ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ’ਚ ਵਿੱਦਿਆ ਦੇ ਪੱਧਰ ਨੂੰ ਉਚਾ ਚੁੱਕਣ ਵਾਸਤੇ ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੇ ਅੱਜ ਨਵੀਂ ਛੋਹ ਪ੍ਰਾਪਤ ਕੀਤੀ। ਬਰਤਾਨੀਆਂ ਦੀ ਹੇਲਗਾ ਟੋਡ ਟੀਚਰ ਐਜੂਕੇਸ਼ਨ ਫਾਉਂਡੇਸ਼ਨ ਦੇ ਸਹਿਯੋਗ ਨਾਲ 2014 ਤੋਂ ਸਕੂਲੀ ਟੀਚਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਕਰਵਾਈ ਜਾ ਰਹੀ ਸਿਖਲਾਈ ਤਹਿਤ 60 ਟੀਚਰਾਂ ਨੂੰ ਉਸਤਾਦ ਦੇ ਤਗਮੇ ਨਾਲ ਨਿਵਾਜਿਆ ਗਿਆ ਹੈ।
ਦਰਅਸਲ ਕੁਲ 900 ਟੀਚਰਾਂ ਨੇ ਫਾਉਂਡੇਸ਼ਨ ਪਾਸੋਂ ਸਿਖਲਾਈ ਪ੍ਰਾਪਤ ਕੀਤੀ ਸੀ।ਜਿਸ ਵਿਚੋਂ ਫਾਉਂਡੇਸ਼ਨ ਵੱਲੋਂ ਚੁਣੇ ਗਏ 64 ਉੱਤਮ ਟੀਚਰਾਂ ਨੂੰ ਉਸਤਾਦ ਵੱਜੋਂ ਪ੍ਰਮਾਣ ਪੱਤਰ ਦਿੱਤਾ ਗਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸੀਨੀਅਰ ਮੀਤ ਪ੍ਰਧਾਨ ਤੇ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਹਰਜੀਤ ਸਿੰਘ ਜੀ.ਕੇ. ਅਤੇ ਵਿਕਰਮ ਸਿੰਘ ਰੋਹਿਣੀ ਨੇ ਟੀਚਰਾਂ ਨੂੰ ਪ੍ਰਮਾਣ ਪੱਤਰ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ।
ਸਿਖਲਾਈ ਦੌਰਾਨ ਟੀਚਰਾਂ ਨੂੰ ਮੁੱਢਲੀ ਜਾਣਕਾਰੀ, ਵਿਦਿਆਰਥੀ ਟੀਚਰ ਸੰਬੰਧ, ਨਤੀਜਿਆਂ ਦੀ ਧੋਖ, ਪੜਾਉਣ ਦਾ ਢੰਗ ਅਤੇ ਆਤਮਵਿਸ਼ਵਾਸ ਦੀ ਬਹਾਲੀ ਸਬੰਧੀ ਗੁਰ ਫਾਉਂਡੇਸ਼ਨ ਵੱਲੋਂ ਸਾਂਝੇ ਕੀਤੇ ਗਏ ਸਨ। ਕੁੱਲ ਟੀਚਰਾਂ ਦਾ ਬ੍ਰਾਂਚ ਅਨੁਸਾਰ ਵੇਰਵਾ: ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਢੱਕਾ ਧੀਰਪੁਰ 4, ਫਤਹਿ ਨਗਰ 4, ਹਰਿਗੋਬਿੰਦ ਐਨਕਲੇਵ 6, ਹੇਮਕੁੰਟ ਕਾਲੋਨੀ 5, ਇੰਡੀਆ ਗੇਟ 6, ਕਰੋਲ ਬਾਗ 4, ਕਾਲਕਾਜੀ 6, ਲੋਨੀ ਰੋਡ 5, ਨਾਨਕ ਪਿਆਊ 3, ਪੰਜਾਬੀ ਬਾਗ 5, ਤਿਲਕ ਨਗਰ 4 ਅਤੇ ਬਸੰਤ ਬਿਹਾਰ ਬ੍ਰਾਂਚ ਦੇ 8 ਟੀਚਰ ਇਸ ਸੂਚੀ ਵਿਚ ਸ਼ਾਮਿਲ ਹਨ।
ਇਸ ਮੌਕੇ ਬੋਲਦੇ ਹੋਏ ਜੀ.ਕੇ. ਨੇ ਟੀਚਰਾਂ ਨੂੰ ਜਰੂਰੀ ਸਲਾਹਾਂ ਦੇਣ ਦੇ ਨਾਲ ਹੀ ਬੱਚਿਆਂ ਦੀ ਵਿੱਦਿਅਕ ਤਕਦੀਰ ਬਦਲਣ ਵਾਸਤੇ ਗੁਰ ਵੀ ਸਾਂਝੇ ਕੀਤੇ।ਜੀ.ਕੇ ਨੇ ਕਿਹਾ ਕਿ ਟੀਚਰਾਂ ਨੂੰ ਚੰਗਾ ਟੀਚਰ ਬਣਨ ਤੋਂ ਪਹਿਲਾਂ ਚੰਗਾ ਸਿੱਖਣ ਵਾਲਾ ਇਨਸਾਨ ਬਣਨ ਦੀ ਲੋੜ ਹੈ।ਤੁਸੀਂ ਹਰ ਘੜੀ ਹਰ ਦਿਨ ਕੋਈ ਨਾ ਕੋਈ ਨਵੀਂ ਗੱਲ ਸਿੱਖਦੇ ਹੋ। ਇਸ ਕਰਕੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਉਸ ਵਿਚੋਂ ਕਿਨੀਆਂ ਉਸਾਰੂ ਗੱਲਾਂ ਦਾ ਇਸਤੇਮਾਲ ਤੁਸੀਂ ਆਪਣੇ ਵਿਦਿਆਰਥੀਆਂ ਨਾਲ ਕਰਦੇ ਹੋ। ਤੁਹਾਡੇ ਮੋਢਿਆਂ ’ਤੇ ਹੁਣ ਜਿੰਮੇਵਾਰੀ ਦਾ ਵੱਡਾ ਬੋਝ ਹੈ।ਇਸ ਲਈ ਤੁਸੀਂ 60 ਉਸਤਾਦ ਆਪਣੀ ਕਾਬਲੀਅਤ ਅਤੇ ਤਜ਼ਰੁਬੇ ਨੂੰ ਬਾਕੀ ਸਾਥੀ ਟੀਚਰਾਂ ਨਾਲ ਵੰਡ ਕੇ ਇਸ ਅੰਕੜੇ ਨੂੰ ਦੁੱਗਣਾ ਕਰਨ ਦਾ ਯਤਨ ਕਰੋ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media