ਅੰਮਿ੍ਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਲੜਕੀਆਂ ਨੂੰ ਮਹਾਵਾਰੀ ਦੌਰਾਨ ਪੇਸ਼ ਆਉਂਦੀਆਂ ਮੁਸ਼ਿਕਲਾਂ, ਉਨਾਂ ਦੇ ਹੱਲ ਦੱਸਣ
ਤੇ ਇਸ ਨੂੰ ਲੈ ਕੇ ਮਾਪਿਆਂ ਦੇ ਵਹਿਮ-ਭਰਮ ਦੂਰ ਕਰਨ ਦੇ ਮਨਸ਼ੇ ਨਾਲ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਵਿਸ਼ੇਸ਼ ਯਤਨਾਂ ਸਦਕਾ ਸਕੂਲ ਅਧਿਆਪਕਾਂ, ਆਂਗਨਵਾੜੀ ਵਰਕਰਾਂ, ਸੀ.ਡੀ.ਪੀ.ਓ ਅਤੇ ਆਸ਼ਾ ਵਰਕਰਾਂ ਦੀ ਇਕ ਰੋਜ਼ਾ ਵਰਕਸ਼ਾਪ ਮਾਲ ਰੋਡ ਸਕੂਲ ਵਿਚ ਲਗਾਈ ਗਈ, ਜਿਸ ਵਿਚ ਸੰਯੁਕਤ ਰਾਸ਼ਟਰ ਤੋਂ ਮਾਨਤਾ ਪ੍ਰਾਵਤ ਏਜੰਸੀ ‘ਦਾ ਵਾਟਰ ਸਪਲਾਈ ਐਂਡ ਸੇਨੀਟੇਸ਼ਨ ਕੋਲੇਬੋਰੇਟਿਵ ਕੌਂਸਲ’ ਦੇ ਮੈਂਬਰਾਂ ਨੇ ਬੜੇ ਵਿਸਥਾਰ ਵਿਚ ਇਸ ਵਿਸ਼ੇ ਨੂੰ ਛੂਹਿਆ ਅਤੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਖੁੱਲ ਕੇ ਗੱਲਾਂ ਕੀਤੀਆਂ।ਉਨਾਂ ਦੱਸਿਆ ਕਿ ਭਾਰਤ ਵਿਚ ਔਰਤਾਂ ਦੀ ਮਹਾਵਾਰੀ ਬਾਰੇ ਔਰਤਾਂ ਵਿਚ ਕਈ ਤਰਾਂ ਦੇ ਵਹਿਮ-ਭਰਮ ਪਾਏ ਜਾਂਦੇ ਹਨ ਅਤੇ ਇਨਾਂ ਦਿਨਾਂ ਦੌਰਾਨ ਔਰਤਾਂ ਨੂੰ ਅਸ਼ੁਭ, ਅਪਵਿੱਤਰ ਆਦਿ ਮੰਨਿਆ ਜਾਂਦਾ ਹੈ।ਸਕੂਲਾਂ ਤੇ ਕਾਲਜਾਂ ਵਿਚ ਪੜਦੀਆਂ ਲੜਕੀਆਂ ਨੂੰ ਸਕੂਲ ਜਾਂ ਕਾਲਜ ਨਹੀਂ ਜਾਣ ਦਿੱਤਾ ਜਾਂਦਾ, ਜਿਸ ਨਾਲ ਕਈ ਵਾਰ ਲੜਕੀਆਂ ਨੂੰ ਆਪਣੀ ਪੜਾਈ ਤੋਂ ਹੱਥ ਧੋਣੇ ਪੈ ਜਾਂਦੇ ਹਨ।ਉਨਾਂ ਅੱਜ ਦੀ ਵਰਕਸ਼ਾਪ ਵਿਚ ਮਹਾਵਾਰੀ ਦੌਰਾਨ ਸਾਫ-ਸਫਾਈ ਦਾ ਧਿਆਨ ਰੱਖਣ, ਇਸ ਉਮਰ ਦੌਰਾਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਆਉਂਦੀ ਤਬਦੀਲੀ, ਇਸ ਬਾਰੇ ਆਮ ਲੋਕਾਂ ਵਿਚ ਪਾਏ ਜਾਂਦੇ ਵਹਿਮਾਂ-ਭਰਮਾਂ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਬਹੁਤੇ ਹਾਜ਼ਰੀਨ ਨੇ ਇਸ ਮੌਕੇ ਦੱਸਿਆ ਕਿ ਪਿੰਡਾਂ ਵਿਚ ਕਈ ਘਰਾਂ ਵਿਚ ਪਖਾਨੇ ਨਾ ਹੋਣ ਕਾਰਨ ਔਰਤਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਘਰਾਂ ਵਿਚ ਮਾਪੇ ਤੇ ਸਕੂਲਾਂ ਵਿਚ ਅਧਿਆਪਕ ਵੀ ਇਸ ਬਾਬਤ ਲੜਕੀਆਂ ਨਾਲ ਗੱਲ ਕਰਨ ਤੋਂ ਸੰਕੋਚ ਕਰਦੇ ਹਨ, ਜਿਸ ਨਾਲ ਸਦੀਆਂ ਤੋਂ ਚੱਲੇ ਆ ਰਹੇ ਵਹਿਮ-ਭਰਮ ਅੱਜ ਵੀ ਉਨੇ ਹੀ ਸਾਰਥਿਕਤਾ ਬਣਾਈ ਬੈਠੇ ਹਨ, ਜਿੰਨੇ ਕਿ ਸਦੀਆਂ ਪਹਿਲਾਂ ਸਨ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ, ਸਕੂਲਾਂ ਆਦਿ ਵਿਚ ਬੱਚੀਆਂ ਨੂੰ ਇੰਨਾਂ ਦਿਨਾਂ ਬਾਬਤ ਸਹੀ ਜਾਣਕਾਰੀ ਦੇਣ ਦੀ ਲੋੜ ਹੈ, ਤਾਂ ਜੋ ਉਹ ਪੁਰਾਣੇ ਵਹਿਮਾਂ-ਭਰਮਾਂ ਵਿਚ ਨਾ ਪੈ ਕੇ ਇਸ ਸਮੇਂ ਦੌਰਾਨ ਆਪਣਾ ਸਹੀ ਧਿਆਨ ਰੱਖਕੇ ਬਿਮਾਰੀਆਂ ਤੋਂ ਬਚ ਸਕਣ। ਉਨਾਂ ਹਾਜ਼ਰ ਮਰਦ ਅਧਿਆਪਕਾਂ ਨੂੰ ਵੀ ਇਸ ਬਾਬਤ ਆਪਣੀਆਂ ਧੀਆਂ, ਪਤਨੀਆਂ, ਵਿਦਿਆਰਥਣਾਂ ਆਦਿ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media