ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ,ਫੇਸ-1 ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਨਾਂ ਦੇ ਸਨਮੁੱਖ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਪ੍ਰਵਾਰ ਦੇ ਕੁਲ ਸ਼ਹੀਦ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 52 ਤੋਂ ਵੱਧ ਤਾਂ ਹੈ।ਭਾਈ ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਭਾਈ ਮਨੀ ਸਿੰਘ ਜੀ ਦੇ ਸਮੇਂ ਮੌਕੇ ਦੀ ਮੁਗਲ ਸਰਕਾਰ ਤੋਂ ਇਜਾਜਤ ਲਏ ਬਿਨਾਂ ਅੱਜ ਵਾਂਗ ਸਿੱਖ ਆਪਣੀ ਮਰਜੀ ਨਾਲ ਗੁਰਦੁਆਰਿਆਂ ਵਿੱਚ ਇਕੱਠੇ ਵੀ ਨਹੀਂ ਹੋ ਸਕਦੇ ਸਨ, ਸਮਾਗਮ ਕਰਨਾਂ ਤਾਂ ਬਹੁਤ ਦੂਰ ਦੀ ਗੱਲ ਹੈ।ਇਸ ਲਈ ਦੀਵਾਲੀ ਮਨਾਉਣ ਲਈ ਭਾਈ ਮਨੀ ਸਿੰਘ ਜੀ ਨੇ ਮੁਗਲ ਸਰਕਾਰ ਤੋਂ ਇਜਾਜਤ ਮੰਗੀ।ਜ਼ਕਰੀਆ ਖ਼ਾਨ ਨੇ 10 ਹਜਾਰ ਦਮੜੇ ਟੈਕਸ ਵਜੋਂ ਸਰਕਾਰੀ ਖ਼ਜਾਨੇ ਵਿੱਚ ਜਮਾਂ ਕਰਵਾਉਣ ਦੀ ਸ਼ਰਤ ਅਧੀਨ ਇਜਾਜ਼ਤ ਦੇ ਦਿੱਤੀ।ਭਾਈ ਮਨੀ ਸਿੰਘ ਜੀ ਨੇ ਦੀਵਾਲੀ ਪੁਰਬ ‘ਤੇ ਸੰਗਤਾਂ ਵੱਲੋਂ ਅਰਪਨ ਕੀਤੀ ਭੇਟਾ ਵਿੱਚੋਂ 10 ਹਜਾਰ ਦਮੜੇ ਸਰਕਾਰੀ ਖ਼ਜਾਨੇ ਵਿੱਚ ਜਮਾਂ ਕਰਵਾਉਣਾ ਮੰਨ ਕੇ ਸਰਬਤ ਖ਼ਾਲਸਾ ਕਰਨ ਦੀ ਇਜਾਜਤ ਲੈ ਲਈ ਤੇ ਸਮੁੱਚੀਆਂ ਸਿੱਖ ਮਿਸਲਾਂ ਤੇ ਹੋਰਨਾਂ ਜਥੇਬੰਦੀਆਂ ਨੂੰ ਦੀਵਾਲੀ ਮੌਕੇ ਕੀਤੇ ਜਾਣ ਵਾਲੇ ਸਰਬਤ ਖ਼ਾਲਸਾ ਵਿੱਚ ਵੱਧ ਤੋਂ ਵੱਧ ਸਿੰਘਾਂ ਨੂੰ ਨਾਲ ਲੈ ਕੇ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ।ਉੱਧਰ ਜ਼ਕਰੀਆ ਖ਼ਾਨ ਦੀ ਕੂਟਨੀਤੀ ਸੀ ਕਿ ਸਿੱਖਾਂ ਦਾ ਸਮੂਹਿਕ ਕਤਲੇਆਮ ਕਰ ਦਿੱਤਾ ਜਾਵੇਗਾ।ਸਰਕਾਰ ਦੀ ਇਸ ਬਦਨੀਤੀ ਦੀ ਸੂਹ ਭਾਈ ਮਨੀ ਸਿੰਘ ਜੀ ਨੂੰ ਮਿਲੀ ਤਾਂ ਸਿੱਖ ਕੌਮ ਦੇ ਹੋਣ ਵਾਲੇ ਘਾਣ ਨੂੰ ਬਚਾਉਣ ਲਈ ਉਨਾਂ ਤੁਰੰਤ ਮੁੜ ਸੰਦੇਸ਼ੇ ਭੇਜੇ ਕਿ ਸਰਕਾਰ ਦੀ ਨੀਤੀ ਵਿੱਚ ਖੋਟ ਹੈ ਇਸ ਲਈ ਸਰਬੱਤ ਖ਼ਾਲਸ ਰੱਦ ਕੀਤਾ ਜਾਂਦਾ ਹੈ ਤੇ ਕੋਈ ਵੀ ਸਿੱਖ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਵਿਖੇ ਨਾ ਪਹੁੰਚੇ।ਲੇਕਿਨ ਫਿਰ ਕਾਫੀ ਗਿਣਤੀ ’ਚ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ।।ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਨ ਕਾਰਨ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗਿ੍ਰਫਤਾਰ ਕਰਕੇ ਲਾਹੌਰ ਲਿਜਾਇਆ ਗਿਆ, ਜਿਥੇ ਕੀਤੇ ਇਕਰਾਰ ਅਨੁਸਾਰ 10 ਹਜਾਰ ਦਮੜੇ ਸਰਕਾਰੀ ਖ਼ਜਾਨੇ ਵਿੱਚ ਜਮਾ ਕਰਵਾਏ ਜਾਣ ਜਾਂ ਇਸਲਾਮ ਤਸਲੀਮ ਕਰੇ ਨਹੀਂ ਤਾਂ ਉਨਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਵੇਗਾ।ਭਾਈ ਮਨੀ ਸਿੰਘ ਵਲੋਂ ਸਾਫ ਨਾਂਹ ਕਰ ਦਿੱਤੀ ਜਿਸ ਕਾਰਨ ਉਨਾ ਨੂੰ ਬੰਦ ਬੰਦ ਕੱਟਣ ਦਾ ਹੁਕਮ ਦਿੱਤਾ ਗਿਆ ਅਤੇ ਉਨਾਂ ਦੀ ਸ਼ਹੀਦੀ ਕੀਤੀ ਗਈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media