ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) – ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਵਲੋਂ ਲੋਕਾਂ ਨੂੰ ਸਵਾਈਨ ਫਲੂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਅੱਜ ਕੱਲ ਦੇਸ਼ ਦੇ ਕੁੱਝ ਹਿੱਸਿਆਂ ਵਿਚ ਸਵਾਈਨ ਫਲੂ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ।ਦਿਨ ਪ੍ਰਤੀ ਦਿਨ ਇਸ ਬਿਮਾਰੀ ਦੇ ਕੇਸ ਵੱਧ ਰਹੇ ਹਨ।ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਦੇ ਹੋਏ ਡਾ. ਐਚ.ਐਨ ਸਿੰਘ ਨੇ ਦੱਸਿਆ ਕਿ ਇਹ ਇੱਕ ਵਾਇਰਲ ਬਿਮਾਰੀ ਹੈ, ਜੋ ਕਿ ਐਚ-1 ਐਨ-1 ਵਾਇਰਸ ਨਾਲ ਫੈਲਦੀ ਹੈ ਅਤੇ ਇਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਖਾਂਸੀ ਕਰਨ, ਛਿੱਕਾਂ ਨਾਲ, ਹੱਥ ਮਿਲਾਉਣ ਨਾਲ, ਇੱਕ ਦੂਜੇ ਦੇ ਕੱਪੜੇ ਵਰਤਣ ਨਾਲ ਫੈਲਦੀ ਹੈ।ਸਵਾਈਨ ਫਲੂ ਹੋਣ `ਤੇ ਖਾਂਸੀ, ਜੁਕਾਮ, ਤੇਜ਼ ਬੁਖਾਰ, ਸਿਰ ਦਰਦ, ਗਲਾ ਖਰਾਬ, ਸਾਹ ਲੈਣ ਵਿੱਚ ਤਕਲੀਫ਼, ਕਈ ਵਾਰ ਥੁੱਕ ਵਿਚ ਖੂਨ ਦਾ ਆਉਣਾ ਅਤੇ ਉਲਟੀਆਂ ਵੀ ਲੱਗ ਜਾਂਦੀਆਂ ਹਨ।ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਖਾਂਸੀ ਕਰਦੇ ਅਤੇ ਛਿੱਕਦੇ ਸਮੇਂ ਮੂੰਹ ਅੱਗੇ ਰੁਮਾਲ ਰੱਖਣਾ ਚਾਹੀਦਾ ਹੈ।ਸਵਾਈਨ ਫਲੂ ਹੋਣ ਦੀ ਸੂਰਤ ਵਿਚ ਸਾਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਘੱਟ ਤੋਂ ਘੱਟ ਛੂਹੋ, ਖੁੱਲੇ ਵਿਚ ਨਾ ਥੁੱਕੋ। ਜੇਕਰ ਖਾਂਸੀ, ਸਾਹ ਲੈਣ ਵਿਚ ਤਕਲੀਫ ਜਿਆਦਾ ਹੈ, ਹੱਥ ਪੈਰ, ਬੁੱਲ ਨੀਲੇ ਹੋ ਰਹੇ ਹਨ ਅਤੇ ਐਕਸਰੇ ਵਿਚ ਨਮੂਨੀਆਂ ਦਾ ਪੈਚ ਹੈ ਤਾਂ ਇਹ ਜਾਨ ਲੇਵਾ ਸਾਬਤ ਹੋ ਸਕਦਾ ਹੈ।ਇਸ ਲਈ ਅਜਿਹੇ ਵਿਅੱਕਤੀ ਨੂੰ ਜਲਦੀ ਤੋਂ ਜਲਦੀ ਨੇੜੇ ਦੀ ਸਿਹਤ ਸੰਸਥਾ ਵਿਚ ਦਾਖਲ ਕਰਵਾਇਆ ਜਾਵੇ।ਸਵਾਈਨ ਫਲੂ ਵਾਲੇ ਵਿਅਕਤੀ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ।ਜਗਤਾਰ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਅਪੀਲ ਕੀਤੀ ਕਿ ਸੰਤੁਲਿਤ ਭੋਜਣ ਦਾ ਧਿਆਨ ਰੱਖਣਾ ਚਾਹੀਦਾ ਹੈ।ਭੋਜਨ ਵਿਚ ਵਿਟਾਮਿਨ-ਸੀ ਜਿਆਦਾ ਲੈਣਾ ਚਾਹੀਦਾ ਹੈ, ਜਿਨਾਂ ਵਿਅਕਤੀਆਂ ਵਿਚ ਇਹ ਲੱਛਣ ਪਾਏ ਜਾਂਦੇ ਹਨ, ਉਨਾਂ ਨੂੰ ਛੇਤੀ ਤੋਂ ਛੇਤੀ ਨੇੜੇ ਦੀ ਸਿਹਤ ਸੰਸਥਾ ਤੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ।ਸਾਰੇ ਸਰਕਾਰੀ ਹਸਪਤਾਲਾਂ ਵਿਚ ਇਸ ਬਿਮਾਰੀ ਦੇ ਟੈਸਟ ਅਤੇ ਦਵਾਈਆਂ ਦੀ ਸੁਵਿਧਾ ਮੁਫ਼ਤ ਮਿਲਦੀ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media