ਬਠਿੰਡਾ, 21 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਯੁਵਕ ਸੇਵਾਵਾਂ ਵਿਭਾਗ ਬਠਿੰਡਾ ਵੱਲੋਂ ਕਾਲਜ ਵਿਦਿਆਰਥੀਆਂ (ਲੜਕੇ) ਦਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਟ੍ਰੈਕ ਇੰਡੀਆ ਆਊਟਡੋਰਜ਼ ਪ੍ਰਾਈਵੇਟ ਲਿਮ. ਕੈਂਪਿੰਗ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਬਠਿੰਡਾ ਜ਼ਿਲੇ ਦੀ ਪ੍ਰਤੀਨਿਧਤਾ ਕਰਦੇ ਹੋਏ ਬਾਬਾ ਫ਼ਰੀਦ ਕਾਲਜ ਦੇ 10 ਵਿਦਿਆਰਥੀਆਂ ਨੇ ਵੀ ਇਸ ਕੈਂਪ ਵਿੱਚ ਭਾਗ ਲਿਆ।ਕੈਂਪ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸ਼ਨ, ਅਗਵਾਈ ਕਰਨ ਅਤੇ ਸਖਸ਼ੀਅਤ ਉਸਾਰੀ ਦੇ ਗੁਣਾਂ ਨੂੰ ਗ੍ਰਹਿਣ ਲਈ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ।ਇਸ ਦੌਰਾਨ ਵਿਦਿਆਰਥੀਆਂ ਨੂੰ ਕਈ ਮਹਾਨ ਸਖਸ਼ੀਅਤਾਂ ਨੇ ਯੁਵਕ ਭਲਾਈ ਕਾਰਜਾਂ, ਚੰਗੇ ਨਾਗਰਿਕ ਬਨਣ ਅਤੇ ਵਧੀਆ ਅਗਵਾਈ ਕਰਨ ਬਾਰੇ ਪ੍ਰੇਰਨਾਦਾਇਕ ਭਾਸ਼ਣ ਦਿਤੇ ।ਇਸ ਤੋਂ ਇਲਾਵਾ ਦਸ ਹਜ਼ਾਰ ਫੁੱਟ ਉਚਾਈ ਦੀ ਪਹਾੜੀ ਦੀ ਟਰੈਕਿੰਗ ਕਰਵਾਈ ਗਈ ਅਤੇ ਐਡਵੈਂਚਰ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਕੈਂਪ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਵਿੱਚ ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਵਿਦਿਆਰਥੀ ਹਰਜਿੰਦਰ ਸਿੰਘ ਨੂੰ ‘ਬੈਸਟ ਕੈਂਪਰ ਐਵਾਰਡ’ ਅਤੇ ਅਕਾਸ਼ਦੀਪ ਸਿੰਘ ਨੂੰ ‘ਬੈਸਟ ਵਲੰਟੀਅਰ ਆਫ਼ ਦ ਹਾਊਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਮੈਸ ਡਿਊਟੀ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਯੁਵਕ ਭਲਾਈ ਸੇਵਾਵਾਂ (ਬਠਿੰਡਾ) ਦੇ ਅਸਿਸਟੈਂਟ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਬਾਬਾ ਫ਼ਰੀਦ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੇ ਕੈਂਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਮਹੱਤਵਪੂਰਨ ਕੈਂਪ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਲਈ ਆਪਣੀ ਖੁਸ਼ੀ ਦਾ ਪਗਟਾਵਾ ਕਰਦਿਆਂ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਅਤੇ ਐਨ.ਐਸ.ਐਸ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media