ਬੀਬੀ ‘ਤੇ ਚੌਂਕੀ ਆਉਣ, ਬਿਮਾਰੀ ਜਾਂ ਮੁੰਡਾ ਹੋਣ ਦਾ ਇਲਾਜ ਕਰਨ ਦੇ ਲਾਏ ਦੋਸ਼ ਗਲਤ- ਮੋਹਤਬਰ
ਚੌਂਕ ਮਹਿਤਾ, 26 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਬੀਤੇਂ ਦਿਨੀਂ ਸਥਾਨਕ ਕਸਬਾ ਦੀ ਮਹਿਤਾ
ਵਿਖੇ ਬਾਬਾ ਵਡਭਾਗ ਸਿੰਘ ਨੂੰ ਪੂਜਣ ਵਾਲੀ ਬੀਬੀ ਹਰਜੀਤ ਕੌਰ ਖਿਲਾਫ ਕਾਰਵਾਈ ਕੀਤੀ ਸੀ।ਜਿਸ ਤੋਂ ਬਾਅਦ ਉਕਤ ਬੀਬੀ ਨੇ ਸਤਿਕਾਰ ਕਮੇਟੀ ਤੋਂ ਲਿਖਤੀ ਮੁਆਫੀ ਮੰਗੀ ਸੀ।ਪਰ ਹੁਣ ਬੀਬੀ ਹਰਜੀਤ ਕੌਰ ਨੇ ਸਤਿਕਾਰ ਕਮੇਟੀ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ ਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਹਲਫੀਆ ਬਿਆਨ ਰਾਹੀਂ ਆਪਣਾ ਪੱਖ ਰੱਖਦੇ ਹੋਏ ਹਰਜੀਤ ਕੌਰ ਪਤਨੀ ਸੂਰਤਾ ਸਿੰਘ ਵਾਸੀ ਚੌਂਕ ਮਹਿਤਾ ਨੇ ਕਿਹਾ ਕਿ ਉਹ ਡੇਰਾ ਬਾਬਾ ਵਡਭਾਗ ਸਿੰਘ ਨੂੰ ਮੰਨਦੀ ਹੈ ਤੇ ਆਪ ਗੁਰਬਾਣੀ ‘ਚ ਪੂਰਾ ਵਿਸ਼ਵਾਸ਼ ਰੱਖਦੀ ਹੈ ਤੇ ਉਸ ਦੇ ਘਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਹੈ।ਉਸ ਦੇ ਘਰ ‘ਚ ਬਾਬਾ ਵਡਭਾਗ ਸਿੰਘ ਤੋਂ ਇਲਾਵਾ ਹੋਰ ਕਈ ਗੁਰੂਆਂ ਦੀ ਫੋਟੋਆਂ ਲੱਗੀਆਂ ਹੋਈਆਂ ਹਨ।ਉਹ ਕਈ ਵਾਰ ਆਪਣੇ ਘਰ ਔਰਤਾਂ ਨਾਲ ਰਲ ਕੇ ਗੁਰਬਾਣੀ ਦਾ ਕੀਰਤਨ ਕਰਦੀ ਹੈ ਤੇ ਆਪਣੇ ਘਰ ਆਉਣ ਵਾਲੇ ਹਰ ਪ੍ਰਾਣੀ ਨੂੰ ਗੁਰਬਾਣੀ ਦਾ ਪਾਠ ਕਰਨ ਲਈ ਕਹਿੰਦੀ ਹੈ।ਇਸ ਲਈ ਉਹ ਕਿਸੇ ਤਰ੍ਹਾਂ ਦੇ ਵਹਿਮਾਂ ਭਰਮਾਂ ਨੂੰ ਫੈਲਾਉਣ ਵਾਲਾ ਕੰਮ ਨਹੀਂ ਕਰਦੀ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਫਾਂਡਾ ਕਰਦੀ ਹੈ, ਨਾ ਹੀ ਕਦੇ ਕਿਸੇ ਨੂੰ ਬਿਮਾਰੀ ਜਾਂ ਔਲਾਦ ਸਬੰਧੀ ਦਵਾਈ ਵਗੈਰਾ ਨਹੀਂ ਦਿੰਦੀ, ਨਾ ਹੀ ਕੋਈ ਪੁੱਛਣਾ ਵਗੈਰਾ ਕਰਦੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਚੌਂਕੀ ਵਗੈਰਾ ਆਉਂਦੀ ਹੈ।ਇਸ ਲਈ ਸਤਿਕਾਰ ਕਮੇਟੀ ਵੱਲੋਂ ਲਾਏ ਗਏ ਸਾਰੇ ਦੋਸ਼ ਸਰਾਸਰ ਗਲਤ ਹਨ।
ਬੀਬੀ ਹਰਜੀਤ ਕੌਰ ਨੇ ਸਤਿਕਾਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਮੁੱਛਲ ‘ਤੇ ਦੋਸ਼ ਲਾਉਂਦਿਆ ਕਿਹਾ ਕਿ ਉਕਤ ਆਗੂ ਆਪਣੇ ਨਾਲ 20-25 ਅਣਪਛਾਤੇ ਸਾਥੀਆਂ ਨੂੰ ਨਾਲ ਲੈ ਕੇ ਸਾਡੇ ਘਰ ਅੰਦਰ ਦਾਖਲ ਹੋ ਗਿਆ ਤੇ ਉਸ ਨਾਲ ਮਾੜਾ ਸਲੂਕ ਕਰਨ ਲੱਗ ਪਿਆ।ਘਰ ‘ਚ ਇਕੱਲ਼ੀ ਹੋਣ ਕਾਰਨ ਉਸ ‘ਤੇ ਦਬਾਅ ਪਾ ਕੇ ਧੱਕੇ ਨਾਲ ਮੁਆਫੀ ਮੰਗਵਾਉਣ ਲੱਗ ਪਏ ਤੇ ਕੁੱਝ ਖਾਲੀ ਕਾਗਜ਼ਾਂ ਉਪਰ ਦਸਤਖਤ ਵੀ ਕਰਵਾ ਲਏ ਤੇ ਜਾਣ ਲੱਗੇ ਘਰੋਂ ਢੋਲਕੀਆਂ, ਚਿਮਟਾ, ਟਕਸਾਲੀ ਕ੍ਰਿਪਾਨ, ਇੱਕ ਤੀਰ ਤੇ ਫੋਟੋਆਂ ਵਗੈਰਾ ਵੀ ਚੁੱਕ ਲੇ ਲੈ ਗਏ।ਇਸ ਤੋਂ ਇਲਾਵਾ ਉਸੇ ਉਪਰ ਨਸ਼ਾ ਵੇਚਣ ਦੇ ਲਾਏ ਗਏ ਦੋਸ਼ ਵੀ ਝੂਠੇ ਹਨ।
ਅਖੀਰ ‘ਚ ਬੀਬੀ ਹਰਜੀਤ ਕੌਰ ਨੇ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਤੇ ਉਸ ਦੇ ਸਾਥੀਆ ਉੱਪਰ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰੇਕ ਇਨਸਾਨ ਨੂੰ ਆਪਣੇ ਤਰੀਕੇ ਨਾਲ ਪ੍ਰਮਾਤਮ ਨੂੰ ਮੰਨਣ ਦਾ ਪੂਰਾ ਅਧਿਕਾਰ ਹੈ ਤੇ ਕੋਈ ਵੀ ਵਿਅਕਤੀ ਕਸੇ ਵੀ ਧਰਮ ਨੂੰ ਮੰਨ ਸਕਦਾ ਹੈ।ਕੋਈ ਵੀ ਵਿਅਕਤੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪੁੰਹਚਾ ਸਕਦਾ, ਪਰ ਸਤਿਕਾਰ ਕਮੇਟੀ ਨੇ ਅਜਿਹਾ ਕਰਕੇ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਸ਼ਰੇਆਮ ਸਮਾਜ ‘ਚ ਜ਼ਲੀਲ ਕੀਤਾ ਹੈ।
ਇਸ ਸਾਰੇ ਮਾਮਲੇ ਨੂੰ ਪੀੜਤ ਬੀਬੀ ਵੱਲੋਂ ਸਥਾਨਕ ਗ੍ਰਾਮ ਪੰਚਾਇਤ ਮਹਿਤਾ ਦੇ ਧਿਆਨ ‘ਚ ਵੀ ਲਿਆਂਦਾ ਗਿਆ,ਜਿਸ ਤੋਂ ਬਾਅਦ ਸਰਪੰਚ ਆਜ਼ਾਦ ਸਿੰਘ, ਜਥੇ: ਹਰਦਿਆਲ ਸਿੰਘ, ਨੰਬਰਦਾਰ ਲਾਡੀ ਤੇ ਰਾਜਬੀਰ ਸਿੰਘ ਨੇ ਪੰਚਾਇਤ ਕੋਲੋ ਇਨਸਾਫ ਦਿਵਾਉਣ ਦੀ ਮੰਗ ਕੀਤੀ ਬੀਬੀ ਹਰਜੀਤ ਕੌਰ ਡੇਰਾ ਬਾਬਾ ਵਡਭਾਗ ਸਿੰਘ ਦੀ ਪਕੀ ਸ਼ਰਧਾਲੂ ਹੈ ਤੇ ਡੇਰਾ ਨੂੰ ਬਹੁਤ ਮੰਨਦੀ ਹੈ।ਪਰ ਬੀਬੀ ‘ਤੇ ਲਾਏ ਗਏ ਇਹ ਦੋਸ਼ ਕਿ ਇਹ ਘਰ ‘ਚ ਬਾਬਾ ਦੀਪ ਸਿੰਘ ਦੀ ਚੌਂਕੀ ਦਿੰਦੀ ਹੈ, ਸਰਾਸਰ ਗਲਤ ਹਨ।ਇਸ ਤੋਂ ਇਲਾਵਾ ਨਾ ਹੀ ਬੀਬੀ ਕਿਸੇ ਨੂੰ ਮੁੰਡਾ ਹੋਣ ਦੀ ਦਵਾਈ ਦਿੰਦੀ ਹੈ ਤੇ ਨਾ ਹੀ ਕਿਸੇ ਦੀ ਬਿਮਾਰੀ ਦਾ ਇਲਾਜ ਕਰਦੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਬੀ ਦੇ ਘਰ ‘ਚ ਜੋ ਸਾਮਾਨ ਚੁੱਕ ਕੇ ਖੜਿਆ ਗਿਆ ਹੈ, ਉਹ ਗਲਤ ਹੈ ਤੇ ਸਾਰਾ ਸਾਮਾਨ ਬੀਬੀ ਨੂੰ ਵਾਪਸ ਕੀਤਾ ਜਾਵੇ।
ਇਸ ਸਬੰਧੀ ਜਦ ਭਾਈ ਬਲਬੀਰ ਸਿੰਘ ਮੁੱਛਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਸਥਾਨਕ ਪੁਲਿਸ ‘ਤੇ ਪ੍ਰੈਸ ਦੀ ਮੌਜੂਦਗੀ ‘ਚ ਕੀਤੀ ਗਈ ਹੈ।ਇਸ ਕਾਰਵਾਈ ਦੌਰਾਨ ਬੀਬੀ ਨਾਲ ਕੋਈ ਬੁਰਾ ਵਿਵਹਾਰ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਬਦਸਲੂਕੀ ਕੀਤੀ ਗਈ ਹੈ।ਇਹ ਬੀਬੀ ਆਪਣੇ ਘਰ ਗੱਦੀ ਲਾ ਕੇ ਪੁਛਣਾ ਦੇਣ ਤੇ ਫਾਂਡੇ ਨਾਲ ਲਾਇਲਾਜ ਬਿਮਾਰੀਆਂ ਠੀਕ ਕਰਨ ਦਾ ਕੰਮ ਕਰਦੀ ਸੀ, ਜਿਸ ਦੀ ਬਕਾਇਦਾ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਹੈ।ਉਨਾਂ ਕਿਹਾ ਕਿ ਇਸ ਸਾਰੀ ਕਾਰਵਾਈ ਦੀ ਬਕਾਇਦਾ ਵੀਡਿਓਗ੍ਰਾਫੀ ਕੀਤੀ ਗਈ ਹੈ।ਭਾਈ ਮੁੱਛਲ਼ ਨੇ ਕਿਹਾ ਕਿ ਉ ਹਰ ਧਰਮ ਦਾ ਪੂਰਾ ਸਤਿਕਾਰ ਕਰਦੇ ਹਨ, ਪਰ ਧਰਮ ਦੇ ਨਾਂ ‘ਤੇ ਕੀਤੇ ਅਜਿਹੇ ਪਾਖੰਡ ਤੇ ਲੋਟੂ ਦੁਕਾਨਦਾਰੀਆਂ ਕਿਸੇ ਕੀਮਤ ‘ਤੇ ਨਹੀਂ ਚੱਲਣ ਦਿੱਤੀਆਂ ਜਾਣਗੀਆਂ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media