ਖੁਸ਼ੀ ਅਤੇ ਗ਼ਮੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ।ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਇਨਾਂ ਦੋਵਾਂ ਨੂੰ ਹੰਢਾਉਂਦਾ ਹੈ।ਪਰ ਅਜੋਕੇ ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ।ਪੰਜਾਬੀ ਸੱਭਿਆਚਾਰ ਦੇ ਹਰ ਰੀਤੀ ਰਿਵਾਜ ਵਿਚ ਭਾਰੀ ਬਦਲਾਅ ਆ ਗਿਆ ਹੈ।ਪੁਰਾਣੇ ਸਮਿਆਂ ਵਾਲਾ ਅੱਜ ਕਿਧਰੇ ਕੁੱਝ ਨਹੀਂ ਦੇਖਣ ਨੂੰ ਮਿਲਦਾ, ਜੇ ਕੋਈ ਰੀਤੀ ਰਿਵਾਜ ਜਾਂ ਚੀਜ਼ ਹੈ ਉਸ ਵਿਚ ਕੁਝ ਬਣਾਉਟੀਪਣ ਹੈ।ਪਹਿਲਾਂ ਵਿਆਹ ਅਤੇ ਭੋਗਾਂ ਦੇ ਸਮਾਗਮ ਬਹੁਤ ਹੀ ਸਾਦੇ ਢੰਗ ਅਤੇ ਘੱਟ ਖਰਚੇ ਵਿਚ ਹੁੰਦੇ ਸਨ।ਜੇਕਰ ਵਿਆਹ ਦੇ ਸਮਾਗਮ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਵਿਚ ਵਿਆਹ ਕਈ ਕਈ ਦਿਨ ਚੱਲਦੇ ਸਨ ਅਤੇ ਖਰਚਾ ਨਾ ਮਾਤਰ ਹੀ ਹੁੰਦਾ ਸੀ।ਸਭ ਤੋਂ ਪਹਿਲਾਂ ਮੁੰਡਾ ਕੁੜੀ ਦੇਖਣ ਜਾਂਦਾ ਸੀ ਤਾਂ ਕੁੜੀ ਦਾ ਮੂੂੰਹ ਪੂਰਾ ਘੁੰਢ ਵਿਚ ਹੀ ਲੁਕਿਆ ਹੁੰਦਾ ਸੀ।ਸਿਰਫ ਇਸ ਤਰਾਂ ਹੀ ਦੇਖ ਦਿਖਾਈ ਦੀ ਰਸਮ ਹੁੰਦੀ ਸੀ ਤੇ ਅੱਗੇ ਵਿਆਹ ਦੀ ਰਸਮ ਤੇ ਗੱਲ ਜਾ ਪੈਂਦੀ, ਪਰ ਅਜਕਲ ਤਾਂ ਮੰਗਣੇ ਦੇ ਪ੍ਰੋਗਰਾਮ ਤੇ ਲੱਖਾਂ ਰੁਪਏ ਖਰਚ ਦਿੰਦੇ ਹਨ ਲੋਕ।ਮੰਗਣੇ ਦੇ ਸਮਾਗਮ ਵਿਚ ਮਹਿੰਗੀ ਸਰਾਬ, ਸੋਨੇ ਦਾ ਲੈਣ ਦੇਣ, ਡੀ.ਜੇ, ਆਰਕੈਸਟਰਾ ਤੇ ਖੁਸ਼ੀ `ਚ ਲੁਟਾਏ ਜਾਂਦੇ ਨੋਟ ਵਗੈਰਾ ਅਜ਼ਬ ਨਜ਼ਾਰਾ ਹੁੰਦਾ ਹੈ।
ਪਹਿਲੇ ਸਮਿਆਂ ਵਿਚ ਜੰਝ ਊਠ ਗੱਡੀਆਂ, ਗੱਡਿਆਂ ਜਾਂ ਸਾਈਕਲਾਂ ਤੇ ਜਾਂਦੀ ਸੀ।ਜੰਝ ਦੇ ਖਾਣ ਵਿਚ ਲੱਡੂ ਜਲੇਬੀਆਂ, ਸ਼ੱਕਰਪਾਰੇ ਪਕੌੜਿਆਂ ਆਦਿ ਤਰਾਂ ਦੀ ਮਿਠਾਈ ਹੁੰਦੀ ਸੀ।ਜੰਝ ਦੇ ਰੁਕਣ ਦਾ ਪ੍ਰਬੰਧ ਪਿੰਡ ਦੀ ਹਥਾਈ ਵਿਚ ਕੀਤਾ ਜਾਂਦਾ ਸੀ।ਅਮੀਰ ਵਿਰਸੇ ਦਾ ਸਰਮਾਇਆ ਸਿੱਠਣੀਆਂ ਦੇ ਰੀਤੀ ਰਿਵਾਜ ਨਾਲ ਜੰਝ ਨੂੰ ਬੰਨ ਦਿੱਤਾ ਸੀ। ਜਿਨਾਂ ਸਮਾਂ ਕੋਈ ਜਾਝੀ ਅੱਗੋਂ ਸਿੱਠਣੀ ਦਾ ਜਵਾਬ ਨਾ ਦਿੰਦਾ ਤਾਂ ਜੰਝ ਨੂੰ ਉਨੇ ਦਿਨ ਹੀ ਠਹਿਰਾ ਕਰਨਾ ਪੈਂਦਾ।ਪਰ ਅੱਜ ਦੇ ਵਿਆਹ ਤਾਂ ਘੰਟਿਆਂ ਵਿਚ ਖਤਮ ਹੋ ਜਾਂਦੇ ਹਨ।ਅਜੋਕੇ ਵਿਆਹ ਮਹਿੰਗੇ ਪੈਲੇਸਾਂ ਵਿਚ ਕੀਤੇ ਜਾਂਦੇ ਹਨ। ਜ਼ਿਨਾਂ ਦਾ ਲੱਖਾਂ ਵਿਚ ਕਿਰਾਇਆ ਹੈ ਇੱਕ ਦਿਨ ਦਾ।ਭਾਂਤ-ਭਾਂਤ ਦੀਆਂ ਮਿਠਾਈਆਂ ਤੇ ਸ਼ਰਾਬ ਵਰਤਾਉਣ ਨੂੰ ਕੁੜੀਆਂ ਰੱਖਦੇ ਹਨ।ਦਾਜ ਦੀ ਭੈੜੀ ਪ੍ਰਥਾ ਅੱਜ ਵੀ ਬਹੁਤ ਭਾਰੂ ਹੈ।ਪੰਜਾਬ ਵਿਚ ਹਰ ਇਲਾਕੇ ਵਿਚ ਆਪਣਾ ਆਪਣਾ ਮੁੱਲ ਹੈ।ਜਿਸ ਤਰਾਂ ਮਾਲਵੇ ਵਿਚ ਕੁੜੀਆਂ ਵਾਲਿਆਂ ਤੋਂ ਇੱਕ ਲੱਖ ਪ੍ਰਤੀ ਏਕੜ ਤੇ ਮਹਿੰਗੀ ਗੱਡੀ ਲਈ ਜਾਂਦੀ ਹੈ। ਕਈ ਅਖਬਾਰਾਂ ਵਿਚ ਅਸੀਂ ਪੜਿਆ ਹੋਵੇਗਾ ਕਿ ਫਲਾਣੇ ਨੇ ਆਪਣੀ ਕੁੜੀ ਨੂੰ ਦਾਜ ਵਿਚ ਕੰਬਾਈਨ ਤੱਕ ਦੇ ਦਿੱਤੀ । ਕਿਸੇ ਨੇ ਲੱਖਾਂ ਰੁਪਏ ਕਿਰਾਇਆ ਦੇ ਕੇ ਹੈਲੀਕਾਪਟਰ ਵਿਚ ਕੁੜੀ ਦੀ ਡੋਲੀ ਤੁਰੀ।
ਇਸੇ ਤਰਾਂ ਪੁਰਾਣੇ ਸਮਿਆਂ ਵਿਚ ਮਰਨੇ ਤੇ ਭੋਗ ਦੀ ਰਸਮ ਵੀ ਬਹੁਤ ਹੀ ਸਾਦੀ ਹੁੰਦੀ ਸੀ।ਲੋਕਾਂ ਨੂੰ ਦਿਲ ਤੋਂ ਦੁੱਖ ਹੁੰਦਾ ਸੀ ਤੁਰ ਜਾਣ ਵਾਲੇ ਦਾ।ਪਰ ਅਜੋਕੇ ਭੋਗ ਵੀ ਸ਼ੋਸੇਬਾਜੀ ਬਣ ਗਏ।ਲੋਕ ਭੋਗਾਂ ਤੇ ਵਿਆਹਾਂ ਜਿੰਨਾਂ ਖਰਚ ਕਰਨ ਲੱਗ ਗਏ ਹਨ।ਭੋਗ ਦੇ ਸਮਾਗਮਾਂ ਤੇ ਮਹਿੰਗੀਆਂ ਮਠਿਆਈਆਂ ਬਣਦੀਆਂ ਹਨ।ਸਿਆਸੀ ਲੀਡਰਾਂ ਦੀ ਭੀੜ ਮਰਨ ਵਾਲੇ ਦਾ ਅਫਸੋਸ ਘੱਟ ਤੇ ਪਾਰਟੀ ਪ੍ਰਚਾਰ ਜਿਆਦਾ ਕਰਦੀ ਹੈ।ਸੋਚਿਆ ਜਾਵੇ ਤਾਂ ਇਹ ਰਿਵਾਜ਼ ਬਹੁਤ ਮਾੜਾ ਚੱਲ ਪਿਆ ਹੈ।ਇਹ ਸਭ ਖੁਦਕੁਸ਼ੀਆਂ ਦੇ ਕਾਰਨ ਵੀ ਬਣ ਰਹੇ ਹਨ।ਲੋਕ ਵਿਖਾਵੇ ਅਤੇ ਫੋਕੀ ਸ਼ੋਹਰਤ ਲਈ ਚਾਦਰ ਤੋਂ ਵੱਧ ਪੈਰ ਪਸਾਰ ਰਹੇ ਹਨ।ਜਿਸ ਦੇ ਨਤੀਜਾ ਖਤਰਨਾਕ ਨਿਕਲ ਰਹੇ ਹਨ।
ਸੰਭਲ ਜਾਓ ਪੰਜਾਬੀਓ ਤੇ ਪੁਰਾਣੇ ਰੀਤੀ ਰਿਵਾਜਾਂ ਨੂੰ ਦੁਬਾਰਾ ਅਪਣਾ ਲਉ ਨਹੀਂ ਤਾਂ ਆਉਣ ਵਾਲੀ ਪੀੜੀ ਦਾ ਭਵਿੱਖ ਹੋਰ ਧੁੰਦਲਾ ਹੁੰਦਾ ਜਾਵੇਗਾ।
ਬੇਅੰਤ ਸਿੰਘ ਬਾਜਵਾ
ਮੋ. 94650 00584