ਕਿਹਾ ਪ੍ਰੋ. ਬਡੂੰਗਰ ਜੇਕਰ ਵਾਕਿਆ ਹੀ ਵਿਦਵਾਨ ਹਨ ਤਾਂ ਆਪਣੀ ਸ਼ਕਤੀ ਵਿਵਾਦਤ ਮੁੱਦਿਆਂ ‘ਤੇ ਨਸ਼ਟ ਨਾ ਕਰਨ
ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਕਿਸੇ
ਸਰਕਾਰ ਤੇ ਨਾ ਹੀ ਕਾਂਗਰਸ ਪਾਰਟੀ ਦੇ ਸਲਾਹਕਾਰ ਹਨ, ਸਗੋ ਉਹ ਤਾਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਤੌਰ `ਤੇ ਸਲਾਹਕਾਰ ਹੀ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋ ਕਾਂਗਰਸ ਦੇ ਸਲਾਹਕਾਰ ਹੋਣ ਦੇ ਉਠਾਏ ਸਵਾਲ `ਤੇ ਟਿੱਪਣੀ ਕਰਦਿਆ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ ਨਾ ਤਾਂ ਕਾਂਗਰਸ ਪਾਰਟੀ ਤੇ ਨਾ ਹੀ ਕਾਂਗਰਸ ਸਰਕਾਰ ਦੇ ਸਲਾਹਕਾਰ ਹਨ, ਸਗੋ ਉਹਨਾਂ ਦੀ ਕੈਪਟਨ ਪਰਿਵਾਰ ਨਾਲ ਨਿੱਜੀ ਨੇੜਤਾ ਹੈ ਤੇ ਨਿੱਜੀ ਸਬੰਧਾਂ ਕਰਕੇ ਉਹ ਸਿਰਫ ਉਸ ਕੈਪਟਨ ਅਮਰਿੰਦਰ ਸਿੰਘ ਦੇ ਜਾਤੀ ਤੌਰ ਤੇ ਸਲਾਹਕਾਰ ਹਨ, ਜਿਸ ਦਾ ਪ੍ਰੋ. ਬਡੂੰਗਰ ਨੇ ਕਾਂਗਰਸ ਦੇ ਮੁੱਖ ਮੰਤਰੀ ਹੋਣ `ਤੇ ਸੁਆਗਤ ਕਰਦਿਆ ਉਹਨਾਂ ਨੂੰ ਸਨਮਾਨਿਤ ਕੀਤਾ ਸੀ।
ਉਹਨਾਂ ਕਿਹਾ ਕਿ ਪ੍ਰੋ. ਬਡੂੰਗਰ ਨੂੰ ਅਜਿਹੀਆ ਗੱਲਾਂ ਕਰਨ ਦੀ ਬਜਾਏ ਪੰਥ ਦੀ ਚੜਦੀ ਕਲਾ ਲਈ ਹੀ ਕੰਮ ਚਾਹੀਦੇ ਹਨ ਕਿਉਕਿ ਜਿਸ ਸ਼੍ਰੋਮਣੀ ਕਮੇਟੀ ਦੇ ਉਹ ਪ੍ਰਧਾਨ ਹਨ ਉਹ ਕਿਸੇ ਇੱਕ ਧੜੇ ਜਾਂ ਵਰਗ ਦੀ ਨਹੀ ਸਗੋਂ ਸਮੁੱਚੇ ਸਿੱਖ ਜਗਤ ਦੀ ਹੈ ਭਾਂਵੇ ਉਹ ਕਿਸੇ ਵੀ ਪਾਰਟੀ ਜਾਂ ਜਥੇਬੰਦੀ ਨਾਲ ਵੀ ਸਬੰਧਿਤ ਕਿਉ ਨਾ ਹੋਵੇ।ਉਹਨਾਂ ਕਿਹਾ ਕਿ ਪ੍ਰੋ. ਬਡੂੰਗਰ ਜੇਕਰ ਵਾਕਿਆ ਹੀ ਵਿਦਵਾਨ ਹਨ ਤਾਂ ਉਹਨਾਂ ਨੂੰ ਆਪਣੀ ਸ਼ਕਤੀ ਵਿਵਾਦਤ ਮੁੱਦਿਆਂ ‘ਤੇ ਨਸ਼ਟ ਨਹੀਂ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਸਮੇਤ ਸਾਰੇ ਗੁਰੂ ਘਰਾਂ ‘ਤੇ ਲਗਾਏ ਗਏ ਜੀ.ਐਸ.ਟੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹੈ ਅਤੇ ਅਕਾਲੀ ਦਲ ਨਾਲ ਸਬੰਧਿਤ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਹਨ।ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਦਾ ਕਹਿਣਾ ਨਹੀ ਮੰਨਦੀ ਤਾਂ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਕੇ ਬਾਹਰ ਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜੀ.ਐਸ.ਟੀ ਧਾਰਮਿਕ ਅਦਾਰਿਆ `ਤੇ ਲਗਾਉਣਾ ਕੇਂਦਰ ਦੀ ਗਲਤ ਨੀਤੀ ਹੈ ਅਤੇ ਫਿਰ ਗੁਰੂ ਰਾਮਦਾਸ ਜੀ ਦੇ ਲੰਗਰ `ਤੇ ਲਗਾਉਣਾ ਕਿਸੇ ਵੀ ਤਰਾਂ ਉਚਿਤ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਸ਼ਰੋਮਣੀ ਕਮੇਟੀ ਕੋਈ ਵੀ ਜੀ.ਐਸ.ਟੀ ਦੇ ਖਿਲਾਫ ਕੋਈ ਸੰਘਰਸ਼ ਵਿੱਢਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਹਰ ਪ੍ਰਕਾਰ ਦਾ ਸਾਥ ਦੇਵੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਲਿਜਾਏ ਜਾਣ ਵਾਲੇ ਨਗਰ ਕੀਤਰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਰੀਆ ਧਿਰਾਂ ਨੂੰ ਖੁੱਲਾ ਸੱਦਾ ਦਿੱਤੇ ਜਾਣ ਦੇ ਨਾਲ ਨਾਲ ਨਿੱਜੀ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਉਹ ਵੱਖ ਵੱਖ ਸੰਪਰਦਾਵਾਂ ਤੇ ਵੱਖ ਵੱਖ ਪੰਥਕ ਜਥੇਬੰਦੀਆ ਨਾਲ ਮੀਟਿੰਗਾਂ ਵੀ ਕਰਨਗੇ ਤੇ ਹਰੇਕ ਨਾਨਕ ਨਾਮ ਲੇਵਾ ਸੰਗਤਾਂ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਇਸ ਨਗਰ ਕੀਤਰਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਉਹ ਚੀਫ ਖਾਲਸਾ ਦੀਵਾਨ ਦੇ ਸੱਦੇ ਤੇ ਅੱਠਵੇ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਭਾਗ ਲੈਣ ਲਈ ਆਏ ਹਨ ਤੇ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੰਦੇ ਹਨ ਕਿ ਉਹ ਆਪਸੀ ਧੜੇਬੰਦੀਆਂ ਤੋਂ ਉਪਰ ਉਠ ਕੇ ਗੁਰੂ ਸਾਹਿਬਾਨ ਦੇ ਪੁਰਬ ਇਕੱਠੇ ਹੋ ਕੇ ਮਨਾਉਣ।ਇਸ ਸਮੇਂ ਉਹਨਾਂ ਦੇ ਨਾਲ ਅਕਾਲੀ ਦਲ ਦਿੱਲੀ ਦੇ ਸਕੱਤਰ ਮਨਜੀਤ ਸਿੰਘ ਸਰਨਾ ਤੇ ਮਨਿੰਦਰ ਸਿੰਘ ਧੁੰਨਾ ਮੌਜੂਦ ਸਨ।
Punjab Post Daily Online Newspaper & Print Media