Monday, August 10, 2026

ਗੁ. ਡਾਂਗਮਾਰ ਸਾਹਿਬ ਦੀ ਹੋਂਦ ਬਚਾਉਣ ਲਈ ਦਿੱਲੀ ਕਮੇਟੀ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ

PPN2308201710
ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਸਿੱਕਿਮ ਦੇ ਇਤਿਹਾਸਿਕ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜਮੰਤਰੀ ਅਤੇ ਪੂਰਬੀ-ਉੱਤਰੀ ਸੂਬੇ ਦੇ ਮਾਮਲਿਆਂ ਦੇ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਗੁਰੂ ਡਾਂਗਮਾਰ ਝੀਲ ਦੇ ਬਣੇ ਸਰਬ ਧਰਮ ਸਥਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਬਦੀਲ ਕਰਕੇ 80 ਕਿਲੋਮੀਟਰ ਹੇਠਾਂ ਲੈ ਜਾਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੀ ਭਾਵਨਾਵਾਂ ਨੂੰ ਧੱਕਾ ਲੱਗਣ ਦਾ ਵੀ ਦਾਅਵਾ ਕੀਤਾ।
ਵਫ਼ਦ ’ਚ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰ.ਪੀ ਸਿੰਘ ਅਤੇ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਆਦਿਕ ਸ਼ਾਮਿਲ ਸਨ।ਜੀ.ਕੇ ਨੇ ਕਿਹਾ ਕਿ 17500 ਫੁੱਟ ਦੀ ਉੱਚਾਈ ਤੇ ਬਣੇ ਉਕਤ ਪਵਿੱਤਰ ਥਾਂ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਝੀਲ ਦੀ ਬਰਫ ਨੂੰ ਡਾਂਗ ਮਾਰ ਕੇ ਪੀਣ ਯੋਗ ਪਾਣੀ ਕੱਢਣ ਦਾ ਹਵਾਲਾ ਇਤਿਹਾਸ ਵਿਚ ਮਿਲਦਾ ਹੈ।ਇਸੇ ਇਤਿਹਾਸਿਕ ਹਵਾਲੇ ਦੀ ਸੰਭਾਲ ਲਈ ਗੁਰਦੁਆਰਾ ਸਾਹਿਬ ਇਥੇ ਸਥਾਪਿਤ ਸੀ। ਗੁਰੂ ਨਾਨਕ ਸਾਹਿਬ ਨੇ ਸਥਾਨਿਕ ਲੋਕਾਂ ਨੂੰ ਪਾਣੀ ਦਾ ਸਰੋਤ ਉਪਲਬਧ ਕਰਵਾਇਆ ਸੀ। ਜਿਸ ਦੇ ਤੱਥ ਮੌਜੂਦ ਹਨ।
ਜੀ.ਕੇ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਅਸਥਾਨ ’ਤੇ ਗੁਰੂ ਸਾਹਿਬ ਦੇ ਪੈਰੋਕਾਰਾਂ ਵੱਲੋਂ 1969 ’ਚ ਕੀਤਾ ਗਿਆ ਸੀ।ਇਸ ਕਰਕੇ ਸੰਸਾਰ ਭਰ ਦੀ ਸਿੱਖ ਸੰਗਤ ਸਿੱਕਿਮ ਸਰਕਾਰ ਦੇ ਮੌਜੂਦਾ ਫੈਸਲੇ ਤੋਂ ਬਾਅਦ ਪੈਦਾ ਹੋਏ ਗੈਰਜਰੂਰੀ ਹਾਲਾਤਾਂ ਕਰਕੇ ਹੈਰਾਨ ਹੈ। ਇਸ ਸਬੰਧੀ ਸਿੱਕਿਮ ਸਰਕਾਰ ਵੱਲੋਂ 1992 ਵਿਚ ਪੂਜਾ ਸਥਾਨਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ’ਚ ਕੀਤੇ ਗਏ ਬਦਲਾਵਾਂ ਦਾ ਸਿਰਸਾ ਨੇ ਹਵਾਲਾ ਦਿੱਤਾ।ਜਿਸ ਦੇ ਅਨੁਸਾਰ ਇਹ ਘੋਸ਼ਣਾ ਕੀਤੀ ਗਈ ਸੀ ਕਿ 15 ਅਗਸਤ 1947 ਤੋਂ ਪਹਿਲਾ ਦੇ ਸਥਾਪਤ ਪੂਜਾ ਸਥਾਨ ਅੱਜ ਦੇ ਮੌਜੂਦਾ ਹਾਲਾਤਾਂ ’ਚ ਉਸੇ ਤਰ੍ਹਾਂ ਕਾਇਮ ਰਹਿਣਗੇ। ਵਫ਼ਦ ਨੇ ਤੁਰੰਤ ਪੁਰਾਣੇ ਹਾਲਾਤ ਨੂੰ ਬਰਕਰਾਰ ਰੱਖਣ ਲਈ ਡਾ. ਜਿਤੇਂਦਰ ਸਿੰਘ ਨੂੰ ਮਾਮਲੇ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਤਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ-ਸਤਿਕਾਰ ਅਤੇ ਮਰਿਯਾਦਾ ਬਹਾਲ ਰਹਿ ਸਕੇ।ਦਿੱਲੀ ਕਮੇਟੀ ਵੱਲੋਂ ਸਬੰਧਿਤ ਥਾਂ ’ਤੇ ਸਟਾਫ਼ ਦੀ ਕਮੀ ਅਤੇ ਮੁਰਮੱਤ ਦੀ ਲੋੜ ਦਾ ਕਾਰਜ ਆਪਣੇ ਜਿੰਮੇ ਲੈਣ ਦਾ ਵੀ ਭਰੋਸਾ ਦਿੱਤਾ ਗਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply