ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਗਲੋਬਲ
ਵਾਰਮਿੰਗ ਸਬੰਧੀ ਸਮਾਜਿਕ ਚੇਤਨਾ ਪੈਦਾ ਕਰਨ ਲਈ ਉਲੀਕੇ ਗਏ ਸਮਾਰੋਹ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਵਿੱਦਿਅਕ ਪੇਸ਼ਕਾਰੀਆਂ ਰਾਹੀਂ ‘ਵਾਤਾਵਰਣ ਬਚਾਓ, ਰੁੱਖ ਲਗਾਓ’ ਦਾ ਸੰਦੇਸ਼ ਦਿੱਤਾ, ਉਥੇ ਅੰਤਰਰਾਸ਼ਟਰੀ ਸਾਂਝ ਅਤੇ ਵਿਸ਼ੇਸ਼ ਕਰਕੇ ਅਲਬਰਟਾ ਸੂਬੇ ਅਤੇ ਪੰਜਾਬ ਵਿਚਾਲੇ ਸੱਭਿਆਚਾਰਕ, ਵਿੱਦਿਅਕ ਅਤੇ ਫ਼ੈਕਲਟੀ ਅਦਾਨ-ਪ੍ਰਦਾਨ ਬਾਰੇ ਵੀ ਬੁਲਾਰਿਆਂ ਅਤੇ ਭਾਗ ਲੈਣ ਵਾਲੀਆਂ ਸਖਸ਼ੀਅਤਾਂ ਨੇ ਭਰਪੂਰ ਚਰਚਾ ਕੀਤੀ ਅਤੇ ਸਮੁੱਚਾ ਸਮਾਰੋਹ ਬਹੁ-ਸੱਭਿਆਚਾਰਕ ਰੰਗਾਂ ਅਤੇ ਵਿੱਦਿਅਕ ਪਹਿਲੂਆਂ ਦਾ ਵੱਡਮੁੱਲਾ ਸੁਮੇਲ ਸਾਬਿਤ ਹੋਇਆ। ਸਮਾਰੋਹ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜਲੀਆਂ ਭੇਂਟ ਕਰਦਿਆਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ।
ਸਮਾਰੋਹ ਦੋਰਾਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਅਲਬਰਟਾ ਸੂਬੇ ਦੇ ਵਿਧਾਇਕ ਅਤੇ ਖ਼ਾਲਸਾ ਕਾਲਜ ਐਗਰੀਕਲਚਰ ਵਿਭਾਗ ਦੇ ਰਹਿ ਚੁੱਕੇ ਵਿਦਿਆਰਥੀ ਪ੍ਰਭ ਗਿੱਲ ਨੇ ਬੋਲਦਿਆਂ ਕਿਹਾ ਕਿ ਖ਼ਾਲਸਾ ਕਾਲਜ ਕੈਂਪਸ ’ਚ ਪਹੁੰਚਣ ’ਤੇ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਆਪਣੇ ਘਰ ਵਾਪਸ ਆ ਗਏ ਹੋਣ।ਕਿਉਂਕਿ ਕਾਲਜ ਦਾ ਇਤਿਹਾਸਕ ਹੈਰੀਟੇਜ਼ ਉਨ੍ਹਾਂ ਦੇ ਦਿਲ ’ਚ ਹਮੇਸ਼ਾਂ ਵੱਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੇ ਵਿੱਦਿਅਕ ਕੈਰੀਅਰ ਨੂੰ ਨਿਖਾਰਿਆ ਅਤੇ ਇਸੇ ਕਰਕੇ ਉਹ ਅਲਬਰਟਾ ਸੂਬੇ ਦੀ ਅਸਬੈਲੀ ਤੱਕ ਪਹੁੰਚੇ।ਉਨ੍ਹਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਖ਼ਾਲਸਾ ਵਿੱਦਿਅਕ ਅਦਾਰਿਆਂ ਦੀ ਤਰੱਕੀ ਲਈ ਪਾਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਗਵਰਨਿੰਗ ਕੌਂਸਲ ਮੈਂਬਰ ਡਾ. ਦਵਿੰਦਰ ਸਿੰਘ ਛੀਨਾ ਵੱਲੋਂ ਅੰਤਰਰਾਸ਼ਟਰੀ ਮੁਕਾਮਾਂ ’ਤੇ ਕਾਲਜ ਦੀ ਵਿਰਾਸਤ ਬਾਰੇ ਪ੍ਰਚਾਰ ਕਰਨ ਲਈ ਜੁਟਾਏ ਕਾਰਜਾਂ ਦੀ ਵੀ ਸ਼ਲਾਘਾ ਕੀਤੀ।
ਗਿੱਲ ਨੇ ਕਿਹਾ ਕਿ ਅਲਬਰਟਾ ਸੂਬੇ ਅਤੇ ਪੰਜਾਬ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਵਿਚਾਲੇ ਸੱਭਿਆਚਾਰਕ ਸਾਂਝ ਅਤੇ ਫੈਸਟੀਵਲ ਅਦਾਨ-ਪ੍ਰਦਾਨ ਸਬੰਧੀ ਉਹ ਲੋੜੀਂਦੇ ਯਤਨ ਜੁਟਾਉਣਗੇ ਅਤੇ ਅਲਬਰਟਾ ਸੂਬੇ ’ਚ ਵੱਸਦੇ ਖ਼ਾਲਸਾ ਕਾਲਜ ਦੇ ਰਹਿ ਚੁੱਕੇ ਵਿਦਿਆਰਥੀਆਂ ਨੂੰ ਖ਼ਾਲਸਾ ਕਾਲਜ ਗਲੋਬਲ ਐਲੂਮਨੀ ਐਸੋਸੀਏਸ਼ਨ ਨਾਲ ਜੋੜ ਕੇ ਅਲਬਰਟਾ ਸੂਬਾ ਦਾ ਚੈਪਟਰ ਗਠਿਤ ਕਰਨਗੇ।
ਕੌਂਸਲ ਦੇ ਆਨਰੇਰੀ ਸਕੱਤਰ ਛੀਨਾ ਨੇ ਜਿੱਥੇ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸੋਚ ਦੇ ਧਾਰਨੀ ਬਣਨ ਲਈ ਕਿਹਾ, ਉਥੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੀਆਂ ਐਲੂਮਨੀ ਵਿਦਿਆਰਥਣਾਂ ਵੱਲੋਂ ਸਰਬੀਆ (ਯੂਰਪ) ਦੇ 3 ਵਰਲਡ ਫ਼ੋਕ ਫੈਸਟੀਵਲਾਂ ’ਚ ਪੰਜਾਬ ਦੇ ਵਿਰਸੇ ਦੀ ਪ੍ਰਤੀਨਿਧਤਾ ਕਰਨ ਦੀ ਸ਼ਲਾਘਾ ਵੀ ਕੀਤੀ ਅਤੇ ਅੰਤਰਰਾਸ਼ਟਰੀ ਵਿੱਦਿਅਕ ਸੱਭਿਆਚਾਰਕ ਐਕਸਚੇਂਜ਼ ਪ੍ਰੋਗਰਾਮਾਂ ਸਬੰਧੀ ਬੀਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਡਾ. ਦਵਿੰਦਰ ਸਿੰਘ ਛੀਨਾ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਨੂੰ ਸਰਾਹਿਆ।
ਇਸ ਮੌਕੇ ਡਾ. ਦਵਿੰਦਰ ਸਿੰਘ ਛੀਨਾ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਸਰਬੀਆ ’ਚ ਪੁੱਜੇ 15 ਮੁਲਕਾਂ ਦੇ ਡੈਲੀਗੇਸ਼ਨਾਂ, ਸਰਬੀਅਨ ਮੀਡੀਏ, ਬੈਲਜ਼ੀਅਮ ਅਤੇ ਹੋਲੈਂਡ ’ਚ ਹੋਈਆਂ ਅੰਤਰਰਾਸ਼ਟਰੀ ਮੀਟਿੰਗਾਂ ’ਚ ਖ਼ਾਲਸਾ ਕਾਲਜ ਵਿਰਾਸਤ ਸਬੰਧੀ ਕੀਤੀ ਚਰਚਾ ਬਾਰੇ ਦੱਸਿਆ। ਪ੍ਰਿੰ: ਡਾ. ਢਿੱਲੋਂ ਨੇ ਸਰਬੀਆ ਦੇ ਅੰਤਰਰਾਸ਼ਟਰੀ ਫੈਸਟੀਵਲ ’ਚ ‘ਮਿਸ ਫੈਸਟੀਵਲ’ ਚੁਣੀ ਗਈ ਬੀਬਾ ਅਮਨਦੀਪ ਕੌਰ ਦੀ ਪ੍ਰਸੰਸਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਪ੍ਰੋਗਰਾਮ ਸਫ਼ਲ ਬਣਾਉਣ ’ਤੇ ਧੰਨਵਾਦ ਕੀਤਾ।
ਸਮਾਰੋਹ ਮੌਕੇ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਵਲੋਂ ਵਿਧਾਇਕ ਗਿੱਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਯੂਰਪ ਵਰਲਡ ਫ਼ੋਕ ਫੈਸਟੀਵਲ ਦੌਰੇ ’ਤੇ ਗਏ ਐਲੂਮਨੀ ਪ੍ਰੋ: ਮਨਪ੍ਰੀਤ ਕੌਰ ਚੀਮਾ, ਅਵਨੀਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਨੇਹਾ ਯਾਦਵ, ਕੁਲਦੀਪ ਕੌਰ ਅਤੇ ਫ਼ੋਕ ਆਰਟਿਸਟਾਂ ਨਵਰਾਜ ਸਿੰਘ ਛੀਨਾ, ਮਨਦੀਪ ਸਿੰਘ ਲੋਟੇ, ਭੁਪਿੰਦਰ ਸਿੰਘ ਵਿੱਕੀ ਅਤੇ ਬੰਸੀ ਲਾਲ ਨੂੰ ਵਰਲਡ ਫ਼ੋਕ ਫੈਸਟੀਵਲ ਦੇ ‘ਡਿਪਲੋਮਾਜ਼’ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਡਾ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਅਮਨਦੀਪ ਸਿੰਘ ਸੋਢੀ, ਖ਼ਾਲਸਾ ਕਾਲਜ ਗਲੋਬਲ ਐਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਹਰਪ੍ਰੀਤ ਸਿੰਘ ਭੱਟੀ, ਗੁਰਇੰਦਰ ਸਿੰਘ, ਗੁਰਪ੍ਰੀਤ ਸਿੰਘ ਰਿਆੜ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨ, ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ, ਪ੍ਰੋ: ਮੋਹਨ ਸਿੰਘ, ਦਿਲਰਾਜ ਸਿੰਘ ਗਿੱਲ ਆਦਿ ਮੌਜ਼ੂਦ ਸਨ।
Punjab Post Daily Online Newspaper & Print Media