ਸਿਆਸੀ ਨੇਤਾਵਾਂ ਦੇ ਝੂਠੇ ਵਾਅਦਿਆਂ ਤੇ ਲਾਰਿਆਂ ਦੀ ਕੀਤੀ ਨਿਖੇਧੀ
ਬਠਿੰਡਾ, 23 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ‘ਕੂੜਾ ਡੰਪ ਹਟਾਓ ਮੋਰਚਾ’ ਵਲੋਂ ਮਾਨਵਘਾਤੀ ਪ੍ਰੋਜੈਕਟ ਕਚਰਾ ਪਲਾਂਟ ਨੂੰ
ਸ਼ਹਿਰ ਦੀ ਸੰਘਣੀ ਅਬਾਦੀ ਅਤੇ ਪੀਣ ਵਾਲੇ ਪਾਣੀ ਦੇ ਸੂਏ ਤੋਂ ਦੂਰ ਲੈ ਜਾਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।ਕਚਰਾ ਪਲਾਂਟ ਵੱਲ ਜਾਂਦੇ ਰਾਹ, ਪਾਣੀ ਦੇ ਸੂਏ ’ਤੇ ਕੀਤੀ ਗਈ।ਇਸ ਰੋਸ ਰੈਲੀ ਵਿਚ ਭਾਰੀ ਗਿਣਤੀ ਵਿਚ ਸ਼ਾਮਲ ਹੋਏ ਲੋਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵੋਟਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਸੀ।
ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਰਾਜਨੀਤਕ ਨੇਤਾਵਾਂ ਵਲੋਂ ਵਾਰ ਵਾਰ ਕੀਤੇ ਝੂਠੇ ਵਾਅਦਿਆਂ ਤੇ ਲਾਰਿਆਂ ਦੀ ਨਿਖੇਧੀ ਕੀਤੀ ਤੇ ਇਸ ਗੱਲ `ਤੇ ਜੋਰ ਦਿੱਤਾ ਗਿਆ ਕਿ ਲੋਕ ਵਿਰੋਧ ਦੇ ਬਾਵਜੂਦ ਸਾਰੇ ਨਿਯਮਾਂ ਦੀ ਉਲੰਘਣਾ ਕਰਕੇ ਧੱਕੇ ਨਾਲ ਸਥਾਪਿਤ ਕੀਤਾ ਇਹ ਬਿਮਾਰੀਆਂ ਦਾ ਘਰ ਹਰ ਹਾਲਤ ਵਿਚ ਚੁੱਕਿਆ ਜਾਣਾ ਚਾਹੀਦਾ ਹੈ।ਪੀੜਤ ਲੋਕਾਂ ਨੇ ਕਾਂਗਰਸ ਸਰਕਾਰ ਤੇ ਉਸ ਦੇ ਉਮੀਦਵਾਰ ਉੱਤੇ ਵਿਸ਼ਵਾਸ਼ ਕੀਤਾ ਸੀ ਤੇ ਭਾਰੀ ਗਿਣਤੀ ਨਾਲ ਜਿਤਾਇਆ ਸੀ। ਜੇ ਲੋਕਾਂ ਦੀ ਇਹ ਜਾਇਜ ਮੰਗ ਨਾ ਮੰਨੀ ਗਈ ਤਾ ਇਹ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਹੋਵੇਗਾ।ਅਜਿਹੀ ਨਿਰਾਸ਼ ਸਥਿਤੀ ਵਿਚ ਲੋਕ ਕੁੱਝ ਵੀ ਕਰ ਸਕਦੇ ਹਨ।ਸ਼ਹਿਰ ਵਿਚੋਂ ਆਉਂਦਾ ਕੂੜਾ ਬੰਦ ਕਰ ਦਿੱਤਾ ਜਾਵੇਗਾ। ਬੁਲਾਰਿਆਂ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਕਿ ਕੀਤੇ ਵਾਅਦੇ ਤੋਂ ਉਲਟ ਕਚਰਾ ਪਲਾਂਟ ਨੂੰ ਚੁੱਕਣਾ ਤਾਂ ਕੀ ਸੀ ਇਸ ਨੂੰ ਖਾਦ ਬਣਾਉਣ ਲਈ ਐਨ.ਐਫ.ਐਲ ਦੇ ਸਪੁੱਰਦ ਕਰ ਦਿੱਤਾ ਗਿਆ ਹੈ। ਤੇ ਨਾਲ ਹੀ ਮਰੇ ਪਸ਼ੂ ਸੁੱਟਣ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ। ਬਦਬੂ ਨਾਲ ਰਾਤ ਨੂੰ ਲੋਕ ਖੁੱਲੇ ਵਿਹੜੇ ਅੰਦਰ ਸੌਂ ਨਹੀ ਸਕਦੇ, ਗਿਲਾਨੀ ਭਰੇ ਵਾਤਾਵਰਣ ਵਿਚ ਰੱਜਵਾਂ ਖਾ ਨਹੀ ਸਕਦੇ, ਤੁਰਨਾ ਫਿਰਨਾ, ਗੱਲਬਾਤ ਕਰਨਾ ਦੁੱਭਰ ਹੋ ਗਿਆ ਹੈ।
ਇਥੇ ਜ਼ਿਕਰਯੋਗ ਇਹ ਹੈ ਕਿ ਸੰਘਰਸ਼ ਦੇ ਸ਼ੁਰੂ ਦੇ ਦਿਨਾਂ ਵਿਚ ਉਸ ਸਮੇਂ ਦੇ ਡਿਪਟੀ ਕਮਿਸਨਰ ਬਸੰਤ ਗਰਗ ਵਲੋਂ ਕਚਰਾ ਪਲਾਂਟ ਵਲੋਂ ਫੈਲਾਈ ਬਦਬੂ ਨੂੰ ਆ ਕੇ ਨਿੱਜੀ ਪੱਧਰ `ਤੇ ਮਹਿਸੂਸ ਕੀਤਾ ਸੀ ਤਾਂ ਟਿੱਪਣੀ ਕਰਦਿਆਂ ਕਿਹਾ ਸੀ ਮੈਂ ਤਾਂ ਇਸ ਹਾਲਤ ਵਿਚ ਇਕ ਰਾਤ ਵੀ ਨਹੀ ਕੱਟ ਸਕਦਾ।ਆਖਰ ਪੀੜਤ ਲੋਕਾਂ ਨੂੰ ਕਿਸ ਗੁਨਾਹ ਦੀ ਸਜ਼ਾ ਦਿੱਤੀ ਜਾ ਰਹੀ ਹੈ।ਕੂੜਾ ਡੰਪ ਹਟਾਓ ਮੋਰਚਾ ਵਲੋਂ ਸਰਕਾਰ ਦੇ ਟਾਲ ਮਟੋਲ ਵਾਲੇ ਰੁਝਾਣ ਦੀ ਨਿਖੇਧੀ ਕੀਤੀ ਤੇ ਕਚਰਾ ਪਲਾਂਟ ਚੁੱਕੇ ਜਾਣ ਤੱਕ ਸ਼ੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ।
ਇਸ ਰੋਸ ਰੈਲੀ ’ਚ ਬਲਵਿੰਦਰ ਸਿੰਘ ਵਾਲੀਆ, ਸ਼ੈਟੀ ਢਿੱਲੋਂ, ਨਗੌਰ ਸਿੰਘ, ਪ੍ਰੇਮ ਕੁਮਾਰ ਪ੍ਰਾਸ਼ਰ, ਬੀਬੀ ਅਮਰਜੀਤ ਕੌਰ, ਕੈਪਟਨ ਮੱਲ ਸਿੰਘ, ਸੋਹਣ ਸਿੰਘ ਜਵੰਧਾ, ਐਡਵੋਕੇਟ ਰਣਜੀਤ ਸਿੰਘ ਜਲਾਲ, ਸਾਬਕਾ ਡੀ.ਐਸ.ਪੀ ਰੂਪ ਸਿੰਘ, ਗੁਰਅਵਤਾਰ ਗੋਗੀ, ਮੋਦਨ ਸਿੰਘ ਮਾਨ, ਬੀਬੀ ਅਮਰਜੀਤ ਕੌਰ ਮਾਹੀਨੰਗਲ ਆਦਿ ਬਹੁਗਿਣਤੀ ਪੀੜਤ ਲੋਕ ਸ਼ਾਮਲ ਸਨ।ਪੀੜਤ ਲੋਕਾਂ ਵਿਚ ਅੰਤਾਂ ਦਾ ਰੋਹ ਨਜ਼ਰ ਆ ਰਿਹਾ ਸੀ। ਸਮੱਸਿਆ ਦੇ ਸਤਾਏ ਲੋਕਾਂ ਨੂੰ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਜ਼ਰ ਨਹੀ ਆ ਰਿਹਾ, ਸੰਘਰਸ਼ ਸਾਂਤਮਈ ਰੱਖਣ ਦੀ ਤਜਵੀਜ਼ ਹੈ, ਪਰ ਨੇੜੇ ਭਵਿੱਖ ਵਿੱਚ ਕੁੱਝ ਵੀ ਹੋ ਸਕਦਾ ਹੈ।ਜੇ ਸੁਣਵਾਈ ਨਾ ਹੋਈ ਤਾਂ ਇਸ ਦੀ ਜਿੰਮੇਵਾਰੀ ਸਮੇਂ ਦੀ ਸਰਕਾਰ ਦੀ ਹੋਵੇਗੀ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media