ਧੂਰੀ /ਸੰਗਰੂਰ, 11 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਲਏ ਫੈਸਲੇ ਖ਼ਿਲਾਫ਼ ਵੱਡੀ ਗਿਣਤੀ ਟਰੱਕ ਅਪਰੇਟਰਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਸਰਕਾਰੀ ਕੰਮਾਂ ਦਾ ਅਣਮਿੱਥੇ ਸਮੇ ਲਈ ਮੁਕੰਮਲ ਤੌਰ ’ਤੇ ਬਾਈਕਾਟ ਕਰ ਦਿੱਤਾ ਗਿਆ ਹੈ। ਯੂਨੀਅਨ ਅਨੁਸਾਰ ਅੱਜ ਤੋਂ ਪੰਜਾਬ ਦੀ ਕਿਸੇ ਵੀ ਟਰੱਕ ਯੂਨੀਅਨ ਵਿੱਚੋਂ ਕੋਈ ਟਰੱਕ ਸਰਕਾਰੀ ਕੰਮਕਾਜ ਲਈ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਟਰੱਕ ਯੂਨੀਅਨਾਂ ਨੂੰ ਬਚਾਉਣ ਲਈ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਦਸਮੇਸ਼ ਟਰੱਕ ਅਪਰੇਟਰਜ਼ ਯੂਨੀਅਨ ਸੰਗਰੂਰ ਦੇ ਪ੍ਰਧਾਨ ਰਣਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਅੱਜ ਤੋਂ ਟਰੱਕ ਯੂਨੀਅਨ ਵੱਲੋਂ ਸਮੁੱਚੇ ਸਰਕਾਰੀ ਕੰਮਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰ ਦਿੱਤਾ ਗਿਆ ਹੈ।ਅੱਜ ਯੂਨੀਅਨ ਵਿੱਚੋਂ ਇੱਕ ਵੀ ਟਰੱਕ ਸਰਕਾਰੀ ਕੰਮਕਾਜ ਲਈ ਨਹੀਂ ਗਿਆ ਤੇ ਨਾ ਹੀ ਭੇਜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 14 ਟਰੱਕ ਯੂਨੀਅਨਾਂ ਹਨ ਅਤੇ ਕਰੀਬ 15 ਹਜ਼ਾਰ ਟਰੱਕ ਹਨ।ਟਰੱਕ ਯੂਨੀਅਨ ਭੰਗ ਕਰਨ ਦੇ ਫੈਸਲੇ ਨਾਲ ਚਾਰ ਲੱਖ ਪਰਿਵਾਰਾਂ ਦੇ ਕਰੀਬ 12 ਲੱਖ ਪਰਿਵਾਰਕ ਮੈਂਬਰ ਪ੍ਰਭਾਵਿਤ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਕਿਸਾਨ ਖ਼ੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ ਅਤੇ ਹੁਣ ਸਰਕਾਰ ਦੇ ਇਸ ਮਾਰੂ ਫੈਸਲੇ ਨਾਲ ਟਰੱਕ ਅਪਰੇਟਰ ਵੀ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਣਗੇ।ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨਾਂ ਵੱਲੋਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਵੱਡੀਆਂ ਵੰਗਾਰਾਂ ਦਿੱਤੀਆਂ ਜਾਂਦੀਆਂ ਹਨ।ਕਿਤੇ ਵੀ ਕੋਈ ਸਰਕਾਰੀ ਕੰਮ ਹੋਵੇ ਤਾਂ ਟਰੱਕ ਯੂਨੀਅਨਾਂ ਨੂੰ ਵੱਡੀਆਂ ਮਾਰਾਂ ਝੱਲਣੀਆਂ ਪੈਦੀਆਂ ਹਨ, ਪਰ ਇਸ ਦੇ ਬਾਵਜੂਦ ਯੂਨੀਅਨਾਂ ਗਰੀਬ ਟਰੱਕ ਅਪਰੇਟਰਾਂ ਲਈ ਸਹਾਈ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਗਰੀਬ ਟਰੱਕ ਅਪਰੇਟਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਜਾਵੇਗਾ ਅਤੇ ਲੱਖਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਖ਼ਤਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਉਲੀਕੇ ਗਏ ਸੰਘਰਸ਼ ਤਹਿਤ 16 ਅਗਸਤ ਨੂੰ ਟਰੱਕ ਸਾੜਦਿਆਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ,23 ਅਗਸਤ ਨੂੰ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ 28 ਅਗਸਤ ਨੂੰ ਪੰਜਾਬ ਵਿੱਚ ਜ਼ਿਲ੍ਹਾ ਹੈਡੱਕੁਆਰਟਰਾਂ ’ਤੇ ਰੋਸ ਧਰਨੇ ਦਿੱਤੇ ਜਾਣਗੇ।ਉਨ੍ਹਾਂ ਮੰਗ ਕੀਤੀ ਕਿ ਯੂਨੀਅਨਾਂ ਭੰਗ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ।ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਉਲੀਕੇ ਗਏ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।
ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ,ਗੁਰਮੀਤ ਸਿੰਘ ਕਾਕਾ,ਹਰਜੀਤ ਸਿੰਘ ਬਾਲੀਆਂ, ਮੈਨੇਜਰ ਰਛਪਾਲ ਸਿੰਘ,ਕਾਕਾ ਮਨਜੀਤ ਸਿੰਘ ਤੇ ਡਾ. ਹਰਿੰਦਰ ਆਦਿ ਵੀ ਮੌਜੂਦ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media