ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ ਬਿਊਰੋ) – ਸਥਾਨਕ ਢਪੱਈ ਰੋਡ ਸਥਿਤ ਛੋਟਾ ਹਰੀ ਪੁਰਾ ਇਲਾਕੇ ਵਿੱਚ ਮਾਮੂਲੀ ਗੱਲ ਤੋਂ ਹੋਏ ਝਗੜੇ ਦੋਰਾਨ ਕਾਫੀ ਗਿਣਤੀ `ਚ ਵਿਅਕਤੀਆਂ ਵਲੋਂ ਬੀਤੀ ਸ਼ਾਮ ਇੱਕ ਨੌਜਵਾਨ `ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ ਗਿਆ।ਜਿਸ ਦੀ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਬਾਅਦ ਵਿੱਚ ਮੌਤ ਹੋ ਗਈ, ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ।ਮਿਲੀ ਸੂਚਨਾ ਅਨੁਸਾਰ ਕੋਟ ਖਾਲਸਾ ਦੀ ਪੁਲਿਸ ਵਲੋਂ ਸ਼ੱਕੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲ਼ਿਆ ਗਿਆ ਹੈ।ਪੁਲਿਸ ਅਨੁਸਾਰ ਮ੍ਰਿਤਕ ਪਵਨ ਕੁਮਾਰ ਕੱਪੜੇ ਸਿਊਣ ਦਾ ਕੰਮ ਕਰਦਾ ਸੀ ਅਤੇ 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।ਮ੍ਰਿਤਕ ਪਵਨ ਕੁਮਾਰ ਦੇ ਭਰਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਦੋਸ਼ੀਆਂ ਦਾ ਉਸ ਦੇ ਚਚੇਰੇ ਭਰਾ ਹੈਪੀ ਨਾਲ ਕੋਈ ਝਗੜਾ ਸੀ ਅਤੇ ਕੁੱਝ ਦਿਨ ਪਹਿਲਾਂ ਹੈਪੀ ਅਤੇ ਪਵਨ ਕੁਮਾਰ ਝਗੜਾ ਮੁਕਾਉਣ ਲਈ ਕਥਿਤ ਦੋਸ਼ੀਆਂ ਨੂੰ ਮਿਲਣ ਗਏ ਸਨ।ਪਰ ਉਕਤ ਵਿਅਕਤੀਆਂ ਨੇ ਉਸ ਸਮੇਂ ਉਨਾਂ ਨੂੰ ਗਾਲ ਕੱਢੀਆਂ, ਲੇਕਿਨ ਮੁਹੱਲੇ ਦੇ ਸਿਆਣਿਆਂ ਦੇ ਦਖਲ ਨਾਲ ਉਨਾਂ ਦਾ ਸਮਝੋਤਾ ਕਰਵਾ ਦਿੱਤਾ ਗਿਆ।
ਅਜੇ ਨੇ ਦੱਸਿਆ ਕਿ ਇਸ ਦੇ ਬਾਵਜ਼ੂਦ ਵੀ ਦੋਸ਼ੀਆਂ ਨੇ ਪਵਨ ਤੇ ਹੈਪੀ ਦੇ ਖਿਲਾਫ ਰੰਜ਼ਿਸ਼ ਰੱਖੀ ਅਤੇ ਕੱਲ ਜਦ ਪਵਨ ਆਪਣੇ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਉਹਨਾਂ ਕਥਿਤ ਦੋਸ਼ੀਆਂ ਨੇ ਰੰਜ਼ਿਸ਼ ਤਹਿਤ ਪਵਨ ਨੂੰ ਚਾਰੇ ਪਾਸਿਓਂ ਘੇਰ ਕੇ ਉਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ।ਇਸੇ ਦੌਰਾਨ ਉਨਾ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਫੱਟੜ ਕਰ ਦਿੱਤਾ।ਜਦ ਪਵਨ ਨੇ ਰੌਲਾ ਪਾਇਆ ਤਾਂ ਉਸ ਉਸ ਦੀ ਪਤਨੀ ਤੇ ਭਰਾ ਘਰੋਂ ਬਾਹਰ ਆਏ ਤੇ ਪਵਨ ਨੂੰ ਗੰਭੀਰ ਹਾਲਤ `ਚ ਹਸਪਤਾਲ ਦਾਖਲ ਕਰਵਾ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ।ਇਸ ਮਾਮਲੇ ਦੀ ਜਾਂਚ ਕਰ ਰਹੇ ਕੋਟ ਖਾਲਸਾ ਪੁਲਿਸ ਦੇ ਅਧਿਕਾਰੀ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਹੁਲ, ਉਸ ਦੇ ਭਰਾ ਸਾਜਨ ਅਤੇ ਕਈ ਹੋਰ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲ਼ਿਆ ਗਿਆ ਹੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁੁਲਿਸ ਪਾਰਟੀਆਂ ਵਲੋਂ ਛਾਪੇਮਾਰੀ ਅਰੰਭ ਕਰ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media