ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖਾਲਸਾ ਕਾਲਜ ਦੇ ਵਿਦਿਆਰਥੀ ਤਾਈ-ਪਾਈ (ਚਾਇਨਾ) ਵਿਖੇ 19 ਤੋਂ 30 ਅਗਸਤ ਤੱਕ ਹੋਣ ਜਾ ਰਹੀ ‘ਵਰਲਡ ਯੂਨੀਵਰਸਿਟੀਸ ਗੇਮਜ਼’ ਦੌਰਾਨ ਫ਼ੈਨਸਿੰਗ ਅਤੇ ਜੂਡੋ ਮੁਕਾਬਲਿਆਂ ’ਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਨਜ਼ਰੀ ਆਉਣਗੇ।ਉਕਤ ਮੁਕਾਬਲਿਆਂ ਲਈ ਚੁਣੇ ਗਏ 13 ਖਿਡਾਰੀ ਜੋ ਕਿ ਰਾਸ਼ਟਰੀ ਅਤੇ ਅੰਤਰ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ’ਚ ਮੈਡਲ ਵਿਜੇਤਾ ਰਹਿ ਚੁੱਕੇ ਹਨ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਚੋਣ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕਾਲਜ ਦੇ ਉਕਤ ਚੁਣੇ ਗਏ 13 ਵਿਦਿਆਰਥੀਆਂ ’ਚੋਂ 5 ਲੜਕੀਆਂ ਚੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇੰਡੀਅਨ ਯੂਨੀਵਰਸਿਟੀਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲ 20 ਖਿਡਾਰੀ ਇਨ੍ਹਾਂ ਖੇਡਾਂ ਲਈ ਚੁਣੇ ਗਏ ਹਨ, ਜਿਨ੍ਹਾਂ ’ਚੋਂ 13 ਖਿਡਾਰੀ ਸਿਰਫ਼ ਕਾਲਜ ਦੇ ਵਿਦਿਆਰਥੀ ਹਨ, ਜੋ ਕਿ ਬੜੇ ਹੀ ਮਾਣ ਵਾਲੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਉਕਤ ਚੁਣੇ ਗਏ ਖਿਡਾਰੀ ਜਿਨ੍ਹਾਂ ’ਚੋਂ ਧਰਮ ਸਿੰਘ, ਪੰਕਜ ਕੁਮਾਰ, ਨੋਤਮ ਵਾਲੀਆ, ਅਕਸ਼ੈ, ਜਾਵੇਦ ਅਹਿਮਦ ਚੌਧਰੀ, ਲੇਨਿਨ ਮੇਤੀ (ਲੜਕੇ), ਸੋਮੀਆ, ਬਿੰਦੂ ਦੇਵੀ, ਅਸ਼ਵਤੀ ਰਾਜ, ਕਬਿਤਾ ਦੇਵੀ ਅਤੇ ਰਾਧਿਕਾ ਆਵਤੀ (ਲੜਕੀਆਂ) ਫ਼ੈਨਸਿੰਗ ’ਚ ਅਤੇ ਜੋਬਨਦੀਪ ਸਿੰਘ ਅਤੇ ਹਰਸ਼ਦੀਪ ਸਿੰਘ ਜੂਡੋ ਖੇਡ ’ਚ ਆਪਣਾ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਮੁਕਾਬਲੇ ਲਈ ਰਵਾਨਾ ਹੋਣ ਵਾਲੇ ਉਕਤ ਵਿਦਿਆਰਥੀਆਂ ਨੂੰ ਸ਼ੁਭਇੱਛਾਵਾਂ ਭੇਂਟ ਕਰਦਿਆਂ ਫ਼ਿਜੀਕਲ ਐਜ਼ੂਕੇਸ਼ਨ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਉਕਤ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰ ਯੂਨੀਵਰਸਿਟੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਉਹ ਉਕਤ ਗੇਮਜ਼ ’ਚ ਵਧੀਆ ਕਾਰਗੁਜ਼ਾਰੀ ਰਾਹੀਂ ਦੇਸ਼, ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਚਮਕਾਉਣਗੇ।ਇਸ ਮੌਕੇ ਬਚਨਪਾਲ ਸਿੰਘ, ਪ੍ਰੋ: ਅਮਨਦੀਪ ਕੌਰ, ਪ੍ਰੋ: ਜਗਜੀਤ ਸਿੰਘ, ਪ੍ਰੋ: ਨਵਨੀਤ ਸਿੰਘ ਨੇ ਉਕਤ ਟੀਮ ਦੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਜਿੱਤ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਸ਼ੁਭਕਾਮਨਾ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media