ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵਿਖੇ ਸਾਇੰਸ ਵਿਭਾਗ ਵੱਲੋਂ ‘ਰਾਸ਼ਟਰੀ ਵਿਗਿਆਨ ਦਿਵਸ-2017’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ’ਚ ਵੱਖਰੇ ਤੌਰ ’ਤੇ ਕਾਬਿਲ ਲੋਕਾਂ ਲਈ ਸਾਇੰਸ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਸਰੀਰਿਕ ਅੰਗ ਪ੍ਰਦਾਨ ਕਰਕੇ ਉਨ੍ਹਾਂ ਨੂੰ ਕਿਸੇ ਕਾਬਲ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮਾਹਿਰਾਂ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦਾ ਸਾਡੇ ਰੋਜ਼ਾਨਾ ਜੀਵਨ ’ਤੇ ਅਸਰ ਹੋ ਰਿਹਾ ਹੈ ਅਤੇ ਜਿਸ ਸਦਕਾ ਸਰੀਰਿਕ ਤੌਰ ’ਤੇ ਉਕਤ ਕਾਬਿਲ ਵਿਅਕਤੀਆਂ ਲਈ ਬਹੁਤ ਫਾਇਦੇਵੰਦ ਹੈ।
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ, ਚੰਡੀਗੜ੍ਹ, ਨੈਸ਼ਨਲ ਕੌਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਸੰਚਾਰ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ) ਦੁਆਰਾ ਕਰਵਾਏ ਗਏ ਸੈਮੀਨਾਰ ’ਚ ਕਰੀਬ 300 ਗ੍ਰੈਜ਼ੂਏਟ ਅਤੇ ਪੋਸਟ-ਗ੍ਰੈਜੂਏਟ ਸਾਇੰਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਭਾਸ਼ਣ, ਕੁਵਿੱਜ਼ ਅਤੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ।
ਸਮਾਰੋਹ ਦੀ ਸ਼ੁਰੂਆਤ ਕਰਦਿਆਂ ਡਾ. ਇਕਬਾਲ ਸਿੰਘ ਨੇ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ’ਤੇ ਪੁੱਜੇ ਵਿਸ਼ਾ ਮਾਹਿਰ ਡਾ. ਅਤੁਲ ਖੰਨਾ ਦੀ ਜਾਣ-ਪਛਾਣ ਕਰਵਾਈ, ਜਿਨ੍ਹਾਂ ਨੇ ਵਿਸ਼ੇ ਅਤੇ ਉਦੇਸ਼ ਸਬੰਧੀ ਆਪਣੇ ਅਨਮੁੱਲੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦਾ ਉਦਘਾਟਨ ਕਰਨ ਉਪਰੰਤ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਰਾਸ਼ਟਰੀ ਵਿਗਿਆਨ ਦਿਵਸ ਬਾਰੇ ਦੱਸਦਿਆ ਕਿਹਾ ਕਿ ਵੱਖਰੇ ਤੌਰ ’ਤੇ ਕਾਬਲ ਵਿਅਕਤੀਆਂ ਲਈ ਸਾਇੰਸ ਇਕ ਵਰਦਾਨ ਹੈ। ਉਨ੍ਹਾਂ ਕਿਹਾ ਕਿ ਅਜੋਕੇ ਅਤਿ-ਆਧੁਨਿਕ ਯੁੱਗ ’ਚ ਵਿਗਿਆਨਕ ਤਕਨੀਕ ਨੇ ਨਾਮੁਮਕਿੰਨ ਕੰਮ ਨੂੰ ਵੀ ਮੁਮਕਿੰਨ ਬਣਾ ਕੇ ਸੰਪੂਰਨ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਆਪਸੀ ਗੂੜ੍ਹੇ ਸਬੰਧ ਰੱਖਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸੈਸ਼ਨਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਵਿਕਾਸ ਲਈ ਨਵੇਂ ਖੇਤਰ ਦੇ ਰਾਹ ਬੇਨਕਾਬ ਕਰ ਸਕਣ।
ਸੈਮੀਨਾਰ ਮੌਕੇ ਆਪਣੇ ਭਾਸ਼ਣ ਦੌਰਾਨ ਡਾ. ਖੰਨਾ ਨੇ ਵਿਗਿਆਨ, ਡਾਕਟਰੀ, ਇੰਜੀਨੀਅਰਿੰਗ ਅਤੇ ਕੰਪਿਊਟਰ ਵਿਗਿਆਨ ਦੇ ਖੇਤਰ ’ਚ ਪ੍ਰਮੁੱਖ ਵਿਗਿਆਨੀਆਂ ਵੱਲੋਂ ਦਿੱਤੇ ਗਏ ਵੱਖ-ਵੱਖ ਯੋਗਦਾਨਾਂ ’ਤੇ ਵਿਚਾਰ ਕੀਤਾ।ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਦੁਨਿਆਵੀ ਲੋਕਾਂ ਦੇ ਜੀਵਨ ਨੂੰ ਸੌਖਾ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਮਦਦਗਾਰ ਹੈ। ਉਨ੍ਹਾਂ ਨੇ ਐਕਸਰੇ, ਐਮ.ਆਰ.ਆਈ, ਅਲਟਰਾਸਾਉਂਡ ਅਤੇ ਕਲੀਨਿਕਲ ਟੈਸਟ ਵਰਗੀ ਨਵੀਂ ਡਾਇਗਨੌਸਟਿਕ ਮਸ਼ੀਨਰੀ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਪ੍ਰੀਕ੍ਰਿਆ ਨੇ ਡਾਇਗਨੌਸਟਿਕ ਨੂੰ ਵਧੇਰੇ ਮਜ਼ਬੂਤ ਬਣਾਇਆ ਹੈ ਅਤੇ ਇਸਦੇ ਨਾਲ ਹੀ ਮੈਡੀਕਲ ਸਾਇੰਸ ਨੇ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਕਈ ਨਵੀਆਂ ਦਵਾਈਆਂ ਮੁਹੱਈਆ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਭੌਤਿਕ ਵਿਗਿਆਨ, ਇੰਜੀਨੀਅਰਿੰਗ, ਬਾਇਓ-ਮੈਡੀਕਲ ਸਾਇੰਸ ਆਦਿ ਦੇ ਖੇਤਰ ’ਚ ਕੰਮ ਕਰਨ ਵਾਲੇ ਵਿਗਿਆਨੀਆਂ ਨੇ ਇਨ੍ਹਾਂ ਵਿਸ਼ੇਸ਼ ਤੌਰ ’ਤੇ ਕਾਬਲ ਲੋਕਾਂ ਲਈ ਕਈ ਸਹਾਇਕ ਉਪਕਰਣ ਪ੍ਰਦਾਨ ਕੀਤੇ ਹਨ।
ਇਸ ਮੌਕੇ ਵਿਦਿਆਰਥੀਆਂ ਲਈ ਇੰਟਰ-ਡਿਪਾਰਟਮੈਂਟਲ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ’ਚ ਡਾ. ਅਮਨਦੀਪ ਸਿੰਘ, ਡਾ. ਮੁਕੇਸ਼ ਚੰਦਰ ਅਤੇ ਡਾ. ਅਮਿਤ ਅਨੰਦ ਨੇ ਕੁਇਜ਼ਮਾਸਟਰ ਦੀ ਭੂਮਿਕਾ ਨਿਭਾਈ। ਇਸ ਦੌਰਾਨ ਫਿਜ਼ਿਕਸ ਵਿਭਾਗ ਦੀ ਟੀਮ ਨੇ ਕਵਿਜ਼ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦ ਕਿ ਜ਼ਿੂਓਲੋਜੀ ਵਿਭਾਗ ਅਤੇ ਰਸਾਇਣ ਵਿਭਾਗ ਦੀਆਂ ਟੀਮਾਂ ਕ੍ਰਮਵਾਰ ਦੂਜੇ ਤੇ ਤੀਸਰੇ ਸਥਾਨ ’ਤੇ ਰਹੀਆਂ।ਪੋਸਟਰ ਮੁਕਾਬਲੇ ’ਚ ਐਮ. (ਕੈਮਿਸਟ੍ਰੀ) ਸਮੈਸਟਰ-ਪਹਿਲਾ ਨੇ ਪਹਿਲਾ ਇਨਾਮ, ਐਮ. (ਜੀਯੂਲੋਜੀ) ਨੇ ਦੂਜਾ ਪੁਰਸਕਾਰ ਅਤੇ ਬੀ.ਏ.ਸੀ ਦੇ ਹਰਪ੍ਰੀਤ ਕੌਰ ਨੇ (ਆਨਰਜ਼) ਕੈਮਿਸਟਰੀ ਨੇ ਤੀਜਾ ਇਨਾਮ ਜਿੱਤਿਆ।ਜੇਤੂ ਆਏ ਵਿਦਿਆਰਥੀਆਂ ਨੂੰ ਪ੍ਰਿੰ: ਡਾ. ਮਹਿਲ ਸਿੰਘ ਅਤੇ ਡਾ. ਖੰਨਾ ਨੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਟੀ.ਐਸ ਭਾਟੀਆ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਟਾਫ਼ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਜਸਜੀਤ ਕੌਰ ਰੰਧਾਵਾ, ਡਾ. ਹਰਵਿੰਦਰ ਕੌਰ, ਡਾ. ਕਿਰਨਦੀਪ ਕੌਰ ਹੁੰਦਲ, ਡਾ. ਕਮਲਜੀਤ ਕੌਰ, ਡਾ. ਮੁਕੇਸ਼ ਚੰਦਰ, ਡਾ. ਅਮਨਦੀਪ ਸਿੰਘ, ਡਾ. ਜੋਰਾਵਰ ਸਿੰਘ, ਡਾ. ਰਣਧੀਰ ਸਿੰਘ ਅਤੇ ਡਾ. ਕੁਲਤਾਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media