ਸਰਕਾਰ ਤੇ ਪ੍ਰਸ਼ਾਸਨ ਨੇ ਗੰਭੀਰ ਮਸਲੇ ਸਬੰਧੀ ਵੱਟੀ ਚੁੱਪ
ਸੰਦੌੜ, 27 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਥੋਂ ਨੇੜਲੇ ਪਿੰਡਾਂ ਤੋਂ ਇਲਾਵਾ ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਦਾ ਮਸਲਾ ਲੰਮੇ ਸਮੇਂ ਤੋਂ
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਦਿਨੋਂ ਦਿਨ ਵੱਧ ਰਹੀ ਅਵਾਰਾ ਕੁੱਤਿਆ ਦੀ ਭਰਮਾਰ ਨੇ ਲੋਕਾਂ ਅੰਦਰ ਭਾਰੀ ਦਹਿਸ਼ਤ ਪਾ ਦਿੱਤੀ ਹੈ।ਪਰ ਸਰਕਾਰ ਇਨ੍ਹਾਂ ਦੋਵਾਂ ਗੰਭੀਰ ਸਮੱਸਿਆ ਦਾ ਕੋਈ ਅਜੇ ਤੱਕ ਹੱਲ ਕੱਢਣ `ਚ ਨਾਕਾਮ ਸਾਬਤ ਹੋਈ ਹੈ, ਜਿਸ ਕਰਕੇ ਲੋਕਾਂ `ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।ਇਸ ਸਬੰਧੀ ਕਈ ਵਾਰ ਵੱਖ ਵੱਖ ਅਖ਼ਬਾਰਾਂ `ਚ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਕਈ ਪਿੰਡਾਂ `ਚ ਹੱਡਾ ਰੋੜੀਆਂ ਪਿੰਡਾਂ ਦੀ ਵਸੋਂ ਦੇ ਬਿਲਕੁੱਲ ਨਜ਼ਦੀਕ ਹਨ, ਜਿਸ ਕਰਕੇ ਅਵਾਰਾ ਕੁੱਤਿਆਂ ਦੇ ਮੂੰਹ ਨੂੰ ਮਾਸ ਤੇ ਖੂਨ ਲੱਗਿਆ ਹੁੰਦਾ ਹੈ ਤੇ ਫਿਰ ਇਹੀ ਅਵਾਰਾ ਕੁੱਤੇ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।
ਜ਼ਿਕਰਯੋਗ ਹੈ ਕਿ ਅਵਾਰਾ ਕੁੱਤਿਆਂ ਸਬੰਧੀ ਪੰਚਾਇਤਾਂ ਵੀ ਮਤੇ ਪਾਉਣ ਤੋਂ ਨਾਕਾਮ ਹੀ ਜਾਪ ਰਹੀਆਂ ਹਨ ਤੇ ਸੰਘਰਸ਼ੀਲ ਜਥੇਬੰਦੀਆਂ ਨੂੰ ਅਵਾਰਾ ਪਸੂਆਂ ਤੇ ਅਵਾਰਾ ਕੱੁਤਿਆਂ ਦੇ ਮਸਲੇ ਜੋਰ ਨਾਲ ਉਠਾਉਣੇ ਚਾਹੀਦੇ ਹਨ। ਜਿਸ ਕਰਕੇ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ।ਅਵਾਰਾ ਪਸ਼ੂ ਜਿਥੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲ਼ੀਆਂ ਫਸਲਾਂ ਦਾ ਉਜਾੜਾ ਤੇ ਸੜਕੀਂ ਹਾਦਸਿਆਂ ਵਿੱਚ ਵਾਧਾ ਕਰਦੇ ਹਨ, ਉਥੇ ਅਵਾਰਾ ਕੁੱਤੇ ਛੋਟੇ ਬੱਚਿਆਂ ਤੇ ਲੋਕਾਂ ਨੰੂੰ ਆਪਣਾ ਸ਼ਿਕਾਰ ਬਣਾਉਂਦੇ ਹਨ।ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਮਸਲੇ ਵੱਲ ਜਲਦੀ ਧਿਆਨ ਦੇ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media