ਦੋਵੇਂ ਸਰਕਾਰਾਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣ – ਸਖੀਰਾ, ਸੰਧੂ
ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੇ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਡੇਰਾ ਸਿਰਸਾ ਮੁੱਖੀ
ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਤੇ ਦਫਤਰ ਸਕੱਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਇਹ ਫੈਸਲਾ ਪਹਿਲਾਂ ਹੋ ਜਾਂਦਾ ਤਾਂ ਬਹੁਤ ਚੰਗਾ ਸੀ।ਪਾਰਟੀ ਦੇ ਮਾਝਾ ਜੋਨ ਦਫਤਰ ਸਖੀਰਾ ਟਾਵਰ ਖਾਲਸਾ ਕਾਲਜ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਵਿਸ਼ੇਸ਼ ਸੀ.ਬੀ.ਆਈ ਅਦਾਲਤ ਤੇ ਜੱਜ ਜਗਦੀਪ ਸਿੰਘ ਦਾ ਧੰਨਵਾਦ ਕਰਦਿਆਂ ਭਾਈ ਸਖੀਰਾ ਤੇ ਭਾਈ ਸੰਧੂ ਨੇ ਕਿਹਾ ਕਿ ਆਖਿਰਕਾਰ ਸਰਬੰਸਦਾਨੀ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਇੱਕ ਬਲਾਤਕਾਰੀ ਅਖੌਤੀ ਬਾਬੇ ਨੂੰ ਸਬੂਤਾਂ ਦੇ ਆਧਾਰ `ਤੇ ਦੋਸ਼ੀ ਠਹਿਰਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਦਾਲਤੀ ਫੈਸਲਾ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੇ ਗੁੰਡਾ ਪ੍ਰਵਿਰਤੀ ਚੇਲਿਆਂ ਵੱਲੋਂ ਕੀਤਾ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਵਿੱਚ ਡੇਰਾਵਾਦੀਆਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਹਾਸਲ ਰਹੀ ਹੈ।ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਵਿੱਚ ਹੋਏ ਸਰਕਾਰੀ ਤੇ ਗੈਰ ਸਰਕਾਰੀ ਜਾਨੀ ਤੇ ਮਾਲੀ ਨੁਕਸਾਨ ਦੇ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਭਾਈ ਸਖੀਰਾ ਤੇ ਭਾਈ ਸੰਧੂ ਨੇ ਗੁਰਮੀਤ ਰਾਮ ਰਹੀਮ ਦੀ ਗੈਰ ਸੰਵਿਧਾਨਿਕ ਜਾਇਦਾਦ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਜਬਤ ਕਰ ਲਏ ਜਾਣ ਦੇ ਫੈਸਲੇ ਦਾ ਵੀ ਸਵਾਗਤ ਕਰਦਿਆਂ ਸਿੱਖ ਪੰਥ ਨੂੰ ਸੰਯਮ ਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਸਿੱਖ ਗੁਰੂਧਾਮਾਂ ਦੀ ਰੱਖਵਾਲੀ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਡੇਰੇ ਨਾਲ ਜੁੜੇ ਸ਼ਰਾਰਤੀ ਅਨਸਰ ਕੋਈ ਹੁਲੜਬਾਜ਼ੀ ਕਰਕੇ ਸਿੱਖ ਕੌਮ ਨੂੰ ਬਦਨਾਮ ਨਾ ਕਰ ਸਕਣ।ਇਸ ਮੌਕੇ ਅਮਰੀਕ ਸਿੰਘ ਨੰਗਲ, ਸਤਨਾਮ ਸਿੰਘ ਕੋਟ ਖਾਲਸਾ, ਬਲਜਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਫਤਾਹਪੁਰ, ਸੁਰਮੱਖ ਸਿੰਘ ਸਖੀਰਾ, ਗੁਰਦੀਪ ਕੌਰ ਚੱਠਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media