ਸੰਗਰੂਰ, 20 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਰੰਗਸ਼ਾਲਾ ਥੀਏਟਰ ਗਰੁੱਪ ਵੱਲੋਂ ਸਥਾਨਕ ਰਾਮ ਵਾਟੀਕਾ ਵਿੱਚ ਪ੍ਰੋ.
ਅਜਮੇਰ ਸਿੰਘ ਔਲਖ ਨੂੰ ਸਮਰਪਿਤ ਦੋ ਰੋਜ਼ਾ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਦੋ ਪੰਜਾਬੀ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਅਤੇ ‘ਬੇਬੇ ਦਾ ਟਰੰਕ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ।ਦੋਵੇਂ ਨਾਟਕਾਂ ਦਾ ਨਿਰਦੇਸ਼ਨ ਯਸ਼ ਵੱਲੋਂ ਕੀਤਾ ਗਿਆ।ਇਸ ਮੌਕੇ ਮਾਲਵਾ ਗ੍ਰਾਮੀਣ ਬੈਂਕ ਦੇ ਸੀਨੀਅਰ ਮੈਨੇਜਰ ਪਾਲੀ ਰਾਮ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਨਗਰ ਕੌਸਲ ਦੇ ਈਓ ਚੰਦ ਪ੍ਰਕਾਸ਼ ਵਧਵਾ ਵੱਲੋਂ ਕੀਤੀ ਗਈ।
ਬੇਗਾਨੇ ਬੋਹੜ ਦੀ ਛਾਂ ਨਾਟਕ ਕਿਸਾਨਾਂ ਦੀ ਜਿੰਦਗੀ ਦੇ ਦੁਖਾਂਤ ’ਤੇ ਆਧਾਰਿਤ ਸੀ ਜਿਸ ਵਿੱਚ ਦਰਸਾਇਆ ਗਿਆ ਕਿ ਗੱਜਣ ਸਿੰਘ ਕਿਸਾਨ ਕਬੀਲਦਾਰੀ,ਬਿਮਾਰੀ ਅਤੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਉਸ ਨੇ ਆਪਣੀ ਦੋ ਏਕੜ ਜ਼ਮੀਨ ਜ਼ੈਲਦਾਰਾਂ ਪਾਸ ਗਹਿਣੇ ਰੱਖੀ ਹੋਈ ਹੈ ਜਿਸ ਦੇ ਬੋਹੜ ਦੀ ਛਾਂ ਗੱਜਣ ਸਿੰਘ ਦੇ ਘਰ ਵਿੱਚ ਆਉਦੀ ਹੈ। ਇਹ ਛਾਂ ਕਰਜ਼ੇ ਦਾ ਹੀ ਪ੍ਰਤੀਕ ਹੈ।ਗੱਜਣ ਸਿੰਘ ਨੇ ਸ਼ਾਹੂਕਾਰ ਤੋਂ ਵੀ ਕਰਜ਼ਾ ਲਿਆ ਹੋਇਆ ਹੈ। ਪੈਸੇ ਦੀ ਤੰਗੀ ਕਾਰਨ ਉਹ ਆਪਣੀ ਜਵਾਨ ਧੀ ਜੀਤੋ ਦੀ ਸ਼ਾਦੀ ਕਰਨ ਤੋਂ ਅਸਮਰੱਥ ਹੈ ਜਦੋਂ ਕਿ ਉਸ ਦਾ ਛੋਟਾ ਲੜਕਾ ਕਾਲਜ ਵਿੱਚ ਮਸਤੀ ਮਾਣ ਰਿਹਾ ਹੈ।ਜ਼ੈਲਦਾਰ ਦਾ ਲੜਕਾ ਪੰਮੀ ਕਿਸਾਨ ਦੀ ਜਵਾਨ ਧੀ ਨੂੰ ਹੱਥ ਪਾਉਂਦਾ ਹੈ ਤਾਂ ਉਸ ਦੇ ਲੜਕੇ ਉਸ ਨੂੰ ਮਾਰਨ ਲਈ ਘਰੋਂ ਨਿਕਲ ਜਾਂਦੇ ਹਨ।ਨਾਟਕ ਇਹ ਸੰਦੇਸ਼ ਦਿੰਦਾ ਹੈ ਕਿ ਬੇਗਾਨੇ ਬੋਹੜ ਦੀ ਛਾਂ ਯਾਨਿ ਕਰਜ਼ਾ ਇੱਕ ਸਰਾਪ ਹੈ।ਇਹ ਨਾਟਕ ਦੇਸ਼ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਦਾਸਤਾਂ ਸੁਣਾਉਂਦਾ ਹੈ।ਦੂਜਾ ਨਾਟਕ ‘ਬੇਬੇ ਦਾ ਟਰੰਕ’ ਸਮਾਜ ਵਿੱਚ ਬਜ਼ੁਰਗਾਂ ਦੀ ਬੇਕਦਰੀ ’ਤੇ ਆਧਾਰਿਤ ਹੈ।
ਨਾਟਕਾਂ ਵਿੱਚ ਰਣਜੀਤ ਲੱਡਾ, ਸ਼ਰਨਜੀਤ ਕੌਰ, ਸੋਭਿਤ ਕੁਮਾਰ ਸਿੰਗਲਾ, ਰਿਸ਼ੀ ਕੁਮਾਰ ਸ਼ਰਮਾ, ਮੁਸਕਾਨ ਸ਼ਰਮਾ, ਮਨਦੀਪ ਧਾਲੀਵਾਲ, ਗੁਰਦਰਸ਼ਨ ਸਿੰਘ ਟਿਵਾਣਾ, ਸੁਖਜਿੰਦਰ ਕੌਰ, ਹਰਪ੍ਰੀਤ ਕੌਰ ਬੜੀ, ਦਿਵਿਆਨਾ ਬਾਂਸਲ, ਮੁਸਕਾਨ ਕਥੂਰੀਆ, ਤ੍ਰਿਪਤੀ ਮਿੱਤਲ, ਪਰਦੁਮਨ ਕੌਸ਼ਲ, ਸੁਕਰੀਤੀ, ਮੱਖਣ ਸਿੰਘ, ਤਰੁਣ ਸਿੰਘ ਭੱਟੀ ਆਦਿ ਕਲਾਕਾਰਾਂ ਵਲੋਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਗਈਆਂ।ਇਸ ਮੌਕੇ ਰਾਮ ਨਿਵਾਸ ਸ਼ਰਮਾ, ਰਾਜਿੰਦਰ ਸ਼ਰਮਾ, ਅਮਰੀਕ ਗਾਗਾ, ਡਾ. ਏ.ਐਸ ਮਾਨ, ਪ੍ਰੋ. ਸੰਤੋਖ ਕੌਰ, ਪਰਮਜੀਤ ਕੌਸ਼ਲ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media