ਨਵੀਂ ਦਿੱਲੀ, 2 ਅਗਸਤ (ਪੰਜਾਬ ਪੋਸਟ ਬਿਊਰੋ) – ਇੰਗਲੈਂਡ ’ਚ ਪਹਿਲੇ ਸਿੱਖ ਸੰਸਦ ਮੈਂਬਰ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ

ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਅਕਾਲੀ ਐਮ.ਪੀ ਬਲਵਿੰਦਰ ਸਿੰਘ ਭੁੰਦੜ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ ਅਤੇ ਭਾਜਪਾ ਆਗੂ ਆਰ.ਪੀ ਸਿੰਘ ਵਲੋਂ ਸ਼ਾਲ, ਸ਼੍ਰੀ ਸਾਹਿਬ ਅਤੇ ਕਿਤਾਬਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਸਿਰਸਾ ਨੇ ਸਿੱਖ ਪੱਛਾਣ ਨਾਲ ਜੁੜੀਆਂ ਵਸਤੂਆਂ ਨੂੰ ਲੈ ਕੇ ਵਿਦੇਸ਼ਾਂ ’ਚ ਸਿੱਖਾਂ ਦੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਢੇਸੀ ਦਾ ਸਹਿਯੋਗ ਮੰਗਿਆ।ਸਿਰਸਾ ਨੇ ਇਸ ਮਸਲੇ ’ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸੰਬੰਧੀ ਭੇਜੇ ਗਏ ਮਾਮਲੇ ਦੀ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਪੰਜ ਕਕਾਰ ਅਤੇ ਦਸਤਾਰ ਨੂੰ ਲੈ ਕੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵੱਖਰੇ-ਵੱਖਰੇ ਕਾਨੂੰਨਾਂ ਕਰਕੇ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ।ਇਸ ਕਰਕੇ ਕਮੇਟੀ ਨੇ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਰੱਖਿਆ ਹੈ।ਸਿਰਸਾ ਨੇ ਕਮੇਟੀ ਦੇ ਪੱਖ ਨੂੰ ਮਜ਼ਬੂਤ ਕਰਨ ਲਈ ਢੇਸੀ ਨੂੰ ਮਾਮਲੇ ਦੇ ਸਮਰਥਨ ਵਿਚ ਪੱਤਰ ਦੇਣ ਦੀ ਅਪੀਲ ਕਰਦੇ ਹੋਏ ਇੰਗਲੈਂਡ ਦੇ ਵਿਦੇਸ਼ ਮੰਤਰੀ ਪਾਸੋਂ ਵੀ ਅਜਿਹਾ ਪੱਤਰ ਕਮੇਟੀ ਨੂੰ ਦਿਵਾਉਣ ਦੀ ਬੇਨਤੀ ਕੀਤੀ ਤਾਂਕਿ ਸੰਯੁਕਤ ਰਾਸ਼ਟਰ ਦੇ ਸਾਹਮਣੇ ਮਜਬੂਤੀ ਨਾਲ ਸਿੱਖਾਂ ਦਾ ਪੱਖ ਰੱਖਿਆ ਜਾ ਸਕੇ।ਸੰਯੁਕਤ ਰਾਸ਼ਟਰ ਦੇ ਅਗਲੇ ਇਜਲਾਸ਼ ’ਚ ਇਸ ਮਸਲੇ ’ਤੇ ਸੁਣਵਾਈ ਹੋਣ ਦੀ ਆਸ ਜਤਾਉਂਦੇ ਹੋਏ ਸਿਰਸਾ ਨੇ ਸੰਯੁਕਤ ਰਾਸ਼ਟਰ ਵਲੋਂ ਕਾਨੂੰਨ ਬਣਨ ਉਪਰੰਤ ਸਿੱਖਾਂ ਦੀ ਧਾਰਮਿਕ ਤੌਰ ਤੇ ਹੋਣ ਵਾਲੀ ਖੱਜਲ ਖੁਆਰੀ ਰੁਕਣ ਦਾ ਦਾਅਵਾ ਕੀਤਾ।
ਢੇਸੀ ਨੇ ਸਨਮਾਨ ਲਈ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਿਕ ਸਥਾਨ ’ਤੇ ਉਨ੍ਹਾਂ ਦਾ ਸਨਮਾਨ ਕੀਤੇ ਜਾਣ ਨੂੰ ਮਾਣ ਵਾਲੀ ਗੱਲ ਦੱਸਿਆ।ਬਤੌਰ ਸਿੱਖ ਹੋਣ ਕਰਕੇ ਬਰਤਾਨੀਆ, ਪੰਜਾਬ ਅਤੇ ਸਿੱਖੀ ਮਸਲਿਆਂ ’ਤੇ ਡੱਟ ਕੇ ਕੌਮ ਦੀ ਅਵਾਜ ਬਣਨ ਦਾ ਭਰੋਸਾ ਦਿੰਦੇ ਹੋਏ ਢੇਸੀ ਨੇ ਉਨ੍ਹਾਂ ਨੂੰ ਸਾਂਸਦ ਬਣਾਉਣ ’ਚ ਸਹਿਯੋਗ ਦੇਣ ਵਾਲੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ।ਸਿਰਸਾ ਵੱਲੋਂ ਸਿੱਖ ਪੱਛਾਣ ਨਾਲ ਜੁੜੇ ਮਸਲੇ ’ਤੇ ਮੰਗੀ ਗਈ ਸਹਾਇਤਾ ਨੂੰ ਢੇਸੀ ਨੇ ਪੂਰਣ ਤੌਰ ਤੇ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਕੌਮ ਲਈ ਕੰਮ ਨਹੀਂ ਕੀਤੇ ਤਾਂ ਫਿਰ ਕਿਸ ਤੋਂ ਉਮੀਦ ਕਰਾਂਗੇ।
ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਇਕ ਢੁਕਵਾਂ ਮਤਾ ਪਾਸ ਕਰਨ ਦੀ ਅਪੀਲ ਕਰਦਿਆਂ ਸਿਰਸਾ ਨੇ ਕਿਹਾ ਕਿ ਮਤੇ ਰਾਹੀਂ ਸਾਰੇ ਮੈਂਬਰ ਰਾਜਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਮੌਜੂਦਾ ਕਾਨੂੰਨਾਂ ਵਿਚ ਸੋਧ ਕਰ ਕੇ ਜਾਂ ਨਵੇਂ ਕਾਨੂੰਨ ਬਣਾ ਕੇ ਸਿੱਖਾਂ ਨੂੰ ਆਪੋ ਆਪਣੇ ਮੁਲਕ ਵਿਚ ਪੰਜ ਕੱਕਾਰ ਤੇ ਦਸਤਾਰ ਧਾਰਨ ਕਰਨ ਦੀ ਖੁੱਲ ਦੇਣ। ਉਹਨਾਂ ਕਿਹਾ ਕਿ ਅਜਿਹਾ ਮਤਾ ਪਾਸ ਹੋਣ ਨਾਲ ਇਹ ਮਸਲਾ ਸਥਾਈ ਤੌਰ ’ਤੇ ਹੱਲ ਹੋਣ ਦਾ ਰਾਹ ਖੁੱਲ ਜਾਵੇਗਾ।ਸਿਰਸਾ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਸੰਯੁਕਤ ਰਾਸ਼ਟਰ ਵਿੱਚ ਡੀ.ਐਸਜੀ.ਐਮ.ਸੀ ਆਪਣੀ ਵਿਸਥਾਰਿਤ ਪੇਸ਼ਕਾਰੀ ਦੇਣ ਵਾਸਤੇ ਤਿਆਰ ਹੈ, ਜਿਸ ਸਦਕਾ ਮੈਂਬਰ ਇਸ ਜਟਿਲ ਸਮੱਸਿਆ ਨੂੰ ਸਮਝ ਸਕਣਗੇ ਅਤੇ ਸਿੱਖ ਭਾਈਚਾਰੇ ਦੀ ਮੁਸ਼ਕਿਲ ਹੱਲ ਹੋ ਸਕੇਗੀ।ਉਹਨਾਂ ਕਿਹਾ ਕਿ ਉਹ ਇਹ ਮਤਾ ਪਾਸ ਕਰਵਾਉਣ ਲਈ ਸੰਯੁਕਤ ਰਾਸ਼ਟਰ ’ਤੇ ਦਬਾਅ ਬਣਾਉਣ ਵਾਸਤੇ ਵੱਖ-ਵੱਖ ਮੁਲਕਾਂ ਦੇ ਸਿੱਖ ਸੰਗਠਨਾਂ ਤੇ ਸਿੱਖ ਪ੍ਰਤੀਨਿਧਾਂ ਨਾਲ ਵੀ ਸੰਪਰਕ ਬਣਾਉਣਗੇ।
Punjab Post Daily Online Newspaper & Print Media