Monday, February 2, 2026

ਜੀ.ਐਸ.ਟੀ ਤਾਂ ਭਰਨਾ ਪਊ ਕਾਕਾ……

gst-taxesਕਾਕਾ ਕੀ ਬਣਿਆ ਉਸ ਨਵੇਂ ਟੈਕਸ ਦਾ, ਜਿਹਦਾ ਐਨਾ ਰੌਲਾ ਪਿਆ ਵਾ ਅਤੇ ਵਪਾਰੀਆਂ ਨੇ ਕਹਿੰਦੇ ਆ ਕਿ ਦੁਕਾਨਾਂ ਵੀ ਬੰਦ ਕੀਤੀਆ ਹੋਈਆਂ ਹਨ।
ਤਾਇਆ ਨਵਾਂ ਟੈਕਸ ਆ `ਜੀ.ਐਸ.ਟੀ` ਜੋ ਕੱਲ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਇਜ਼ਲਾਸ ਬੁਲਾ ਕੇ ਲਾਗੂ ਕਰ ਦਿਤਾ ਆ ਮੋਦੀ ਸਰਕਾਰ ਨੇ।
ਨਾ ਕਾਕਾ ਅੱਧੀ ਰਾਤ ਨੂੰ ਕਿਉਂ, ਦਿਨੇ ਕਿਉਂ ਨਾ ਕੀਤਾ ਲਾਗੂ।
ਕੀ ਕਹਿ ਸਕਦੇ ਆਂ ਤਾਇਆ, ਇਹ ਸਰਕਾਰਾਂ ਦੇ ਫੈਸਲੇ ਨੇ, ਸਾਡੇ ਵਰਗੇ ਮਾਤੜ ਕੀ ਜਾਨਣ।
ਅੱਛਾ ਇਹ ਤਾਂ ਦੱਸ ਕਾਕਾ ਇਹ ਹੈ ਕੀ ਬਲਾ, ਜੋ ਅੱਧੀ ਰਾਤ ਨੂੰ ਲਾਗੂ ਕਰਨਾ ਪਿਆ ਅਤੇ ਵਪਾਰੀ ਵੀ ਡਰਦੇ ਨੇ ਏਸ ਤੋਂ।
ਤਾਇਆ ਸਰਕਾਰ ਦਾ ਦਾਅਵਾ ਹੈ ਕਿ ਟੈਕਸ ਦਾ ਇਹ ਸਿਸਟਮ ਦੁਨੀਆ ਦੇ 160 ਦੇ ਕਰੀਬ  `ਚ ਪਹਿਲਾਂ ਹੀ ਲਾਗੂ ਆ, ਜਿਸ ਨਾਲ ਪੂਰੇ ਦੇਸ਼ ਵਿੱਚ ਇੱਕ ਹੀ ਟੈਕਸ ਲੱਗੂ ਹਰ ਥਾਂ ।ਨਾਲੇ ਵਪਾਰੀਆਂ ਨੂੰ 17 ਤਰਾਂ ਦੇ ਟੈਕਸਾਂ ਦੇ ਝੰਜਟ ਤੋਂ ਵੀ ਮੁਕਤੀ ਮਿਲੂ, ਕਹਿੰਦੇ ਨੇ ਪ੍ਰਧਾਨ ਮੰਤਰੀ ਮੋਦੀ।
ਕਾਕਾ ਮੁਕਤੀ ਤਾਂ ਬੰਦੇ ਨੂੰ ਉਦੋਂ ਈ ਮਿਲਣੀ ਆ ਜਦ ਪੁਰਾ ਹੋ ਗਿਆ।ਅਖੇ ਸਾਰੀ ਜਿੰਦਗੀ ਜੱਦੋਹਹਿਦ ਕਰਦਾ ਰਹਿੰਦਾ ਹੈ ਗਰੀਬ, ਤੇ ਮਰਣ `ਤੇ ਕਹਿੰਦੇ ਪੂਰਾ ਹੋ ਗਿਆ।ਟੈਕਸਾਂ ਤੋਂ ਵੀ ਕਾਹਦੀ ਮੁਕਤੀ, ਥੋੜੇ-ਥੋੜੇ ਹਟਾ ਕੇ ਪਾ ਦੇਣਗੇ ਇੱਕ ਵੱਡਾ, ਸਾਰਾ ਬੋਝ ਲੋਕਾਂ `ਤੇ। ਨਾਲੇ ਟੈਕਸ ਕੇਹੜੇ ਵਪਾਰੀਆਂ ਦੇਣੇ ਆ, ਸਿਰ ਤਾਂ ਉਨਾਂ ਲੋਕਾਂ ਦਾ ਮੁੰਨਣਾ, ਜਿਹੜੇ ਲੋਕ ਚੀਜ਼ਾਂ ਖਰੀਦਣਗੇ ਵਰਤਣ ਲਈ।
ਆਹੋ ਤਾਇਆ ਗੱਲ ਤਾਂ ਤੇਰੀ ਸੱਚੀ ਆ।
ਛੱਲ ਛੱਡ ਕਾਕਾ ਮੈਨੂੰ ਇਹ ਪੰਜਾਬੀ `ਚ ਦੱਸ ਕਿ ਜੀ.ਐਸ.ਟੀ ਹੈ ਕੀ।ਨਾਲੇ ਇਹਦਾ ਕੋਈ ਪੰਜਾਬੀ `ਚ ਨਾਂ ਨਹੀਂ ਰੱਖਿਆ।ਜੀ.ਐਸ.ਟੀ ਤਾਂ ਹੋਇਆ ਅੰਗ੍ਰੇਜਾਂ ਦਾ ਨਾਂ।
ਲੈ ਫਿਰ ਪੰਜਾਬੀ `ਚ ਸੁਣ ਤਾਇਆ।ਇਹ ਟੈਕਸ ਜੀ.ਐਸ.ਟੀ, ਜਿਹਨੂੰ ਆਪਾਂ ਪੰਜਾਬੀ `ਚ `ਵਸਤਾਂ ਤੇ ਸੇਵਾਵਾਂ ਕਰ` ਕਹਿ ਸਕਦੇ ਹਾਂ। ਲੱਗਣ ਨਾਲ ਕਹਿੰਦੇ ਭਾਰਤ ਇੱਕ ਹੋਜੂ ।
ਤੇ ਅੱਗੇ ਕਿਹੜਾ ਵੰਡਿਆ ਆ ਦੇਸ਼।ਬੱਸ ਸਿਆਸੀ ਆਗੂ ਦੀ ਨਜ਼ਰ ਤੋਂ ਬਚ ਜੇ ਤਾਂ ਇਹ ਇੱਕ ਹੀ ਆ।
ਨਹੀਂ ਆਹ ਗੱਲ ਟੈਕਸ ਦੀ ਆ ਕਿ ਪੂਰੇ ਦੇਸ਼ ਵਿੱਚ ਇੱਕ ਤਰਾਂ ਦੀ ਚੀਜ਼ `ਤੇ ਇਕੋ ਜਿਹਾ ਟੈਕਸ।ਮੇਰਾ ਮਤਲਬ ਇੱਕੋ ਰੇਟ `ਤੇ ਟੈਕਸ ਲੱਗੂ ਤੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਊ। ਨਾਲੇ ਸਰਕਾਰ ਕਹਿੰਦੀ ਆ ਕੇ ਸੂਬਾ ਸਰਕਾਰਾਂ ਨੂੰ ਟੈਕਸ ਵਿੱਚ ਹਿੱਸਾ ਪੱਤੀ ਵੀ ਜਿਆਦਾ ਮਿਲੂ ਤੇ ਇਹ ਰਕਮ ਗਰੀਬਾਂ `ਤੇ ਖਰਚਣ ਨਾਲ ਗਰੀਬੀ ਦੂਰ ਜੋ ਜੂ ਮੁਲਕ `ਚੋਂ ।
ਤਾਂ `ਤੇ ਚੰਗਾ ਕਾਕਾ।ਪਰ ਹੁਣ ਇਹ ਸਮਝਾ ਕਿ ਵਪਾਰੀਆਂ ਨੂੰ ਕਾਹਦੀ ਪ੍ਰੇਸ਼ਾਨੀ ਆ ਇਸ ਜੀ.ਐਸ.ਟੀ ਤੋਂ।
ਤਾਇਆ ਜਿਆਦਾ ਪੰਗਾ ਹਿਸਾਬ ਕਿਤਾਬ ਦਾ ਵਾ, ਟੈਕਸ ਦੀ ਰਕਮ ਦੀ ਕੋਈ ਐਡੀ ਗੱਲ ਨਹੀਂ।ਵਾਪਰੀ ਕਹਿੰਦੇ ਇੰਟਰਨੈਟ ਲਵਾ ਕੇ ਕੰਪਿਊਟਰ `ਤੇ ਰੱਖਣਾ ਪਊ ਹਿਸਾਬ ਤੇ ਮੁਨੀਮ ਵੀ ਚਾਹੀਦਾ ਰਿਟਰਨਾਂ ਬਣਾਉਣ ਲਈ।
ਕੰਪੂਟਰ ਤਾਂ ਸੁਣਿਆ, ਪਰ ਇਹ ਇੰਟਰਨੈਟ ਕੀ ਆ, ਕਾਕਾ।
ਤਾਇਆ ਇੰਟਰਨੈਟ ਆ, ਜਿਹਦੇ ਨਾਲ ਲੋਕ ਮੋਬਾਇਲ ਤੇ ਫੇਸ ਬੁੱਕ ਤੇ ਵਟਸਐਪ ਚਲਾਉਂਦੇ ਨਹੀਂ ਥੱਕਦੇ, ਧੌਣ ਭਾਵੇਂ ਆਕੜ ਜੇ।
ਅੱਛਾ-ਅੱਛਾ ਹੁਣ ਲੱਗਾ ਪਤਾ ਲੋਕ ਕਹਿੰਦੇ ਹੁੰਦੇ ਆ ਕੇ ਬਾਹਰਲੇ ਮੁਲਕ ਚੰਗੇ ਆ, ਇਹ ਇੰਟਰਨੈਟ ਈ ਆ ਜਿਹੜਾ ਕਰਦਾ ਛੇਤੀ ਕੰਮ। ਹੁਣ ਇਥੇ ਕੰਪੂਟਰ ਚੱਲੂ ਇੰਟਰਨੈੱਟ `ਤੇ ਤਾਂ ਕਾਹਦੀ ਮੁਸ਼ਕਲ ਆ…
ਤਾਇਆ ਬਾਹਰਲੇ ਮੁਲਕਾਂ `ਚ ਸਾਧਨ ਨੇ ਲੋਕ ਪੜ੍ਹੇ ਲਿਖੇ ਨੇ, ਇਥੇ ਜਿਆਦਾ ਵਪਾਰੀ ਨੇ ਅਨਪੜ੍ਹ ਦੇ ਬਰਾਬਰ ਜਾਂ ਘੱਟ ਪੜ੍ਹੇ-ਲਿਖੇ ਤਾਂਹੀ ਤਾਂ ਬਾਹਲੇ ਡਰਦੇ ਪਏ ਨੇ, ਇਸੇ ਲਈ ਤਾਂ ਕਹਿੰਦੇ ਨੇ ਕਿ ਟੈਕਸ ਤਾਂ ਭਰ ਦੇਵਾਂਗੇ, ਪਰ ਰਿਟਰਨਾ ਨਹੀਂ ਭਰ ਹੋਣੀਆਂ 36-37।
ਕਾਕਾ ਪਾੜਿਆਂ ਦਾ ਕੋਈ ਕਾਲ ਨਹੀਂ, ਹਰ ਘਰ ਬੈਠੇ ਆ ਬੀ.ਏ, ਐਮ.ਏ ਡਿਗਰੀਆਂ ਲੈ ਕੇ ਨੌਕਰੀਆਂ ਪਏ ਲੱਭਦੇ ਨੇ, ਮਾਹਤੜ ਵੀ ਹੁਣ ਕਾਲਜਾਂ `ਚ ਪੜ੍ਹਨੇ ਪਾਉਂਦੈ ਆਪਣੇ ਬੱਚਿਆਂ ਨੂੰ।
ਤਾਇਆ ਵਪਾਰੀ ਕਹਿੰਦੇ ਆ ਕਿ ਹਿਸਾਬ ਹਰੇਕ ਦੇ ਵੱਸ ਦੀ ਗੱਲ ਨਹੀਂ, ਪਹਿਲਾਂ ਤਾਂ ਪੰਜ ਰਿਟਰਨਾਂ ਹੀ ਭਰਨੀਆਂ ਔਖੀਆਂ ਸਨ, ਵੈਟ ਦੀਆਂ ਤੇ ਹੁਣ 37 ਵਾਰ ਹਿਸਾਬ ਦੇਣਾ ਪਾਊਗਾ ਜੀ.ਐਸ.ਟੀ ਦਾ।ਮਹੀਨੇ ਦੀਆਂ ਤਿੰਨ ਇਕ ਸੇਲ ਦੀ, ਦੂਜੀ ਖਰੀਦ ਦੀ ਤੇ ਤੀਜੀ ਪੂਰੇ ਹਿਸਾਬ ਦੇ ਟੈਕਸ ਦੀ।ਏਸ ਤਰਾਂ ਸਾਲ ਦੀਆਂ 36 ਤੇ ਇੱਕ ਸਲਾਨਾ ਮਿਲਾ ਕੇ ਹੋ ਗਈਆਂ 37 ਰਿਟਰਨਾਂ ।
ਚੱਲ ਕੋਈ ਨਾ ਕਾਕਾ ਮੁਨੀਮਾਂ ਦੀ ਵੀ ਸੁਣੀ ਜਾਊ, ਉਹਨਾਂ ਨੂੰ ਵੀ ਕੰਮ ਲੱਭੂ ਤੇ ਕੁੱਝ ਬੇਰੁਜਗਾਰੀ ਵੀ ਘਟੂ ਮੁਲਖ `ਚ।
ਆਹੋ ਤਾਇਆ ਗੱਲ ਤਾਂ ਠੀਕ ਆ… ਮੈਨੂੰ ਤਾਂ ਲੱਗਦਾ ਰੌਲਾ ਜਿਆਦਾ ਪੈ ਗਿਆ, ਗੱਲ ਸਮਝੀ ਘੱਟ ਆ ਲੋਕਾਂ ਤੇ ਵਪਾਰੀਆਂ ਨੇ `ਜੀ.ਐਸ.ਟੀ` ਦੀ।
ਠੀਕ ਆ, ਪਰ ਸਰਕਾਰ ਦਾ ਕੰਮ ਆ ਗੱਲ ਸਮਝਾਉਣ ਦਾ, ਜੀ.ਐਸ.ਟੀ ਲਾਗੂ ਕਰਨ ਤੋਂ ਪਹਿਲਾਂ ਚੱਜ਼ ਨਾਲ, ਆਹ ਕੀ ਕਹਿੰਦੇ ਆ `ਜਾਗਰੂਕ` ਕਰ ਲੈਂਦੇ ਵਪਾਰੀਆਂ ਨੂੰ ਤਾਂ ਸ਼ਾਇਦ ਸੌਖਾ ਰਹਿੰਦਾ।
ਤਾਇਆ ਟੈਕਸ ਵਧਣ ਘਟਣ ਨਾਲ ਕੁੱਝ ਚੀਜਾਂ ਤਾਂ ਹੋਣਗੀਆਂ ਸੱਸਤੀਆਂ ਤੇ ਕੁੱਝ ਮਹਿੰਗੀਆਂ, ਪਰ ਸਰਵਿਸ ਟੈਕਸ (ਸੇਵਾ ਕਰ) 15 ਤੋਂ 3 ਫੀਸਦ ਵਧ ਕੇ 18 ਫੀਸਦ ਹੋਣ ਨਾਲ ਸਾਰੀਆਂ ਸੇਵਾਵਾਂ ਜਰੂਰ ਮਹਿੰਗੀਆਂ ਹੋਣਗੀਆਂ।
ਚੱਲ ਕਾਕਾ ਹੁਣ ਤੇ ਘੰਟੀ ਵੱਜ ਗਈ ਜੀ.ਐਸ.ਟੀ ਦੀ, ਆਪੇ ਸਮਝ ਜਾਣਗੇ ਵਪਾਰੀ ਤੇ ਸਰਕਾਰ ਵੀ ਕਰੂ ਜਰੂਰੀ ਉਪਰਾਲੇ ਤਾਂ ਮੁਕਜੂ ਸਾਰਾ ਰੱਫੜ, ਜੀ.ਐਸ.ਟੀ ਤਾਂ ਭਰਨਾ ਹੀ ਪਊ ਕਾਕਾ।

Jasbir Saggu1

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ,
ਮੋ- 98882 62962

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply