Sunday, March 8, 2026

ਪੰਜ ਸਿੰਘ ਸਾਹਿਬਾਨਾਂ ਵਲੋਂ ਇਟਲੀ ਦੀ ਕਿਰਪਾਨ ਦਾ ਨਮੂਨਾ ਰੱਦ, ਦਿਲਗੀਰ ਨੂੰ ਕੀਤਾ ਤਲਬ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਿਤੀ 12 ਸਾਵਣ ਸੰਮਤ ਨਾਨਕਸ਼ਾਹੀ 549 ਮੁਤਾਬਿਕ ਦਿਨ ਵੀਰਵਾਰ akal takhtਨੂੰ ਸਕੱਤਰੇਤ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ।ਜਿਸ ਵਿੱਚ ਇਟਲੀ ਦੀ ਇਕ ਕੰਪਨੀ ਵੱਲੋਂ ਪੇਸ਼ ਕੀਤੇ ਗਏ ਕਿਰਪਾਨ ਦੇ ਨਮੂਨੇ ਤੋਂ ਇਲਾਵਾ ਕਈ ਹੋਰ ਪੰਥਕ ਮਾਮਲੇ ਵਿਚਾਰੇ ਗਏ। ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ਇਟਲੀ ਦੀ ਕਿਰਪਾਨ ਦੇ ਨਮੂਨੇ ਦੇ ਇਤਿਹਾਸਕ ਸਰੋਤਾਂ ਨੂੰ ਵਾਚਣ ਉਪਰੰਤ ਅਤੇ ਦੇਸ਼-ਵਿਦੇਸ਼ ਦੀਆਂ ਸਮੂੰਹ ਸੰਗਤਾਂ, ਧਾਰਮਿਕ ਜਥੇਬੰਦੀਆਂ ਵੱਲੋਂ ਪੁੱਜੀ ਰਾਏ ਅਨੁਸਾਰ ਪੰਜ ਸਿੰਘ ਸਾਹਿਬਾਨ ਵਲੋਂ ਇਸ ਧਾਤ ਦੀ ਬਣੀ ਕਿਰਪਾਨ ਨੂੰ ਮੂਲੋਂ ਰੱਦ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਸਾਹਿਬ ਵੱਲੋਂ ਜੋ ਸਿੱਖ ਨੂੰ ਪੰਜ ਕਕਾਰੀ ਰਹਿਤ ਬਖਸ਼ੀ ਹੈ, ਉਸ ਵਿਚ ਕਿਰਪਾਨ ਦਾ ਅਹਿਮ ਸਥਾਨ ਹੈ।ਇਸ ਸਬੰਧੀ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਮਿਲ ਕੇ ਕਿਰਪਾਨ ਦੀ ਪ੍ਰਵਾਨਗੀ ਵਾਸਤੇ ਉਪਰਾਲੇ ਕਰਨ।
ਦੂਜੇ ਮਤੇ ਰਾਹੀਂ ਪਿਛਲੇ ਦਿਨੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਸਵੰਤ ਸਿੰਘ ਖੋਸਾ ਵੱਲੋਂ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਜਿਸ ਪੁਰ ਸ੍ਰੀ ਅਖੰਡਪਾਠ ਸਾਹਿਬ ਕਰਦੇ ਸਮੇਂ ਪਾਠੀ ਸਿੰਘਾਂ ਵੱਲੋਂ ਬਹੁਤ ਸਾਰੀਆਂ ਉਕਾਈਆਂ ਸਾਹਮਣੇ ਲਿਆਂਦੀਆਂ ਗਈਆਂ।ਜਿਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਸੀ।ਗਠਿਤ ਕੀਤੀ ਕਮੇਟੀ ਨੇ ਆਪ ਜਾ ਕੇ ਪਾਵਨ ਸਰੂਪ ਦੇ ਦਰਸ਼ਨ ਵੀ ਕੀਤੇ, ਜਿਸ ਵਿਚ ਉਕਾਈਆਂ ਨੂੰ ਸਹੀ ਪਾਇਆ ਗਿਆ ਅਤੇ ਗੁਰਬਾਣੀ ਦੀਆਂ ਪੰਕਤੀਆਂ ਵਿਚ ਵੀ ਵਾਧ-ਘਾਟ ਪਾਈ ਗਈ।ਪੜਤਾਲੀਆ ਰਿਪੋਰਟ ਅਨੁਸਾਰ ਜੋ ਦੋਸ਼ੀ ਪਾਏ ਗਏ ਹਨ।ਜਿਨ੍ਹਾਂ ਵਿਚ ਜਗਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਪ੍ਰਬੰਧਕੀ ਤੌਰ, ਹੈਡ ਗ੍ਰੰਥੀ ਗਿ: ਜਗਤਾਰ ਸਿੰਘ, ਇੰਚਾਰਜ ਅਖੰਡ ਪਾਠ ਜਰਨੈਲ ਸਿੰਘ ਸ਼੍ਰੋਮਣੀ ਗੁ: ਪ੍ਰ: ਕਮੇਟੀ ਇਨ੍ਹਾਂ ਉਪਰ ਤੁਰੰਤ ਬਣਦੀ ਵਿਭਾਗੀ ਕਾਰਵਾਈ ਕਰੇ।ਇਸ ਦੇ ਨਾਲ ਹੀ ਜਸਵੰਤ ਸਿੰਘ ਖੋਸਾ, ਹੈਡ ਗ੍ਰੰਥੀ ਗਿ: ਜਗਤਾਰ ਸਿੰਘ, ਇੰਚਾਰਜ ਅਖੰਡਪਾਠ ਜਰਨੈਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਂਦਾ ਹੈ। ਪੜਤਾਲੀਆ ਕਮੇਟੀ ਵੱਲੋਂ ਬਾਕੀ ਰਹਿੰਦੀ ਰਿਪੋਰਟ ਵੀ ਜਲਦੀ ਤੋਂ ਜਲਦੀ ਪੜਤਾਲ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਵੇ।ਪੜਤਾਲੀਆ ਕਮੇਟੀ ਇਸ ਪਾਵਨ ਸਰੂਪ ਦੀ ਡਿਜ਼ੀਟਲ ਵੀਡੀਓ/ਫੋਟੋਗ੍ਰਾਫੀ ਕਰਵਾ ਕੇ ਪਾਵਨ ਸਰੂਪ ਨੂੰ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਾਉਣ ਦਾ ਪ੍ਰਬੰਧ ਕਰੇ।

ਤੀਜੇ ਮਤੇ ਰਾਹੀਂ ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖ਼ਤਾਂ ਪ੍ਰਤੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਸਾਰੇ ਇਤਰਾਜ਼ ਆਏ ਕਿ ਇਸ ਨੇ ਪੰਥਕ ਮਰਿਆਦਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਅੰਮ੍ਰਿਤ, ਨਿੱਤਨੇਮ ਆਦਿ ਸਬੰਧੀ ਜੋ ਲਿਖਤਾਂ ਲਿਖੀਆਂ ਹਨ ਜਿਨ੍ਹਾਂ ਦਾ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ।ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਲਿਖ਼ਤਾਂ ਦੀ ਪੜਤਾਲ ਕਰਨ ਲਈ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਗਈ ਸੀ।ਕਮੇਟੀ ਦੀ ਰਿਪੋਰਟ ਅਨੁਸਾਰ ਇਸ ਨੇ ਆਪਣੀਆਂ ਲਿਖ਼ਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਘਟੀਆ ਸ਼ਬਦਾਵਲੀ, ਅੰਮ੍ਰਿਤ, ਨਿਤਨੇਮ, ਅਰਦਾਸ, ਕਕਾਰ, ਦਸਮ ਬਾਣੀ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਦੀ ਸੇਵਾ ਸੰਭਾਲ ਅਤੇ ਦਮਦਮੀ ਟਕਸਾਲ ਸਬੰਧੀ ਬਹੁਤ ਨੀਵੇਂ ਪੱਧਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ।ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵੀਚਾਰ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਜਿਨੀ ਦੇਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱੱਸ਼ਟੀਕਰਨ ਨਹੀਂ ਦੇ ਦਿੰਦਾ ਓਨੀ ਦੇਰ ਤੱਕ ਸਿੱਖ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ ਅਤੇ ਕਿਸੇ ਵੀ ਧਾਰਮਿਕ, ਸਮਾਜਿਕ, ਰਾਜਨੀਤਿਕ ਸਟੇਜ ਉਪਰ ਨਾ ਬੋਲਣ ਦਿੱਤਾ ਜਾਵੇ ਅਤੇ ਇਸ ਵੱਲੋਂ ਲਿਖੀਆਂ ਕਿਤਾਬਾਂ ਉਪਰ ਪੂਰਨ ਤੌਰ ‘ਤੇ ਰੋਕ ਲਗਾਈ ਜਾਂਦੀ ਹੈ।

ਚੌਥੇ ਮਤੇ ਰਾਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਜੋ ਪਿਛਲੇ ਦਿਨੀ ਹੋਈ ਮੰਦਭਾਗੀ ਘਟਨਾਂ ਨਾਲ ਜਿਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧ ਦੀ ਬਦਨਾਮੀ ਹੋਈ ਹੈ, ਉਥੇ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਵੀ ਪੁੱਜੀ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਇਹੋ ਜਿਹੇ ਮੁਲਾਜ਼ਮਾਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।ਮੈਂਬਰ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਗੁਰੂ-ਘਰਾਂ ਦੇ ਪ੍ਰਬੰਧ ਵਿਚ ਸਹਿਯੋਗ ਦੇਣ ਦੇ ਨਾਲ-ਨਾਲ ਮੁਲਾਜ਼ਮਾਂ ਦੀ ਪੁਸ਼ਤ-ਪਨਾਹੀ (ਬੇਲੋੜੀ ਮਦਦ) ਨਾ ਕਰਨ।ਪ੍ਰੋ: ਕਿਰਪਾਲ ਸਿੰਘ ਬੰਡੂਗਰ ਪ੍ਰਧਾਨ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਜੋ ਧਰਮ ਪ੍ਰਚਾਰ ਦੀ ਲਹਿਰ ਅਰੰਭ ਕੀਤੀ ਗਈ ਹੈ, ਮੈਂਬਰ ਇਸ ਵਿਚ ਪੂਰਨ ਸਹਿਯੋਗ ਦੇਣ ਜੋ ਸ਼ਲਾਘਾਯੋਗ ਉਪਰਾਲਾ ਹੈ।
ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਪੁੱਜ ਰਹੀਆਂ ਹਨ ਕੁੱਝ ਕੰਪਨੀਆਂ ਗੁਟਕਾ ਸਾਹਿਬ ਦੇ ਬਾਹਰ ਆਪਣੀ ਕੰਪਨੀ ਦੀ ਮਸ਼ਹੂਰੀ ਲਈ ਇਸ਼ਤਿਹਾਰਬਾਜੀ ਕਰਦੀਆਂ ਹਨ, ਜੋ ਕਦਾਚਿਤ ਉਚਿਤ ਨਹੀਂ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply