿ ਜਿਵੇਂ ਖਾਣ-ਪੀਣ ਦੀਆਂ ਚੀਜਾਂ ਨੂੰ ਛੱਡਨਾ ਅਸੀਂ ਰੋਜ਼ਾ ਰੱਖਣਾ ਕਹਿੰਦੇ ਹਾਂ ਇਸੇ ਤਰ੍ਹਾਂ ਹੀ ਮਨੁੱਖ ਦੇ ਸਾਰੇ ਅੰਗਾਂ ਦਾ ਵੀ ਰੋਜ਼ਾ ਹੁੰਦਾ ਹੈ, ਭਾਵ ਕਿ ਮਨੁੱਖ ਨੂੰ ਆਪਣੇ ਜਿਸਮ ਦੇ ਹਰ ਅੰਗ ਨੂੰ ਗੁਨਾਹਾਂ ਤੋਂ ਪਾਕ ਸਾਫ ਰੱਖਣਾ ਚਾਹੀਦਾ ਹੈ, ਤਾਂ ਜੋ ਪੂਰੇ ਸਾਲ ਦੇ ਬਾਕੀ ਮਹੀਨਿਆਂ `ਚ ਲਈ ਇਸ ਟ੍ਰੇਨਿੰਗ ਅਨੁਸਾਰ ਅਪਣਾ ਸਮਾਂ ਗੁਜਾਰਨਾ ਚਾਹੀਦਾ ਹੈ। ਉਨ੍ਹਾਂ ਰਮਜ਼ਾਨ-ਉਲ-ਮੁਬਾਰਕ ਦੇ ਦੂਜੇ ਜੁਮੇ ਦੇ ਸੰਬੋਧਨ ’ਚ ਅੱਗੇ ਕਿਹਾ ਕਿ ਰਮਜਾਨ ਦੇ ਰੋਜ਼ਿਆਂ ਦੇ ਨਾਲ-ਨਾਲ ਹਰ ਮੁਸਲਮਾਨ ਦੀ ਜਿੰਦਗੀ ਪੈਗੰਬਰ-ਏ-ਇਸਲਾਮ ਹਜ਼ਰਤ ਮੁਹੰਮਦ (ਸਲ.) ਵਾਲੀ ਹੋਣੀ ਚਾਹੀਦੀ ਹੈ, ਤਾਂ ਹੀ ਉਹ ਮੁਸਲਮਾਨ ਕਹਿਲਾਉਣ ਦਾ ਹੱਕਦਾਰ ਹੈ, ਉਨ੍ਹਾਂ ਕਿਹਾ ਕਿ ਇਕੱਲਾ ਰਮਜ਼ਾਨ ਹੀ ਜ਼ਰੂਰੀ ਨਹੀਂ, ਪੂਰੇ ਸਾਲ ਦੀ ਜਿੰਦਗੀ ਇਸਲਾਮ ਵਾਲੀ ਹੋਣੀ ਚਾਹੀਦੀ ਹੈ, ਇਹ ਉਸ ਵੇਲੇ ਹੀ ਹੋ ਸਕਦਾ ਹੈ, ਜਦੋਂ ਇਸ ਵਿਸ਼ੇਸ਼ ਮਹੀਨੇ ਵਿੱਚ ਕੀਤਾ ਅਮਲ ਰਮਜ਼ਾਨ ਤੋਂ ਬਾਅਦ ਵੀ ਇਸ ਮਹੀਨੇ ਜਿਹਾ ਹੀ ਹੋਵੇ ਅਤੇ ਬਾਅਦ ਦੇ ਮਹੀਨਿਆਂ ਦੀ ਜਿੰਦਗੀ ਵੀ ਉਨ੍ਹਾਂ ਵਰਗੀ ਹੀ ਹੋਵੇ। ਉਨ੍ਹਾਂ ਕਿਹਾ ਕਿ ਰਾਤ ਨੂੰ ਤਰਾਵੀ ਦੀ ਵਿਸ਼ੇਸ਼ ਨਮਾਜ ਦਾ ਅਹਿਤਮਾਮ ਮਰਦਾਂ ਅਤੇ ਅੋਰਤਾਂ ਨੂੰ ਕਰਨਾ ਵੀ ਰਮਜ਼ਾਨ ਦੇ ਮਹੀਨੇ ਦੀ ਹਰ ਮੁਸਲਮਾਨ ਨੂੰ ਵਿਸ਼ੇਸ਼ ਦੇਣ ਹੈ ਅਤੇ ਪੰਜ ਵਕਤ ਦੀ ਨਮਾਜ਼ ਦਾ ਅਹਿਤਮਾਮ ਹਰ ਮੁਸਲਮਾਨ ਤੇ ਹਰ ਮਹੀਨੇ ’ਚ ਹਰ ਰੋਜ਼ ਫਰਜ਼ ਕੀਤੀ ਗਈ ਹੈ। ਇਸਦੇ ਅਹਿਤਮਾਮ ਦੀ ਪਾਬੰਦੀ ਅਤਿ ਜਰੂਰੀ ਹੈ। ਜਦ ਕਿ ਕਈ ਮੁਸਲਮਾਨ ਸਿਰਫ ਇਸ ਖਾਸ ਮਹੀਨੇ ’ਚ ਹੀ ਇਸਦਾ ਅਹਿਤਮਾਮ ਰੱਖਦੇ ਹਨ। ਅੰਤ ਵਿੱਚ ਉਨ੍ਹਾਂ ਨੇ ਜੁਮਾ-ਤੁਲ-ਮੁਬਾਰਕ ਦੀ ਅਜ਼ਾਨ ਤੋਂ ਬਾਅਦ ਖੁਤਬਾ ਦਿੱਤਾ ਤੇ ਹਜ਼ਾਰਾਂ ਦੀ ਗਿਣਤੀ ’ਚ ਹਾਜ਼ਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ-ਉਲ-ਮੁਬਾਰਕ ਦੇ ਦੂਜੇ ਜੁਮਾ-ਤੁਲ-ਮੁਬਾਰਕ (ਸ਼ੁਕੱਰਵਾਰ) ਦੀ ਨਮਾਜ਼ ਅਦਾ ਕਰਵਾਉਣ ਉਪਰੰਤ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਲੋਕਾਂ ਵੱਲੋਂ ਦੁਆਵਾਂ ਕੀਤੀਆਂ ਗਈਆਂ। ਇਤਿਹਾਸਕ ਜਾਮਾ ਮਸਜਿਦ `ਚ ਮੁਸਲਿਮ ਭਾਈਚਾਰੇ ਵੱਲੋਂ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਰੋਜ਼ਾ ਅਫਤਾਰੀ (ਰੋਜ਼ਾ ਖੋਲਣ) ਲਈ ਫਲਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਤੋਂ ਫਲ੍ਹ ਖਰੀਦਣ ਲਈ ਲੋਕ ਉਮੱੜ ਪਏ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media